(ਸਮਾਜ ਵੀਕਲੀ)
ਭਾਵੇਂ ਸੰਵਿਧਾਨ ਮੁਤਾਬਕ ਬਾਲ ਮਜ਼ਦੂਰੀ ਸਬੰਧੀ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕਿਸੇ ਕਾਰਖਾਨੇ ਜਾਂ ਕਿਸੇ ਖ਼ਤਰਨਾਕ ਫੈਕਟਰੀ ਵਿੱਚ ਕੰਮ ਕਰਨ ਤੇ ਪਾਬੰਦੀ ਹੈ। ਫਿਰ ਵੀ ਬਾਲ ਮਜ਼ਦੂਰੀ ਤੇ ਕਾਬੂ ਨਹੀਂ ਪਾਇਆ ਗਿਆ ਹੈ। ਆਮ ਤੌਰ ਤੇ ਛੋਟੇ ਬੱਚੇ ਢਾਬਿਆਂ ਤੇ ਕੰਮ ਕਰਨ, ਘਰਾਂ ਵਿੱਚ ਸਾਫ਼ ਸਫ਼ਾਈ, ਵਾਹਨਾਂ ਦੀ ਮੁਰੰਮਤ ਕਰਦੇ ਆਮ ਦੇਖੇ ਜਾਂ ਸਕਦੇ ਹਨ। ਕਈ ਫੈਕਟਰੀਆਂ ਵਿੱਚ ਵੀ ਅਜਿਹੇ ਬੱਚੇ ਮਜਦੂਰੀ ਕਰਦੇ ਹਨ। ਫੈਕਟਰੀਆਂ ਮਾਲਕ ਅਜਿਹੇ ਬੱਚਿਆਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦੇ ਹਨ। ਉਹਨਾਂ ਨੂੰ ਪੈਸੇ ਵੀ ਬਹੁਤ ਘੱਟ ਦਿੰਦੇ ਹਨ।
ਜਿਹੜੇ ਬੱਚਿਆਂ ਦੀ ਸਕੂਲ ਜਾਣ ਦੀ ਉਮਰ, ਖੇਡਣ ਦੀ ਉਮਰ , ਇੱਛਾਵਾਂ, ਸੱਧਰਾਂ, ਉਨ੍ਹਾਂ ਨੂੰ ਗਰੀਬੀ ਕਾਰਨ ਫੈਕਟਰੀਆਂ ਵਿੱਚ ਲੋੜ ਤੋਂ ਵੱਧ ਕੰਮ ਕਰਨਾ ਪੈਂਦਾ ਹੈ। ਜੇ ਅਜਿਹੇ ਵਿਚ ਬੱਚਿਆਂ ਕੋਲੋਂ ਕੋਈ ਗਲਤੀ ਵੀ ਹੋ ਜਾਵੇ ਤਾਂ ਉਨ੍ਹਾਂ ਨੂੰ ਕੁੱਟਿਆ ਵੀ ਜਾਂਦਾ ਹੈ। ਬੱਚਿਆਂ ਦਾ ਹਰ ਪੱਖੋਂ ਸ਼ੋਸ਼ਣ ਹੁੰਦਾ ਹੈ ।ਫੈਕਟਰੀ ਮਾਲਕਾਂ ਨੂੰ ਪਤਾ ਹੈ ਕਿ ਇਹ ਫੈਕਟਰੀ ਖ਼ਿਲਾਫ਼ ਧਰਨਾ ਨਹੀਂ ਦੇ ਸਕਦੇ। ਹਾਲਾਂਕਿ ਗਰੀਬ ਬੱਚਿਆਂ ਲਈ ਸਕੂਲਾਂ ਵਿੱਚ ਮਿਡ ਡੇ ਮੀਲ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਸਕੂਲਾਂ ਵਿੱਚ ਬੱਚਿਆਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਉਹ ਪੜ੍ਹ ਲਿਖ ਜਾਣ । ਪਰ ਅਜਿਹੀਆਂ ਸਹੂਲਤਾਂ ਦਾ ਲਾਭ ਗਿਣਤੀ ਦੇ ਲੋਕ ਹੀ ਲੈ ਰਹੇ ਹਨ। ਅੱਜ ਦੇਸ਼ ਦੇ ਹਰ ਸੂਬੇ ਵਿੱਚ ਬਾਲ ਮਜ਼ਦੂਰੀ ਦੇ ਖ਼ਾਤਮੇ ਲਈ ਕਾਨੂੰਨ ਬਣੇ ਹਨ, ਪਰ ਲਾਗੂ ਨਹੀਂ ਹੁੰਦੇ। ਅੱਜ ਅਸਲੀਅਤ ਇਹ ਹੈ ਕਿ ਸਕੂਲੀ ਉਮਰ ਦੇ ਬਹੁਤ ਸਾਰੇ ਬੱਚੇ ਜੋਖ਼ਮ ਭਰਿਆ ਕੰਮ ਕਰ ਰਹੇ ਹਨ। ਅੱਜ ਸਰਕਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਕਿ ਅਜਿਹੇ ਬੱਚੇ ਖ਼ਤਰਨਾਕ ਮਾਹੌਲ ਵਿਚ ਕੋਈ ਕੰਮ ਨਾ ਕਰਨ।ਸੋ ਬਾਲ ਮਜ਼ਦੂਰੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਸੰਜੀਵ ਸਿੰਘ ਸੈਣੀ, ਮੋਹਾਲੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly