ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨ

ਸਮੂਹ ਖੇਡ ਫੈਡਰੇਸ਼ਨਾਂ ਚੋਂ ਸਿਆਸੀ ਆਗੂਆਂ ਨੂੰ ਬਰਖ਼ਾਸਤ ਕਰਨ ਦੀ ਵੀ ਕੀਤੀ ਮੰਗ

ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਬਰਨਾਲਾ (ਸਮਾਜ ਵੀਕਲੀ) – ਸੰਗਰੂਰ ਦੀ ਮੀਟਿੰਗ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਅਗਵਾਈ ਵਿੱਚ, ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ ਤੇ ਹੇਮਰਾਜ ਸਟੈਨੋ ਦੀ ਨਿਗਰਾਨੀ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਮੀਟਿੰਗ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਜੰਤਰ ਮੰਤਰ ਤੇ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਨੂੰ ਦਿੱਲੀ ਪੁਲਿਸ ਵਲੋਂ ਕੁੱਟ ਮਾਰ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰਨ ਅਤੇ ਧੱਕੇ ਨਾਲ ਧਰਨਾ ਖਤਮ ਕਰਵਾਉਣ ਦੀ ਗੈਰ ਕਾਨੂੰਨੀ ਅਤੇ ਤਾਨਾਸ਼ਾਹੀ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਦੋਸ਼ੀ ਪੁਲਿਸ ਮੁਲਾਜਮਾਂ ਅਤੇ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਅਤੇ ਮੁੱਖ ਮੁਲਜ਼ਮ ਬ੍ਰਿਜ ਭੂਸ਼ਨ ਅਤੇ ਹੋਰਨਾਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਜ਼ੋਰਦਾਰ ਮੰਗ ਕੀਤੀ ਹੈ। ਇਸਦੇ ਨਾਲ ਹੀ ਸੁਸਾਇਟੀ ਨੇ ਮੁਲਕ ਦੀਆਂ ਸਮੂਹ ਖੇਡ ਫੈਡਰੇਸ਼ਨਾਂ ‘ਚੋਂ ਸਿਆਸੀ ਆਗੂਆਂ ਨੂੰ ਤੁਰੰਤ ਬਰਖ਼ਾਸਤ ਕਰਕੇ ਸਿਰਫ ਖਿਡਾਰੀਆਂ ਨੂੰ ਹੀ ਨਾਮਜ਼ਦ ਕਰਨ ਦੀ ਮੰਗ ਵੀ ਕੀਤੀ ਹੈ।

ਮੀਟਿੰਗ ਵਿੱਚ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਬ੍ਰਿਜ ਭੂਸ਼ਨ ਦੇ ਖਿਲਾਫ ਪੋਕਸੋ ਐਕਟ ਤਹਿਤ ਐਫ ਆਈ ਆਰ ਦਰਜ ਹੋਣ ਦੇ ਬਾਵਜੂਦ ਦਿੱਲੀ ਪੁਲਿਸ ਵਲੋਂ ਉਸਨੂੰ ਅਖੌਤੀ ਜਾਂਚ ਦੇ ਨਾਮ ਹੇਠ ਜਾਣ ਬੁੱਝ ਕੇ ਗ੍ਰਿਫ਼ਤਾਰ ਨਾ ਕਰਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਕੇਂਦਰ ਸਰਕਾਰ ਦੇ ਦਬਾਅ ਹੇਠ ਹੀ ਦਿੱਲੀ ਪੁਲਿਸ ਵਲੋਂ ਬ੍ਰਿਜ ਭੂਸ਼ਨ ਨੂੰ ਬਚਾਉਣ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਤਰਕਸ਼ੀਲ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਬੇਟੀ ਪੜਾਓ ਬੇਟੀ ਬਚਾਓ” ਦੇ ਝੂਠੇ ਅਤੇ ਸਿਆਸੀ ਜੁਮਲੇ ਦਾ ਪਰਦਾਫਾਸ਼ ਕਰਦਿਆਂ ਦੋਸ਼ ਲਾਇਆ ਕਿ ਓਲੰਪਿਕ ਮੈਡਲ ਜੇਤੂ ਔਰਤ ਪਹਿਲਵਾਨ ਪਿਛਲੇ ਚਾਰ ਮਹੀਨੇ ਤੋਂ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਖਿਲਾਫ ਲਗਾਤਾਰ ਕੇਂਦਰੀ ਖੇਡ ਮੰਤਰੀ ਅਤੇ ਖੇਡ ਅਧਿਕਾਰੀਆਂ ਤਕ ਆਵਾਜ਼ ਬੁਲੰਦ ਕਰ ਰਹੀਆਂ ਹਨ ਪਰ ਪ੍ਰਧਾਨ ਮੰਤਰੀ ਵਲੋਂ ਪੂਰੀ ਦੁਨੀਆਂ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀਆਂ ਬੇਟੀਆਂ ਨੂੰ ਇਨਸਾਫ ਦੇਣ ਤੋਂ ਸਪੱਸ਼ਟ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਦੇ ਖਿਲਾਫ ਦਰਜਨਾਂ ਅਪਰਾਧਿਕ ਮਾਮਲੇ ਦਰਜ ਹੋਣ ਦੇ ਬਾਵਜੂਦ ਉਸਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ।

ਤਰਕਸ਼ੀਲ ਆਗੂਆਂ ਨੇ ਦਿੱਲੀ ਪੁਲਿਸ ਵਲੋਂ ਔਰਤ ਪਹਿਲਵਾਨਾਂ ਦੀ ਹਮਾਇਤ ਵਿੱਚ ਰੋਸ ਪ੍ਰਦਰਸ਼ਨ ਕਰਨ ਵਾਲੀਆਂ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਉੱਤੇ ਜ਼ਬਰ ਕਰਨ,ਪ੍ਰਸਿੱਧ ਪੱਤਰਕਾਰ ਦੇ ਕਪੜੇ ਪਾੜਨ ਤੇ ਬਦਸਲੂਕੀ ਕਰਨ ਅਤੇ ਧਰਨੇ ਵਿਚ ਪਹੁੰਚ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਸਖ਼ਤ ਵਿਰੋਧ ਕਰਦਿਆਂ ਦੋਸ਼ੀ ਪੁਲਿਸ ਮੁਲਾਜਮਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ। ਤਰਕਸ਼ੀਲ ਆਗੂਆਂ ਨੇ ਕੇਂਦਰ ਸਰਕਾਰ ਵਲੋ ਹਿੰਦੂਤਵੀ ਫਾਸ਼ੀਵਾਦੀ ਏਜੰਡੇ ਹੇਠ ਔਰਤਾਂ, ਆਦਿਵਾਸੀਆਂ,ਦਲਿਤਾਂ,ਘਟ ਗਿਣਤੀ ਮੁਸਲਮਾਨਾਂ – ਇਸਾਈਆਂ,ਸਮਾਜਿਕ ਕਾਰਕੁਨਾਂ, ਬੁੱਧੀਜੀਵੀਆਂ ਅਤੇ ਕਿਸਾਨਾਂ, ਮਜਦੂਰਾਂ ਉਤੇ ਯੋਜਨਾਬੱਧ ਸਾਜਿਸ਼ ਹੇਠ ਕੀਤੇ ਜਾ ਰਹੇ ਫ਼ਿਰਕੂ ਹਿੰਸਕ ਹਮਲਿਆਂ ਦਾ ਡਟਵਾਂ ਵਿਰੋਧ ਕਰਨ ਲਈ ਪੰਜਾਬ ਅਤੇ ਦੇਸ਼ ਭਰ ਦੀਆਂ ਲੋਕ ਪੱਖੀ, ਜਮਹੂਰੀ ਅਤੇ ਇਨਸਾਫ ਪਸੰਦ ਜਨਤਕ ਜਥੇਬੰਦੀਆਂ ਨੂੰ ਇਕ ਸਾਂਝੇ ਮੰਚ ਹੇਠ ਇਕਜੁੱਟ ਹੋ ਕੇ ਜਮਹੂਰੀਅਤ,ਸੰਵਿਧਾਨ ਅਤੇ ਧਰਮ ਨਿਰਪੱਖਤਾ ਦੀ ਰਾਖੀ ਲਈ ਕਿਸਾਨ ਅੰਦੋਲਣ ਵਾਂਗ ਫੈਸਲਾਕੁੰਨ ਸੰਘਰਸ਼ ਕਰਨ ਦਾ ਸੱਦਾ ਦਿੱਤਾ।

ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੀਤਾ ਰਾਮ ਸੰਗਰੂਰ,ਜੁਝਾਰ ਸਿੰਘ ਲੌਂਗੋਵਾਲ, ਅਵਤਾਰ ਸਿੰਘ ਬਰਨਾਲਾ,ਸੋਹਣ ਸਿੰਘ ਮਾਝੀ, ਕੁਲਦੀਪ ਨੈਨੇਵਾਲ,ਵਿਸ਼ਵ ਕਾਂਤ, ਕ੍ਰਿਸ਼ਨ ਸਿੰਘ ਸੰਗਰੂਰ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਨੂੰ ਮੁੜ ਬਹਾਲ ਕਰਨ ਦੀ ਵੀ ਮੰਗ ਕੀਤੀ ਗਈ। ਮੀਟਿੰਗ ਵਿੱਚ ਪੰਜਵੀਂ ਚੇਤਨਾ ਪਰਖ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ, ਮੈਗਜੀਨ ਦੀ ਗਿਣਤੀ ਵਧਾਉਣ ਤੇ ਤਰਕਸ਼ੀਲ ਸਾਹਿਤ ਵੈਨ ਨੂੰ ਵੱਧ ਤੋਂ ਵੱਧ ਸਥਾਨਾਂ ਤੇ ਲਿਜਾਣ ਵਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

ਮਾਸਟਰ ਪਰਮਵੇਦ
9417422349

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਕਟਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਖਲੌਰ ਦਾ 8ਵੀਂ ਕਲਾਸ ਦਾ ਨਤੀਜਾ 100 ਪ੍ਰਤੀਸ਼ਤ ਰਿਹਾ
Next articleਪਹਿਲ ਕਰੋ