ਏਹੁ ਹਮਾਰਾ ਜੀਵਣਾ ਹੈ -284

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਮਾਂ ਦਿਵਸ ਨੂੰ ਸਮਰਪਿਤ

ਪ੍ਰੋ: ਮੋਹਨ ਸਿੰਘ ਦੀ ਇਸ ਛੋਟੀ ਜਿਹੀ ਕਵਿਤਾ ਵਿੱਚ ਮਾਂ ਦੇ ਪਿਆਰ ਦਾ ਸਾਗਰ ਸਮਾਇਆ ਹੋਇਆ ਹੈ:-

ਮਾਂ ਵਰਗਾ ਘਣਛਾਵਾਂ ਬੂਟਾ
ਮੈਨੂੰ ਕਿਧਰੇ ਨਜ਼ਰ ਨਾ ਆਵੇ
ਲੈ ਕੇ ਜਿਸ ਤੋਂ ਛਾਂ ਉਧਾਰੀ
ਰੱਬ ਨੇ ਸਵਰਗ ਬਣਾਏ
ਬਾਕੀ ਕੁੱਲ ਦੁਨੀਆਂ ਦੇ ਬੂਟੇ
ਜੜ੍ਹ ਸੁੱਕਿਆਂ ਮੁਰਝਾਂਦੇ
ਐਪਰ ਫੁੱਲਾਂ ਦੇ ਮੁਰਝਾਇਆਂ
ਇਹ ਬੂਟਾ ਸੁੱਕ ਜਾਏ
ਮਾਂ ਮਮਤਾ ਦੀ ਮੂਰਤ ਹੁੰਦੀ ਹੈ,ਉਹ ਕੁਰਬਾਨੀ ਦਾ ਪੁਤਲਾ ਹੁੰਦੀ ਹੈ। ਮਾਂ ਨਾਲ਼ ਬੱਚੇ ਦੀ ਆਂਦਰਾਂ ਦੀ ਸਾਂਝ ਹੁੰਦੀ ਹੈ।ਜਿਹੜਾ ਮਰਜ਼ ਐਕਸਰੇ ਦੀਆਂ ਮਸ਼ੀਨਾਂ ਵਿੱਚ ਨਹੀਂ ਆਉਂਦਾ, ਮਾਂ ਆਪਣੇ ਬੱਚੇ ਦੇ ਉਸ ਮਰਜ਼ ਨੂੰ ਪਛਾਣ ਲੈਂਦੀ ਹੈ। ਆਪਣੀ ਜ਼ਿੰਦਗੀ ਦਾ ਹਰ ਪਲ ਆਪਣੇ ਬੱਚਿਆਂ ਲਈ ਕੁਰਬਾਨ ਕਰ ਦਿੰਦੀ ਹੈ। ਜਦੋਂ ਤੋਂ ਔਰਤ ਮਾਂ ਬਣ ਜਾਂਦੀ ਹੈ ਉਹ ਆਪਣੀ ਖ਼ਾਤਰ ਜਿਊਣਾ ਭੁੱਲ ਜਾਂਦੀ ਹੈ। ਮਾਂ ਬਣ ਕੇ ਔਰਤ ਸੰਪੂਰਨ ਔਰਤ ਬਣ ਜਾਂਦੀ ਹੈ। ਉਸ ਦੀਆਂ ਅਸੀਸਾਂ ਸਦਕਾ ਬੱਚੇ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਨ।ਉਸ ਦੀਆਂ ਦੁਆਵਾਂ ਦੁਨੀਆਂ ਦੀਆਂ ਮਹਿੰਗੀਆਂ ਦਵਾਈਆਂ ਤੋਂ ਵੀ ਵੱਧ ਅਸਰਦਾਰ ਹੁੰਦੀਆਂ ਹਨ। ਪਿਆਰ, ਮਿਠਾਸ, ਸਹਿਣਸ਼ੀਲਤਾ, ਅਤੇ ਤਿਆਗ ਵਰਗੇ ਗੁਣਾਂ ਦੀ ਪੋਟਲੀ ਸਿਰਫ਼ ਮਾਂ ਹੀ ਹੋ ਸਕਦੀ ਹੈ।

ਜੇ ਮਾਂ ਦਿਵਸ ਦੀ ਗੱਲ ਕਰੀਏ ਤਾਂ ਪੱਛਮੀ ਦੇਸ਼ਾਂ ਵਿੱਚ ਚਾਹੇ 1908 ਈ: ਨੂੰ ਹੋਂਦ ਵਿੱਚ ਆਇਆ ਪਰ ਭਾਰਤ ਵਿੱਚ ਇਹ ਤਕਰੀਬਨ ਇੱਕ ਡੇਢ ਦਹਾਕੇ ਤੋਂ ਜ਼ਿਆਦਾ ਜਾਣਿਆ ਅਤੇ ਮਨਾਇਆ ਜਾਣ ਲੱਗਿਆ। ਅਮਰੀਕਾ ਦੀ ਐਨਾ ਵੱਲੋਂ ਆਪਣੇ ਮਾਂ ਦੁਆਰਾ ਚਲਾਈ ਮੁਹਿੰਮ ਨੂੰ 1907 ਵਿੱਚ ਅੱਗੇ ਤੋਰਦੇ ਹੋਏ ਸਾਰੀਆਂ ਮਾਵਾਂ ਨੂੰ ਸਮਰਪਿਤ ਇਸ ਦਿਵਸ ਨੂੰ ਮਨਾਉਣ ਲਈ ਨੇਪਰੇ ਚਾੜ੍ਹਿਆ।ਇਹ ਦਿਨ ਮਈ ਮਹੀਨੇ ਦੇ‌ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਚਾਹੇ ਮਾਂ ਨੂੰ ਸਮਰਪਿਤ ਇੱਕ ਦਿਨ ਕਾਫ਼ੀ ਨਹੀਂ ਹੁੰਦਾ ਪਰ ਫਿਰ ਵੀ ਉਚੇਚੇ ਤੌਰ ਤੇ ਸਤਿਕਾਰ ਦੇਣ ਲਈ ਇਹ ਇੱਕ ਦਿਨ ਕਾਫ਼ੀ ਅਹਿਮੀਅਤ ਰੱਖਦਾ ਹੈ। ਮਾਂ ਸ਼ਬਦ ਜਿੰਨਾਂ ਬੋਲਣ ਨੂੰ ਛੋਟਾ ਹੈ,ਓਨਾ ਹੀ ਮਹਾਨ ਹੈ।ਇਸ ਦੀ ਵਿਸ਼ਾਲਤਾ ਦਾ ਕੋਈ ਮਾਪਦੰਡ ਨਹੀਂ ਹੈ।

ਬੱਚਾ ਜਦ ਬੋਲਣਾ ਸਿੱਖਦਾ ਹੈ ਤਾਂ ਉਸ ਦੇ ਮੁੱਖ ਚੋਂ ਪਹਿਲਾ ਸ਼ਬਦ ਮਾਂ ਹੀ ਨਿਕਲਦਾ ਹੈ। ਘਰ ਵਿੱਚ ਮਾਂ ਦਾ ਹੋਣਾ ਪਰਮਾਤਮਾ ਦੀ ਹੋਂਦ ਮਹਿਸੂਸ ਕਰਵਾਉਂਦਾ ਹੈ ਕਿਉਂਕਿ ਉਹ ਆਪਣੀ ਔਲਾਦ ਨੂੰ ਕਦਮ ਕਦਮ ਤੇ ਮਾਰਗ ਦਰਸ਼ਨ ਕਰਾਉਂਦੀ ਹੈ । ਮਾਂ ਹੀ ਔਲਾਦ ਨੂੰ ਚੰਗੇ ਅਤੇ ਬੁਰੇ ਦਾ ਅਰਥ ਸਮਝਾਉਂਦੀ ਹੈ ।ਉਹ ਹਮੇਸ਼ਾਂ ਆਪਣੀ ਔਲਾਦ ਨੂੰ ਚੰਗੇ ਬਣਨ ਲਈ ਸਹੀ ਰਾਹ ‘ਤੇ ਤੋਰਨ ਦੇ ਯਤਨ ਕਰਦੀ ਰਹਿੰਦੀ ਹੈ। ਭਾਂਵੇ ਬੱਚੇ ਸੱਤ ਸਮੁੰਦਰਾਂ ਤੋਂ ਪਾਰ ਬੈਠੇ ਹੋਣ ਪਰ ਫਿਰ ਵੀ ਮਾਂ ਉਹਨਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦੁਆਵਾਂ ਕਰਦੀ ਹੈ।ਉਹ ਦੂਰ ਰਹਿਕੇ ਵੀ ਪਰਦੇਸੀਂ ਬੈਠੇ ਬੱਚਿਆਂ ਵਿੱਚ ਵਸ ਰਹੀ ਹੁੰਦੀ ਹੈ। ਔਲਾਦ ਜਿੰਨਾ ਹਲਕਾ ਆਪਣੀ ਮਾਂ ਨਾਲ ਗੱਲ ਕਰਕੇ ਮਹਿਸੂਸ ਕਰਦੀ ਹੈ ਓਨਾਂ ਸ਼ਾਇਦ ਉਹ ਦੁਨੀਆਂ ਦੇ ਵੱਡੇ ਤੋਂ ਵੱਡੇ ਮਨੋਵਿਗਿਆਨਕ ਕੋਲ ਵੀ ਨਹੀਂ ਕਰ ਸਕਦੀ।

ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮਾਂ ਇਕੱਲੇ ਇਨਸਾਨ ਦੀ ਹੀ ਤਿਆਗ ਦੀ ਮੂਰਤ ਨਹੀਂ ਹੁੰਦੀ। ਪੰਛੀਆਂ ਦਾ ਚਾਹੇ ਰੈਣ ਬਸੇਰਾ ਦਰਖ਼ਤਾਂ ਤੇ ਹੁੰਦਾ ਹੈ ਪਰ ਆਪਣੇ ਬੱਚਿਆਂ ਨੂੰ ਜਨਮ ਦੇਣ ਲਈ ਅਤੇ ਸਾਂਭ ਸੰਭਾਲ ਲਈ ਮਾਦਾ ਪੰਛੀ ਤੀਲਾ ਤੀਲਾ ਇਕੱਠਾ ਕਰਕੇ ਆਲ੍ਹਣੇ ਬਣਾਉਂਦੀਆਂ ਨਜ਼ਰ ਆਉਣਗੀਆਂ। ਬਿੱਲੀ ਆਪਣੇ ਬੱਚਿਆਂ ਨੂੰ ਸਿਖਲਾਈ ਦੇਣ ਲਈ ਦੁਨੀਆ ਤੋਂ ਚੋਰੀ ਸੱਤ ਕੋਠੇ ਟਪਾਉਂਦੀ ਹੈ ,ਇਸੇ ਤਰ੍ਹਾਂ ਹਰ ਮਾਦਾ ਪੰਛੀ ਅਤੇ ਜਾਨਵਰ ਆਪਣੇ ਬੱਚਿਆਂ ਦੀ ਢਿੱਡ ਵਿੱਚ ਪਾਲਣਾ ਕਰਨ ਦੇ ਨਾਲ ਨਾਲ ਉਹਨਾਂ ਦੀ ਸੰਭਾਲ ਲਈ ਯਤਨਸ਼ੀਲ ਦਿਸਣਗੇ।ਇਹ ਕੁਰਬਾਨੀ ਸਿਰਫ਼ ਇੱਕ ਮਾਂ ਹੀ ਕਰ ਸਕਦੀ ਹੈ।
ਰੱਬ ਨੇ ਆਪਣਾ ਇੱਕ ਰੂਪ
ਧਰਤੀ ਤੇ ਸੀ ਭਿਜਵਾਇਆ!
ਆਪਣੇ ਹੀ ਉਸ ਰੂਪ ਦਾ ਸੀ
ਸੋਹਣਾ ਨਾਂ “ਮਾਂ” ਰਖਵਾਇਆ
ਮਾਂ ਦੀ ਪੂਜਾ ਕਰਨ ਨੂੰ ਹੀ
ਰੱਬ ਦੀ ਪੂਜਾ ਤਦੇ ਕਹਾਇਆ…!

ਮਾਂ ਦੀ ਗੋਦੀ ਦਾ ਨਿੱਘ, ਮਾਂ ਦੀਆਂ ਲੋਰੀਆਂ ਦਾ ਮਿਠਾਸ, ਮਾਂ ਦੇ ਚਰਨਾਂ ਦੀ ਜੱਨਤ ਸਿਰਫ਼ ਕਰਮਾਂ ਵਾਲਿਆਂ ਦੇ ਹਿੱਸੇ ਹੀ ਆਉਂਦੀ ਹੈ। ਮਾਂ ਦੀਆਂ ਕੁਰਬਾਨੀਆਂ ਦਾ ਮੁੱਲ ਤਾਰਨ ਵਾਲੇ ਸਾਡੇ ਸਮਾਜ ਵਿੱਚ ਅੱਜ ਵਿਰਲੇ ਹੀ ਦਿਸਣਗੇ। ਇੱਕ ਦਿਨ ਤੋਹਫੇ ਦੇ ਕੇ, ਸੋਸ਼ਲ ਮੀਡੀਆ ਤੇ ਮਾਵਾਂ ਦੀਆਂ ਫੋਟੋਆਂ ਪਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਜ਼ਰੂਰ ਮਾਰਿਓ ਕਿ ਪੂਰਾ ਸਾਲ ਭਰ ਤੁਸੀਂ ਆਪਣੀ ਆਪਣੀ ਮਾਂ ਲਈ ਕਿਹੜੀ ਸੋਚ ਅਤੇ ਕਿਹੜੇ ਸ਼ਬਦ ਵਰਤੇ ਹਨ। ਮਾਂ ਤਾਂ ਇੱਕ ਧਾਰਮਿਕ ਸਥਾਨ ਵਾਂਗ ਹੁੰਦੀ ਹੈ ਜੋ ਸਿਰਫ ਪਿਆਰ ਅਤੇ ਅਸੀਸਾਂ ਵੰਡਣ ਦਾ ਜਜ਼ਬਾ ਰੱਖਦੀ ਹੈ,ਇਹ ਤੁਸੀਂ ਨਿਸ਼ਚਿਤ ਕਰਨਾ ਹੈ ਕਿ ਤੁਸੀਂ ਸਾਲ ਵਿੱਚ ਇੱਕ ਅੱਧਾ ਦਿਨ ਮਤਲਬ ਵੇਲੇ ਮੱਥਾ ਟੇਕਣ ਵਾਲੇ ਭਗਤ ਹੋ ਜਾਂ ਪੱਕੇ ਸ਼ਰਧਾਲੂ ਹਰ ਸਮੇਂ ਨਿਸਵਾਰਥ ਭਾਵਨਾ ਨਾਲ ਨਮਨ ਕਰਨ ਵਾਲੇ ਪੁਜਾਰੀ ਹੋ।

ਮਾਂ ਦੇ ਪੈਰਾਂ ਤੋਂ ਵੱਡੀ ਜੱਨਅਤ ਕੋਈ ਹੋਰ ਨਹੀਂ ਹੋ ਸਕਦੀ ,ਜਿਸ ਨੇ ਮਾਂ ਨੂੰ ਸਤਿਕਾਰ ਲਿਆ ਤੇ ਮਾਂ ਤੋਂ ਬੇਸ਼ੁਮਾਰ ਕੀਮਤੀ ਅਸੀਸਾਂ ਦਾ ਖ਼ਜ਼ਾਨਾ ਭਰ ਲਿਆ ਉਸ ਤੋਂ ਅਮੀਰ ਵਿਅਕਤੀ ਇਸ ਦੁਨੀਆਂ ਤੇ ਕੋਈ ਹੋਰ ਨਹੀਂ ਹੋ ਸਕਦਾ।ਇਸ ਲਈ ਮਾਂ ਨੂੰ ਸਤਿਕਾਰ ਦੇ ਕੇ ਉਸ ਦੇ ਪਿਆਰ ਦਾ ਨਿੱਘ ਮਾਨਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ

9988901324

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article* ਆਪਣੀ ਇੱਜ਼ਤ ਅਤੇ ਮਾਣ *
Next articleਇਹ ਬੀਬੀਆਂ ਕੌਣ ਨੇ!