ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਵਲੋਂ ਜੰਤਰ ਮੰਤਰ, ਦਿੱਲੀ ‘ਚ ਧਰਨਾ ਲਗਾਈ ਬੈਠੀਆਂ ਕੁਸ਼ਤੀ ਖਿਡਾਰਨਾਂ ਨੂੰ ਭਰਪੂਰ ਸਹਿਯੋਗ ਅਤੇ ਇਨਸਾਫ ਮਿਲਣ ਤੱਕ ਡਟੇ ਰਹਿਣ ਦੀ ਅਪੀਲ

(ਸਮਾਜ ਵੀਕਲੀ): ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਵਲੋਂ ਜੰਤਰ ਮੰਤਰ, ਦਿੱਲੀ ‘ਚ ਇਨਸਾਫ਼ ਲਈ ਧਰਨਾ ਲਗਾਈ ਬੈਠੀਆਂ ਕੁਸ਼ਤੀ ਖਿਡਾਰਨਾਂ ਵਲੋਂ ਉਹਨਾਂ ਦੇ ਦਾਅਵੇ ਮੁਤਾਬਿਕ ਹੋਏ ਅਨਿਆਂ ਵਿੱਰੁਧ ਲਏ ਸਟੈਂਡ ਨਾਲ ਤਹਿ ਦਿਲੋਂ ਸਹਿਮਤੀ ਅਤੇ ਹਮਦਰਦੀ ਜ਼ਾਹਿਰ ਕਰਦੀ ਹੈ। ਕੁਸ਼ਤੀ ਖਿਡਾਰਨਾਂ ਨੇ ਦੋਸ਼ ਲਗਾਏ ਹਨ ਕਿ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ਼ ਭੂਸ਼ਨ ਸ਼ਰਨ ਸਿੰਘ ਨੇ ਉਹਨਾਂ ਦਾ ਸਰੀਰਿਕ ਸ਼ੋਸ਼ਣ ਕੀਤਾ ਹੈ। ਅਨੇਕਾਂ ਵਾਰੀ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਜਨਤਕ ਤੌਰ ਤੇ ਸ਼ਿਕਾਇਤ ਕਰਨ ਤੋਂ ਬਾਅਦ ਵੀ ਕਥਿਤ ਦੋਸ਼ੀ ਵਿੱਰੁਧ ਕੋਈ ਕਾਰਵਾਈ ਨਹੀਂ ਕੀਤੀ ਗਈ; ਇੱਥੋਂ ਤੱਕ ਕਿ ਬ੍ਰਿਜ਼ ਭੂਸ਼ਨ ਸ਼ਰਨ ਸਿੰਘ ਦੇ ਵਿਰੱਧ ਕੋਈ FIR ਵੀ ਦਰਜ਼ ਨਹੀਂ ਕੀਤੀ ਗਈ। ਦੇਸ਼ ਦੀ ਸਰਵ-ਉੱਚ ਅਦਾਲਤ ਦੇ ਦਖਲ ਨਾਲ ਹੁਣ FIR ਭਾਂਵੇ ਦਰਜ ਹੋ ਗਈ ਹੈ ਪਰ ਉਸ ਤੋਂ ਅਗਲੀ ਕਾਰਵਾਈ ਨਹੀਂ ਹੋ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਰਾਜ ਕਰ ਰਹੇ ਸਿਆਸਤਦਾਨਾਂ ਵਲੋਂ ਕਾਨੂੰਨ ਦੀ ਇਸ ਨੰਗੀ ਚਿੱਟੀ ਉਲੰਘਣਾ ਨੇ ਇਹਨਾਂ ਕੁਸ਼ਤੀ ਖਿਡਾਰਨਾਂ ਲਈ ਜਨਤਕ ਤੌਰ ਤੇ ਸੰਘਰਸ਼ ਦੇ ਰਾਹ ਪੈਣ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਛੱਡਿਆ ਹੈ।

ਸੁਸਾਇਟੀ ਦੇ ਜਨਰਲ ਸਕੱਤਰ ਸੁਰਿੰਦਰਪਾਲ ਵਿਰਦੀ ਨੇ ਭਾਰਤ ਸਰਕਾਰ ਨੂੰ ਪਰਜ਼ੋਰ ਸ਼ਬਦਾਂ ਵਿੱਚ ਅਪੀਲ ਕੀਤੀ ਹੈ ਕਿ ਅੰਤਰ ਰਾਸ਼ਟਰੀ ਪੱਧਰ ਤੇ ਦੇਸ਼ ਦਾ ਮਾਣ ਵਧਾਉਣ ਵਾਲੀਆਂ ਇਹਨਾਂ ਕੁਸ਼ਤੀ ਖਿਡਾਰਨਾਂ ਨੂੰ ਬ੍ਰਿਜ਼ ਭੂਸ਼ਨ ਸ਼ਰਨ ਸਿੰਘ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਨਸਾਫ਼ ਦਵਾਇਆ ਜਾਵੇ। ਉਹਨਾਂ ਨੇ ਇਹਨਾਂ ਕੁੜੀਆਂ ਤੇ ਪੁਲੀਸ ਵਲੋਂ ਕੀਤੀ ਗਈ ਧੱਕਾਜ਼ੋਰੀ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਕਿਉਂਕਿ ਇਹ ਕੁਸ਼ਤੀ ਖਿਡਾਰਨ ਕੁੜੀਆਂ, ਉਹਨਾਂ ਦੀ ਸ਼ਿਕਾਇਤ ਅਨੁਸਾਰ, ਤਾਂ ਪਹਿਲਾਂ ਹੀ ਪੀੜਤ ਹਨ। FIR ਹੋਣ ਦੇ ਬਾਅਦ ਵੀ ਬ੍ਰਿਜ਼ ਭੂਸ਼ਨ ਸ਼ਰਨ ਸਿੰਘ ਤੇ ਬਣਦੀ ਕਾਨੂੰਨੀ ਕਾਰਵਾਈ ਦੀ ਅਣਹੋਂਦ ਸੰਘਰਸ਼ਸ਼ੀਲ ਕੁਸ਼ਤੀ ਖਿਡਾਰਨਾਂ ਦੇ ਜ਼ਖਮਾਂ ਤੇ ਲੂਣ ਣਾਉਣ ਦੇ ਬਰਾਬਰ ਹੈ ਅਤੇ ਇਹ ਆਮ ਲੋਕਾਂ ਨੂੰ ਇਕ ਗਲਤ ਸੁਨੇਹਾ ਵੀ ਦਿੰਦਾ ਹੈ ਕਿ ਕਾਨੂੰਨ ਉਹਨਾਂ ਦੀ ਮੱਦਦ ਲਈ ਨਹੀਂ ਹੈ ਅਤੇ ਉਹ ਇਨਸਾਫ਼ ਦੀ ਉਮੀਦ ਨਾ ਰੱਖਣ। ਆਮ ਲੋਕਾਂ ਵਿੱਚ ਇਸ ਧਾਰਨਾ ਦਾ ਪਨਪਣਾ ਸਮਾਜਿਕ ਤੌਰ ਤੇ ਬਹੁਤ ਚਿੰਤਾਜਨਕ ਗੱਲ ਹੈ ਅਤੇ ਲੋਕਾਂ ਨੂੰ ਸਮਾਜੀ ਅਰਾਜਿਕਤਾ ਵੱਲ ਧੱਕਣ ਦਾ ਜਰੀਆ ਬਣ ਸਕਦਾ ਹੈ। ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਉਹਨਾਂ ਸਾਰੇ ਜ਼ਮਹੂਰੀ, ਧਰਮ ਨਿਰਪੱਖ ਅਤੇ ਇਨਸਾਫ਼ ਪਸੰਦ ਲੋਕਾਂ, ਜਥੇਬੰਦੀਆਂ ਦੀ ਸ਼ਲਾਘਾ

 

ਕਰਦੀ ਹੈ ਜੋ ਸਮੇਂ ਦੀ ਲੋੜ ਅਨਸਾਰ ਢੁੱਕਵੇਂ ਸਮੇਂ ਤੇ ਇਹਨਾਂ ਪਹਿਲਵਾਨ ਕੁੜੀਆਂ ਦੇ ਸਹਿਯੋਗ ਲਈ ਅੱਗੇ ਆਈਆਂ ਹਨ। ਸੁਸਾਇਟੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਸੁਸਾਇਟੀ ਇਹਨਾਂ ਖਿਡਾਰਨ ਕੁੜੀਆਂ ਨੂੰ ਵੀ ਅਪੀਲ ਕਰਦੀ ਹੈ ਕਿ ਉਹ ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਜਦ ਤੀਕਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ।
ਸੁਰਿੰਦਰਪਾਲ ਵਿਰਦੀ, ਜਨਰਲ ਸਕੱਤਰ

ਅਵਤਾਰ ਅਟਵਾਲ, ਪ੍ਰਧਾਨ
ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਜਿਮਨੀ ਚੋਣ ਵਿੱਚ ਕਾਂਗਰਸ ਦੀ ਹੋਈ ਹਾਰ ਦੇ ਕਾਰਣ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਸਤੀਫਾ ਦੇਣ-ਗੁਰਪ੍ਰੀਤ ਸਿੰਘ ਹੈਪੀ ਜੌਹਲ ਖਾਲਸਾ
Next articleਏਹੁ ਹਮਾਰਾ ਜੀਵਣਾ ਹੈ -287