(ਸਮਾਜ ਵੀਕਲੀ)
ਆਮ ਤੌਰ ਤੇ ਅਸੀਂ ਆਪਣੀ ਤੁਲਨਾ ਜਾਨਵਰਾਂ ਜਾਂ ਪੰਛੀਆਂ ਨਾਲ ਕਰਦੇ ਹਾਂ, ਪਰ ਅੱਜ ਦਾ ਇਨਸਾਨ ਜਾਨਵਰਾਂ ਤੋਂ ਵੀ ਬਦਤਰ ਹੋ ਗਿਆ ਏ।ਇਨਸਾਨ ਸਾਰੀ ਸ੍ਰਿਸ਼ਟੀ ਦਾ ਸਰਬਨਾਸ ਆਪਣੇ ਹਥੀਂ ਕਰਨ ਤੇ ਤੁਲਿਆ ਹੋਇਆ ਹੈ। ਪਿਛਲੇ ਤਿੰਨ ਚਾਰ ਸੌ ਸਾਲ ਵਿਚ ਸਾਇਂਸ ਨੇ ਬੇਸ਼ੁਮਾਰ ਤਰੱਕੀ ਕੀਤੀ ਹੈ ਜਿੱਥੇ ਸਾਇਂਸ ਦਾ ਲਾਭ ਹੋਇਆ ਹੈ, ਉਥੇ ਨੁਕਸਾਨ ਵੀ ਘੱਟ ਨਹੀਂ ਹੋਇਆ।ਇਨਸਾਨ ਸਾਰੇ ਹੀ ਕੰਮ ਆਪਣੀ ਸੌਖ ਵਾਸਤੇ ਕਰਦਾ ਹੈ ਪਰ ਇਸਦਾ ਅਸਰ ਉਲਟਾ ਪੈ ਰਿਹਾ ਹੈ । ਫੈਕਟਰੀਆਂ ਅਤੇ ਕਾਰਾਂ ਦਾ ਧੂਆਂ, ਅਤੇ ਅਨੇਕ ਪਰਕਾਰ ਦੀਆਂ ਗੈਸਾਂ ਨਾਲ ਵਧ ਰਹੇ ਪ੍ਰਦੂਸ਼ਣ ਇਹ ਸਬ ਗਲੋੋਬਲ ਵਾਰਮਿੰਗ ਵਧਾਉਣ ਵਿਚ ਸਹਾਇਕ ਹੋ ਰਹੇ ਹਨ ਇਸ ਕਰਕੇ ਸਾਰੇ ਸੰਸਾਰ ਵਿਚ ਮੋਸਮ ਵਿਚ ਅੰਤਾ ਦੀ ਤਬਦੀਲੀ ਆਈ ਹੈ। ਜਿਨ੍ਹਾਂ ਦੇਸ਼ਾਂ ਵਿਚ ਪਹਿਲਾਂ ਗਰਮੀ ਪੈਂਦੀ ਸੀ, ਉਥੇ ਠੰਡ ਪੈ ਰਹੀ ਏ ਅਤੇ ਉਸਦੇ ਉਲਟ ਜਿੱਥੇ ਠੰਡ ਪੈਂਦੀ ਸੀ ਉਥੇ ਗਰਮੀ ਪੈਣ ਲੱਗ ਗਈ ਹੈ।ਕੁਦਰਤ ਤਾਂ ਭੁਚਾਲ, ਮੀਂਹ, ਹਨੇਰੀ,ਝੱਖੜ ਲਿਆਕੇ ਤਬਾਹੀ ਮਚਾਉਂਦੀ ਹੀ ਹੈ ਪਰ ਅੱਜ ਦਾ ਇਨਸਾਨ ਵੀ ਘੱਟ ਨਹੀਂ।ਹਰ ਜਗ੍ਹਾਂ ਤੇ ਲੜਾਈਆਂ, ਝਗੜੇ,ਕਤਲੋ-ਗਾਰਤ,ਚੋਰੀ ਠੱਗੀ ਰਿਸ਼ਵਤਖੋਰੀ,ਜਬਰਜਨਹਾ,ਬੇਈਮਾਨੀ ਅਤੇ ਹਰ ਤਰ੍ਹਾ ਦੇ ਘੁਟਾਲੇ ਬੰਬ ਧਮਾਕੇ ਇਹ ਸਭ ਤਬਾਹੀ ਦੀਆਂ ਨਿਸ਼ਾਨੀਆਂ ਹੀ ਤਾਂ ਹਨ।
ਗੱਲ ਮੈਂ ਸਾਡੀ ਜਾਨਵਰਾਂ,ਅਤੇ ਪੰਛੀਆਂ ਦੇ ਨਾਲ ਤੁਲਨਾ ਦੀ ਕਰ ਰਿਹਾ ਸੀ ਪਰ ਮੈਂ ਗੱਲ ਕਿਸੇ ਹੋਰ ਪਾਸੇ ਲੇ ਗਿਆ। ਲਉ ਫੇਰ ਸੁਣੋ ਅਸੀਂ ਆਪਣੀ ਤੁਲਨਾ ਜਾਨਵਰਾਂ ਅਤੇ ਪੰਛੀਆਂ ਨਾਲ ਕਿਸ ਤਰ੍ਹਾਂ ਕਰਦੇ ਹਾਂ। ਕਿਸੇ ਕੁੜੀ ਦੀਆਂ ਸੋਹਣੀਆਂ ਅੱਖਾਂ ਤੱਕ ਕੇ ਆਪ ਮੁਹਾਰੇ ਹੀ ਮੂਹੋਂ ਨਿਕਲ ਜਾਂਦਾ ਹੈ “ਲੈ ਬਈ ਕੁੜੀ ਦੀਆਂ ਅੱਖਾ ਤਾਂ ਹਿਰਨੀ ਵਰਗੀਆਂ ਹਨ।” ਜੇ ਕਿਸੇ ਨੂੰ ਕੁੜੀ ਦੀ ਚਾਲ ਪਸੰਦ ਆ ਜਾਵੇ ਤਾਂ ਕਹਿਣਗੇ,”ਮੋਰਨੀ ਵਰਗੀ ਚਾਲ ਏ ਬਈ ਕੁੜੀ ਦੀ।”ਸੋਹਣਾ ਗਾਉਣ ਵਲੀ ਕੁੜੀ ਦੀ ਤੁਲਨਾ ਅਸੀਂ ਕੋਇਲ ਨਾਲ ਕਰਦੇ ਹਾਂ, ਤੇ ਕਹਿ ੳੁੱਠਦੇ ਹਾਂ । “
ਲੈ ਬਈ ਕੁੜੀ ਦੀ ਆਵਾਜ ਤਾਂ ਕੋਇਲ ਵਰਗੀ ਏ।” ਤੇ ਸਾਊ ਕੁੜੀ ਨਾਲ ਗੱਲ ਬਾਤ ਕਰਨ ਤੋਂ ਬਾਅਦ ਆਪ ਹੀ ਕਹਿ ਹੋ ਜਾਂਦਾ ਏ। ਕੁੜੀ ਤਾ ਬਈ ਨਿਰੀ ਗਊ ਏ ਗਊ ਇੰਨੀ ਸਾਊ।” ਰੱਫੜ ਤਾਂ ਉਦੋਂ ਪਵੇਗਾ ਜਦੋਂ ਕਿਸੇ ਨੇ ਇੰਗਲੈਂਡ ਵਿਚ ਰਹਿੰਦੀ ਕੁੜੀ ਨੂੰ ਗਊ ਕਹਿ ਦਿੱਤਾ ਫੇਰ ਤਾਂ ਗਾਂਲ੍ਹ ਹੀ ਹੋ ਜਾਵੇਗੀ ਅਤੇ ਛਿੱਤਰਾਂ ਦੀ ਸੇਵਾ ਅੱਡ ਹੋ ਜਾਵੇਗੀ ਕਿਉਂਕਿ ਇੰਗਲੈਂਡ ਵਿਚ ਕੁੜੀ ਨੂੰ ਅਕਸਰ ਲੋਕ ਕਹਿ ਦਿੰਦੇ ਹਨ ਸਿੱਲੀ ਕਾਉ । ਮੂਰਖ਼ ਬੰਦੇ ਨਾਲ ਵਾਹ ਪੇ ਜਾਵੇ ਤਾਂ ਕਹੀਦਾ ਏ। “ਨਿਰਾ ਉੱੱਲੂ ਏ ਉੱਲੂ, ਕੱਖ ਨਹੀਂ ਆਉਂਦਾ,ਜਾਂ ਫੇਰ ਕਹਿਣਗੇ ਨਿਰਾ ਗਧਾ ਏ ਗਧਾ, ਜਿੰਨਾ ਮਰਜੀ ਸਮਝਾ ਲਉ ਕੁਝ ਪੱਲੇ ਨਹੀਂ ਪੈਂਦਾ।” ਫੇਰ ਕਈ ਕਹਿਣਗੇ, “ਕਿਉਂ ਕਾਂ,ਕਾਂ ਲਾਈ ਏ, ਜਾਂ ਫੇਰ ਕਹਿਣਗੇ, ਸੋਹਰਾ ਕੁੱਤੇ ਵਾਗ ਭੌਂਕੀ ਜਾਂਦਾ ਏ।” ਜੇ ਕੋਈ ਕਿਸੇ ਦਾ ਖਹਿੜਾ ਹੀ ਨਾਂ ਛੱਡੇ ਤਾਂ ਆਪੇ ਹੀ ਕਹਿ ਹੋ ਜਾਂਦਾ ਏ। “ਨਿਰਾ ਚਿਚੱੜ ਏ ਚਿੱਚੜ,ਚਿੰੰਬੜਿਆ ਹੀ ਪਿਆ ਏ ਜਾਂਦਾ ਹੀ ਨਹੀਂ ।”
ਅਸੀਂ ਆਪਣੇ ਬਹਾਦਰ ਪੁੱਤ ਦੀ ਤੁਲਨਾ ਸ਼ੇਰ ਨਾਲ ਕਰਦੇ ਹਾਂ ਤੇ ਕਹਿ ਦਿੰਦੇ ਹਾਂ, “ਇਹ ਤਾਂ ਮੇਰਾ ਸ਼ੇਰ ਪੁੱਤ ਏ।” ਅਤੇ ਜੇ ਕੋਈ ਡਰਾਕਲ ਜਿਹਾ ਬੰਦਾ ਹੋਵੇ ਤਾਂ ਅਸੀਂ ਉਸਦੀ ਤੁਲਨਾ ਭੇਡ ਨਾਲ ਕਰਦੇ ਹਾਂ ਅਤੇ ਸਾਥੋਂ ਕਹਿ ਹੋ ਜਾਦਾ ਏ। “ਇਹ ਤਾਂ ਨਿਰੀ ਭੇਡ ਏ ਭੇਡ।” ਅਤੇ ਕਈ ਵਾਰੀ ਅਸੀਂ ਭੇਡ ਨੂੰ ਭੇਡ ਚਾਲ ਵਜੋਂ ਵੀ ਵਰਤਦੇ ਹਾਂ।ਜਿਵੇਂ ਪਿੱਛੇ ਜਿਹੇ ਕਾਗਰਸ ਪਾਰਟੀ ਦੀ ਪਰਧਾਨ ਸੋਨੀਆਂ ਗਾਂਧੀ ਨੇ ਦੋ ਜੋਬਾਂ ਚੋਂ ਇਕ ਤੋਂ ਅਸਤੀਫ਼ਾ ਦੇ ਦਿੱਤਾ ਤਾਂ ਉਸਨੂੰ ਦੇਖ ਕੇ ਬਹੁਤੇ ਸਾਂਸਦ ਅਤੇ ਵਿਧਾਇਕਾਂ ਨੇ ਅਸਤੀਫ਼ੇ ਦੇ ਦਿੱਤੇ ।ਉਹ ਕਹਿ ਰਹੇ ਸਨ ਕਿ ਅਸੀਂ ਸੋਨੀਆਂ ਜੀ ਦੇ ਨਾਲ ਹਾਂ ਅਸੀਂ ਕਹਿਨੇ ਹਾਂ ਉਨ੍ਹਾਂ ਦੀ ਆਪਣੀ ਕੋਈ ਸੋਚ ਨਹੀਂ ਖੈਰ ਇਸਨੂੰ ਕਹਿੰਦੇ ਹਨ ਭੇਡ ਚਾਲ ਜਾਂ ਫੇਰ ਸੋਨੀਆ ਜੀ ਦੀ ਚਮਚਾਗਿਰੀ ਕਹਿ ਲਉ।”
ਵੱਡੀ ੳਮਰ ਵਿਚ ਵੀ ਜੇ ਬੰਦਾ ਸੇਹਤਮੰਦ ਹੋਵੇ ਤਾਂ ਲੋਕ ਕਹਿਣ ਲੱਗ ਜਾਣਗੇ,” ਇੰਨੀ ਉਮਰ ਹੋ ਗਈ ਫੇਰ ਵੀ ਘੋੜੇ ਵਰਗਾ ਪਿਆ ਹੈ ।” ਮੋਟੇ ਬੰਦੇ ਨੂੰ ਕਹਿ ਹੋ ਜਾਂਦਾ ਹੈ, “ਦੇਖੋ ਉਏ ਦੇਖੋ ਫੁੱਲ ਕੇ ਹਾਥੀ ਹੋਇਆ ਪਿਆ ਏ।” ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਧਮਕੀ ਮਿਲੇ ਤਾਂ ਉਹ ਗੁੱਸੇ ਵਿਚ ਭਰਿਆ ਪੀਤਾ ਕਹਿ ਉੱਠਦਾ ਏ, “ ਧਮਕੀ ਕਿਸਨੂੰ ਦਿੰਦਾ ਏਂ ਮੈਂ ਨਹੀਂ ਡਰਦਾ ਇਨ੍ਹਾਂ ਗਿੱਦੜ ਭੱਬਕੀਆਂ ਤੋਂ।”
ਤੇਜ ਦੌੜਣ ਵਾਲੇ ਬੰਦੇ ਦੀ ਤੁਲਨਾ ਅਸੀਂ ਫੇਰ ਚੀਤੇ ਨਾਲ ਕਰਦੇ ਹੋਏ ਕਹਿੰਦੇ ਹਾ, “ਕਿੰਨਾ ਭਜਦਾ ਏ ਬਈ ਚੀਤੇ ਵਾਗ ਦੌੜਦਾ ਏ ।” ਤੇ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ “ਉਂਠ ਜਿੱਡਾ ਹੋ ਗਿਆ, ਹਾਲੇ ਤੱਕ ਅਕਲ ਨਹੀਂ ਆਈ।” ਜਾਂ ਫੇਰ ਕਿਸੇ ਨੂੰ ਕਹਿ ਹੋ ਜਾਂਦਾ ਏ, “ ਸੋਹਰਾ ਬਿੱਜੂ ਜਿਹਾ ਕਰਦਾ ਕੀ ਏ।” ਤੇ ਲੋਕ ਕਹਿੰਦੇ ਸੁਣੀਦੇ ਏ, “ ਆਪਾਂ ਤਾਂ ਜੀ ਇਕੱਲੇ ਹਾਂ , “ਅਖੇ ਲੰਡਾ ਚਿੜਾ ਪਹਾੜਾਂ ਦਾ ਸਾਥੀ।”
ਸ਼ਰਾਰਤੀ ਬੱਚੇ ਨੂੰ ਅਸੀਂ ਕਹਿ ਦਿੰਦੇ ਹਾਂ ,” ਨਿਰਾ ਬਾਂਦਰ ਏ ਬਾਂਦਰ।” ਅਤੇ ਕਈ ਵਾਰੀ ਇੰਜ ਵੀ ਕਹੀਦਾ ਏ ਡੰਗਰ ਜਿਹਾ ਨਾ ਹੋਵੇ ਤਾਂ,ਨਿਰਾ ਪਸੂ ਏ ਪਸੂੇ ਕੱਖ ਦਾ ਵੀ ਨਹੀਂ ਪਤਾ।”
ਹਰ ਗੱਲ ਤੇ ਅਸੀਂ ਬੰਦੇ ਦੀ ਤੁਲਨਾ ਜਾਨਵਰਾਂ ਨਾਲ ਕਰਦੇ ਹਾ, ਪਤਾ ਨਹੀਂ ਇਹ ਇਨਸਾਨ ਕਦੋਂ ਬਣੇਗਾ।
ਭਗਵਾਨ ਸਿੰਘ ਤਗੱੜ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly