(ਸਮਾਜ ਵੀਕਲੀ)
ਕਿਰਤ ਦਾ ਮਤਲਬ ਅਸਲ ਵਿੱਚ ਕਿਸੇ ਵੀ ਕਿਸਮ ਦੀ ਸਰੀਰਕ ਜਾਂ ਮਾਨਸਿਕ ਮਿਹਨਤ ਹੈ। ਆਰਥਿਕ ਰੂਪ ਵਿੱਚ, ਕਿਰਤ ਕਿਸੇ ਵੀ ਵਸਤੂ ਜਾਂ ਸੇਵਾਵਾਂ ਨੂੰ ਪੈਦਾ ਕਰਨ ਲਈ ਕੀਤੇ ਯਤਨਾਂ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਹਰ ਕਿਸਮ ਦੇ ਮਨੁੱਖੀ ਯਤਨ ਸ਼ਾਮਲ ਹੁੰਦੇ ਹਨ – ਇੱਕ ਆਰਥਿਕ ਇਨਾਮ ਦੇ ਬਦਲੇ ਕੀਤੇ ਗਏ ਸਰੀਰਕ ਮਿਹਨਤ, ਮਾਨਸਿਕ ਕਸਰਤ, ਬੁੱਧੀ ਦੀ ਵਰਤੋਂ ਆਦਿ। ਮਜ਼ਦੂਰ ਦਿਵਸ ਦਾ ਮੁੱਖ ਉਦੇਸ਼ ਮਜ਼ਦੂਰ ਵਰਗ ਦੀ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਸਵੀਕਾਰ ਕਰਨਾ, ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਸ਼ੋਸ਼ਣ ਤੋਂ ਬਚਾਉਣਾ ਹੈ। ਇਹ ਦਿਨ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ, ਅਤੇ ਕੁਝ ਦੇਸ਼ਾਂ ਵਿੱਚ, ਇਸ ਨੂੰ ਮਜ਼ਦੂਰ ਦਿਵਸ ਵਜੋਂ ਜਾਣਿਆ ਜਾਂਦਾ ਹੈ।
ਭਾਰਤ ਵਿੱਚ ਮਜ਼ਦੂਰ ਦਿਵਸ ਨੂੰ ਮਈ ਦਿਵਸ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਇਸ ਨੂੰ ਪਹਿਲੀ ਮਈ 1923 ਨੂੰ ਚੇਨਈ ਅਰਥਾਤ ਮਦਰਾਸ ਵਿੱਚ ਮਨਾਉਣਾ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਸੀ। ਹਿੰਦੁਸਤਾਨ ਦੀ ਮਜ਼ਦੂਰ ਕਿਸਾਨ ਪਾਰਟੀ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਪਾਰਟੀ ਦੇ ਆਗੂ ਕਾਮਰੇਡ ਸਿੰਗਾਵੇਲਰ ਨੇ ਇਸ ਸਮਾਗਮ ਨੂੰ ਮਨਾਉਣ ਲਈ ਭਾਰਤ ਵਿੱਚ ਦੋ ਮੀਟਿੰਗਾਂ ਕੀਤੀਆਂ। ਇਕ ਮੀਟਿੰਗ ਟ੍ਰਿਪਲੀਕੇਨ ਬੀਚ ‘ਤੇ ਹੋਈ ਅਤੇ ਦੂਜੀ ਮਦਰਾਸ ਹਾਈ ਕੋਰਟ ਦੇ ਸਾਹਮਣੇ ਬੀਚ ‘ਤੇ ਹੋਈ।
ਮੀਟਿੰਗ ਵਿੱਚ ਸਿੰਗਾਵੇਲਰ ਨੇ ਇੱਕ ਮਤੇ ਨੂੰ ਪ੍ਰਵਾਨਗੀ ਦਿੱਤੀ ਜਿਸ ਵਿੱਚ ਸੰਕੇਤ ਦਿੱਤਾ ਗਿਆ ਸੀ ਕਿ ਸਰਕਾਰ ਨੂੰ ਭਾਰਤ ਵਿੱਚ ਮਈ ਦਿਵਸ ਜਾਂ ਮਜ਼ਦੂਰ ਦਿਵਸ ‘ਤੇ ਰਾਸ਼ਟਰੀ ਛੁੱਟੀ ਦਾ ਐਲਾਨ ਕਰਨਾ ਚਾਹੀਦਾ ਹੈ। ਇਹ ਪਹਿਲੀ ਵਾਰ ਸੀ ਜਦੋਂ ਭਾਰਤ ਵਿੱਚ ਮਜ਼ਦੂਰਾਂ ਵੱਲੋਂ ਲਾਲ ਝੰਡਾ ਲਹਿਰਾਇਆ ਗਿਆ ਸੀ। ਮਜ਼ਦੂਰ ਦਿਵਸ ਮਜ਼ਦੂਰ ਜਮਾਤ ਦੀ ਸਖ਼ਤ ਮਿਹਨਤ ਅਤੇ ਪ੍ਰਾਪਤੀਆਂ ਨੂੰ ਮਨਾਉਣ ਲਈ ਤੈਅ ਕੀਤਾ ਗਿਆ ਇਕ ਵਿਸ਼ੇਸ਼ ਦਿਨ ਹੈ। ਇਹ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਦਿਨਾਂ ਨੂੰ ਮਨਾਇਆ ਜਾਂਦਾ ਹੈ। ਜ਼ਿਆਦਾਤਰ ਦੇਸ਼ਾਂ ਵਿੱਚ ਇਹ ਦਿਨ 1 ਮਈ ਨੂੰ ਮਨਾਇਆ ਜਾਂਦਾ ਹੈ, ਜੋ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹੁੰਦਾ ਹੈ।
ਪੁਰਾਣੇ ਸਮੇਂ ਵਿੱਚ ਮਜ਼ਦੂਰਾਂ ਦੀ ਹਾਲਤ ਬਹੁਤ ਮਾੜੀ ਸੀ। ਮਜ਼ਦੂਰ ਦਿਵਸ ਦੀ ਕਹਾਣੀ ਉਦਯੋਗੀਕਰਨ ਦੇ ਵਾਧੇ ਨਾਲ ਸ਼ੁਰੂ ਹੋਈ। ਸਨਅਤਕਾਰਾਂ ਨੇ ਮਜ਼ਦੂਰ ਜਮਾਤ ਦਾ ਸ਼ੋਸ਼ਣ ਕੀਤਾ ਹੋਇਆ ਸੀ, ਮਜ਼ਦੂਰਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਸੀ ਅਤੇ ਦਿਨ ਵਿੱਚ 15 ਘੰਟੇ ਤੱਕ ਕੰਮ ਕਰਨਾ ਪੈਂਦਾ ਸੀ। ਉਨ੍ਹਾਂ ਨੂੰ ਸੱਟਾਂ ਲੱਗਦੀਆਂ ਅਤੇ ਉਨ੍ਹਾਂ ਨੂੰ ਕੰਮ ਵਾਲੀ ਥਾਂ ‘ਤੇ ਹੋਰ ਭਿਆਨਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਵੱਲੋਂ ਕੀਤੀ ਸਖ਼ਤ ਮਿਹਨਤ ਦੇ ਬਾਵਜੂਦ ਇਨ੍ਹਾਂ ਲੋਕਾਂ ਨੂੰ ਮਾਮੂਲੀ ਮਜਦੂਰੀ ਦਿੰਦੇ ਸਨ।
ਇਨ੍ਹਾਂ ਲੋਕਾਂ ਨੂੰ ਕੰਮ ਦੇ ਲੰਬੇ ਸਮੇਂ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਚੰਗੇ ਸਾਧਨਾਂ ਦੀ ਘਾਟ ਕਾਰਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਦੀ ਵਧਦੀ ਗਿਣਤੀ ਕਾਰਨ ਮਜ਼ਦੂਰ ਯੂਨੀਅਨਾਂ ਨੇ ਇਸ ਸਿਸਟਮ ਵਿਰੁੱਧ ਆਵਾਜ਼ ਉਠਾਉਣ ਲਈ ਸੰਘਰਸ਼ ਸ਼ੁਰੂ ਕੀਤਾ। ਗੁੱਸੇ ਵਿੱਚ ਆਏ ਮਜ਼ਦੂਰਾਂ ਨੇ ਯੂਨੀਅਨਾਂ ਬਣਾਈਆਂ ਜੋ ਕਾਫ਼ੀ ਸਮੇਂ ਤੱਕ ਆਪਣੇ ਹੱਕਾਂ ਲਈ ਲੜਦੀਆਂ ਰਹੀਆਂ। ਇਸ ਤੋਂ ਬਾਅਦ ਮਜ਼ਦੂਰਾਂ ਅਤੇ ਮਜ਼ਦੂਰ ਵਰਗ ਦੇ ਲੋਕਾਂ ਲਈ 8 ਘੰਟੇ ਦੀ ਕੰਮ ਦੀ ਸ਼ਿਫਟ ਤੈਅ ਕੀਤੀ ਗਈ। ਇਸ ਅਨੁਸਾਰ ਵਿਅਕਤੀ ਨੂੰ ਸਿਰਫ਼ ਅੱਠ ਘੰਟੇ ਕੰਮ ਕਰਨਾ ਚਾਹੀਦਾ ਹੈ। ਉਸਨੂੰ ਮਨੋਰੰਜਨ ਲਈ ਅੱਠ ਘੰਟੇ ਅਤੇ ਆਰਾਮ ਲਈ ਅੱਠ ਘੰਟੇ ਮਿਲਣੇ ਚਾਹੀਦੇ ਹਨ।
ਭਾਵੇਂ ਕਿ ਮਜ਼ਦੂਰ ਦਿਵਸ ਦਾ ਇਤਿਹਾਸ ਅਤੇ ਮੂਲ ਵੱਖ-ਵੱਖ ਦੇਸ਼ਾਂ ਵਿੱਚ ਵੱਖੋ-ਵੱਖਰਾ ਹੈ ਪਰ ਇਸ ਦੇ ਪਿੱਛੇ ਮੁੱਖ ਕਾਰਨ ਇੱਕੋ ਹੀ ਹੈ ਅਤੇ ਉਹ ਹੈ ਮਜ਼ਦੂਰ ਜਮਾਤ ਨਾਲ ਬੇਇਨਸਾਫ਼ੀ ਹੋਣ ਤੋਂ ਰੋਕਣਾ। ਇਹ ਬਹੁਤ ਮੰਦਭਾਗੀ ਗੱਲ ਸੀ ਕਿ ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਵਾਲੇ ਲੋਕਾਂ ਦੇ ਵਰਗ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਦੇ ਖਿਲਾਫ ਕਈ ਅੰਦੋਲਨ ਹੋਏ ਅਤੇ ਆਖਰਕਾਰ ਇਹ ਮਜ਼ਦੂਰ ਦਿਵਸ ਦਿਨ ਹੋਂਦ ਵਿਚ ਆਇਆ।
ਇਸ ਤੋ ਇਲਾਵਾ ਹਿੰਦੁਸਤਾਨ, ਪੰਜਾਬ ਅਤੇ ਵੱਖ-ਵੱਖ ਸੂਬਿਆਂ ਵਿਚ ਸਰਕਾਰਾਂ ਬਦਲਦੀਆਂ ਰਹੀਆਂ ਹਨ। ਇਨ੍ਹਾਂ ਸਰਕਾਰਾਂ ਨੇ ਮਜ਼ਦੂਰਾਂ ਬਾਰੇ ਬਹੁਤਾ ਕੁਝ ਨਹੀਂ ਸੋਚਿਆ ਹੈ, ਜਿਸ ਕਾਰਨ ਮਜ਼ਦੂਰ ਅੱਜ ਮਜਦੂਰ ਦਿਵਸ ਤੇ ਗਰਮੀ ਵਿੱਚ ਪਸੀਨਾ ਹੀ ਵਹਾ ਰਿਹਾ ਹੈ ਅਤੇ ਉਦਯੋਗਪਤੀ, ਸਨਤਕਾਰ ਅਤੇ ਨੀਤੀਆਂ ਬਣਾਉਣ ਵਾਲੇ ਅਫਸਰ ਠੰਢੇ ਕਮਰਿਆਂ ਵਿੱਚ ਮਜ਼ਦੂਰਾਂ ਤੇ ਉੱਤੇ ਸੋਸ਼ਣ ਕਰਕੇ ਮਜਦੂਰ ਦਿਵਸ ਦੀ ਛੁੱਟੀ ਦਾ ਆਨੰਦ ਮਾਣ ਰਹੇ ਹਨ। ਸਗੋਂ ਸਰਕਾਰਾਂ ਨੂੰ ਚਾਹੀਦਾ ਹੈ ਮਜ਼ਦੂਰ ਦਿਵਸ ਤੇ ਹਰੇਕ ਤਰ੍ਹਾਂ ਦੇ ਮਜ਼ਦੂਰ ਨੂੰ ਇਸ ਦਿਨ ਛੁੱਟੀ ਕਰਵਾ ਕੇ ਉਸ ਨੂੰ ਮਜਦੂਰ ਦਿਵਸ ਦੀ ਮਜ਼ਦੂਰੀ ਉਸ ਦੇ ਖਾਤੇ ਵਿਚ ਪਾ ਦੇਣੀ ਚਾਹੀਦੀ ਹੈ।
ਇਸ ਤਰ੍ਹਾਂ ਕਰਨ ਨਾਲ ਮਜ਼ਦੂਰਾਂ ਨੂੰ ਮਜਦੂਰ ਦਿਵਸ ਦਾ ਜ਼ਰੂਰ ਅਹਿਸਾਸ ਹੋਵੇਗਾ। ਇਸ ਤੋਂ ਇਲਾਵਾ ਅਸੀਂ ਜਾਣਦੇ ਹਾਂ ਕਿ ਮਜ਼ਦੂਰ ਆਪਣੀ ਕਿਰਤ ਵੇਚ ਕੇ ਘੱਟੋ-ਘੱਟ ਤਨਖਾਹ ਪ੍ਰਾਪਤ ਕਰਦਾ ਹੈ। ਇਹੀ ਕਾਰਨ ਹੈ ਕਿ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਇਸ ਲਈ ਇਹ ਦਿਨ ਅੰਤਰਰਾਸ਼ਟਰੀ ਮਜ਼ਦੂਰ ਸੰਘਾਂ ਨੂੰ ਉਤਸ਼ਾਹਿਤ ਕਰਨ ਲਈ ਹੈ। ਇਸ ਤਰ੍ਹਾਂ, ਇਹ ਸਮਾਜ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਕਦਰ ਕਰਨ ਅਤੇ ਮਾਨਤਾ ਦੇਣ ਲਈ ਇੱਕ ਵਿਸ਼ੇਸ਼ ਦਿਨ ਹੈ ਕਿਉਂਕਿ ਇਸ ਦੇ ਉਹ ਨਿਸ਼ਚਤ ਤੌਰ ‘ਤੇ ਯੋਗ ਹਨ।
ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly