(ਸਮਾਜ ਵੀਕਲੀ)
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮੁਗਲ ਹਕੂਮਤ ਦੀ ਤਾਨਾਸ਼ਾਹੀ, ਧਾਰਮਿਕ ਕੱਟੜਵਾਦ ਅਤੇ ਆਮ ਲੋਕਾਂ ਉੱਤੇ ਅੱਤਿਆਚਾਰ ਕਰਨ ਵਾਲੇ ਸ਼ਾਸਨ ਖ਼ਿਲਾਫ਼ ਸੀ। ਅਗਰ ਉਸ ਵੇਲੇ ਜ਼ੁਲਮ ਖ਼ਿਲਾਫ਼ ਲੜਨ ਵਾਲੇ ਗੁਰੂ ਅਰਜਨ ਦੇਵ ਜੀ ਵਰਗੇ ਈਨ ਮੰਨ ਲੈਂਦੇ ਤਾਂ ਸਮੇਂ ਦੀ ਹਕੂਮਤਾ ਖਿਲਾਫ ਬਗਾਵਤੀ ਸੁਰਾਂ ਦਾ ਉਠਣਾ ਨਾ ਮੁਮਕਿਨ ਸੀ ਜਦੋਂ ਸ੍ਰੀ ਗੁਰੂ ਅਰਜਨ ਜੀ ਦਾ ਜਨਮ ਚੌਥੇ ਗੁਰੂ ਰਾਮਦਾਸ ਅਤੇ ਬੀਬੀ ਭਾਨੀ ਦੇ ਘਰ 19 ਵੈਸਾਖ, ਸੰਮਤ 1620 (15 ਅਪ੍ਰੈਲ, 1563) ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ਤਾਂ ਉਸ ਵੇਲੇ ਮੁਗ਼ਲ ਹਕੂਮਤਾ ਦੀ ਧਾਰਮਿਕ ਕੱਟੜਵਾਦੀ ਸੋਚ ਅਤੇ ਜ਼ੁਲਮ ਸਿਖਰਾਂ ਤੇ ਸੀ।
ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਗੁਰੂ ਅਮਰਦਾਸ ਦੀ ਦੇਖ-ਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਕੋਲੋਂ, ਗਣਿਤ ਵਿੱਦਿਆ ਮਾਮਾ ਮੋਹਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ। ਗੁਰੂ ਅਰਜਨ ਦੇਵ ਜੀ ਦਾ ਵਿਆਹ 23 ਹਾੜ ਸੰਮਤ 1636 ਨੂੰ ਫਿਲੌਰ ਤਹਿਸੀਲ ਦੇ ਵਸਨੀਕ ਸ੍ਰੀ ਕਿਸ਼ਨ ਚੰਦ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ। ਵਿਆਹ ਸਮੇਂ ਉਹਨਾਂ ਦੀ ਉਮਰ ਲਗਭਗ 16 ਸਾਲ ਸੀ। 21 ਹਾੜ ਸੰਮਤ 1652 ਨੂੰ ਮਾਤਾ ਗੰਗਾ ਜੀ ਦੀ ਕੁੱਖੋਂ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ।ਗੁਰੂ ਰਾਮਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਬਾ ਬੁੱਢਾ ਜੀ ਹੱਥੋਂ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਗੱਦੀ ਬਖ਼ਸਾ ਦਿੱਤੀ ਗਈ ਸੀ। ਗੁਰਿਆਈ ਮਿਲਣ ਸਮੇਂ ਗੁਰੂ ਅਰਜਨ ਦੇਵ ਜੀ ਦੀ ਉਮਰ ਲੱਗਭੱਗ 18 ਸਾਲ ਦੀ ਸੀ।
ਗੁਰਿਆਈ ਮਿਲਣ ਤੋਂ ਬਾਅਦ 3 ਜਨਵਰੀ 1588 ਨੂੰ ਮਾਘੀ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਨੇ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਕੋਲੋਂ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ। 1593 ਵਿਚ ਗੁਰੂ ਸਾਹਿਬ ਨੇ ਮਾਤਾ ਗੰਗਾ ਜੀ ਦੇ ਨਾਂਅ ‘ਤੇ ਜਲੰਧਰ ਵਿਖੇ ਖੂਹ ਵੀ ਲਗਵਾਇਆ। ਗੁਰੂ ਸਾਹਿਬ ਨੇ ਅਪਣੇ ਗੁਰਗੱਦੀ ਕਾਲ ਵਿਚ ਸਭ ਤੋਂ ਮਹੱਤਵਪੂਰਨ ਕੰਮ ਗੁਰੂ ਸਾਹਿਬਾਨਾਂ ਅਤੇ ਭਗਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕੀਤਾ। ਇਹ ਮਹਾਨ ਕਾਰਜ ਗੁਰੂ ਸਾਹਿਬ ਨੇ ਸ੍ਰੀ ਰਾਮਸਰ ਸਾਹਿਬ (ਅੰਮ੍ਰਿਤਸਰ) ਵਿਖੇ ਕੀਤਾ। ਗੁਰੂ ਸਾਹਿਬ ਨੇ 1601 ਤੋਂ ਲੈ ਕੇ 1604 ਤੱਕ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਜਿਸ ਵਿਚ 36 ਮਹਾਂਪੁਰਸ਼ਾਂ ਦੀ ਬਾਣੀ ਦਰਜ ਕੀਤੀ । 30 ਅਗਸਤ 1604 ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਜੀ ਨੂੰ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਥਾਪਿਆ ਗਿਆ।
ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਮੁਗਲ ਉਲਮਾਵਾਂ ਅਤੇ ਕਾਜ਼ੀਆਂ ਨੇ ਕਬੂਲਣਾ ਸ਼ੁਰੂ ਕੀਤਾ ਤਾਂ ਮੁਗਲ ਸ਼ਾਸਕਾਂ ਅਤੇ ਮੁਗਲ ਕੱਟੜਪੰਥੀਆ ਨੂੰ ਆਪਣੇ ਧਰਮ ਦੀ ਬਰਾਬਰੀ ਬਰਦਾਸ਼ਤ ਨਹੀਂ ਹੋਈ। ਜਿਸ ਵੇਲੇ ਅਕਬਰ ਦਾ ਪੁੱਤਰ ਜਹਾਂਗੀਰ ਤਖ਼ਤ ’ਤੇ ਬੈਠਾ ਤਾਂ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਉਸ ਦੇ ਕੰਨ ਭਰਨੇ ਸ਼ੁਰੂ ਕੀਤੇ। ਇਸ ਕੰਮ ਵਿੱਚ ਚੰਦੂ ਦੀ ਈਰਖਾ ਨੇ ਵੀ ਬਹੁਤ ਜ਼ਿਆਦਾ ਰੋਲ ਅਦਾ ਕੀਤਾ। ਜਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਕਿਹਾ ਕਿ ਗੁਰੂ ਸਾਹਿਬ ਦਾ ਮਾਲ ਅਸਬਾਬ ਜ਼ਬਤ ਕਰਕੇ ਉਨ੍ਹਾਂ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਜ਼ਰਤ ਮੁਹੰਮਦ ਦੀ ਖੁਸ਼ਾਮਦ ਦੇ ਸ਼ਬਦ ਦਰਜ ਕਰਨ ਲਈ ਕਿਹਾ, ਜਿਸ ’ਤੇ ਗੁਰੂ ਸਾਹਿਬ ਨੇ ਸਾਫ ਇਨਕਾਰ ਕਰ ਦਿੱਤਾ।
ਇੱਕ ਪਾਸੇ ਚੰਦੂ ਦੀ ਈਰਖਾ ਸੀ ਕਿ ਉਸ ਦੀ ਲੜਕੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਰਨ ਤੋਂ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਸੀ, ਅਖੀਰ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਗਿਆ, ਇਸ ਕੰਮ ਲਈ ਖਾਸ ਤੌਰ ’ਤੇ ਨਿਰਦਈ ਚੰਦੂ ਨੂੰ ਲਗਾਇਆ ਗਿਆ। ਗੁਰੂ ਸਾਹਿਬ ਨੂੰ ਤੱਤੀ ਤਵੀ ’ਤੇ ਬਿਠਾ ਕੇ ਸੀਸ ’ਤੇ ਤੱਤੀ ਰੇਤ ਪਾਈ ਗਈ ਅਤੇ ਬਾਅਦ ਵਿੱਚ ਉਬਲਦੇ ਪਾਣੀ ਦੀ ਦੇਗ ਵਿੱਚ ਪਾਇਆ ਗਿਆ। ਪਰ ਗੁਰੂ ਸਾਹਿਬ ਨੇ ‘ਤੇਰਾ ਕੀਆ ਮੀਠਾ ਲਾਗੇ ‘ ਦੀ ਧੁਨੀ ਜਾਰੀ ਰੱਖੀ ਅੰਤ 16 ਮਈ, 1606 ਨੂੰ ਛੇਵੇਂ ਦਿਨ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਰਾਵੀ ਦਰਿਆ ਦੇ ਕਿਨਾਰੇ ਲਿਜਾਇਆ ਗਿਆ ਅਤੇ ਰਾਵੀ ਦਰਿਆ ਵਿੱਚ ਰੋੜ੍ਹਿਆ ਗਿਆ। ਅੱਜਕਲ੍ਹ ਉਹ ਜਗ੍ਹਾ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਜੋ ਕਿ ਅੱਜਕਲ੍ਹ ਪਾਕਿਸਤਾਨ ਵਿੱਚ ਹੈ।
ਕੁਲਦੀਪ ਸਿੰਘ ਸਾਹਿਲ
941799004
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly