(ਸਮਾਜ ਵੀਕਲੀ): ਸ ਚੇਤ ਰਾਮ ਦਾ ਜਨਮ 2 ਅਪ੍ਰੈਲ 1934 ਨੂੰ ਮਾਤਾ ਰਤਨ ਕੌਰ ਦੀ ਕੁੱਖੋਂ ਸ ਕਾਕਾ ਸਿੰਘ ਦੇ ਘਰ ਪਿੰਡ ਬਾਸੀਆਂ ਬੇਟ (ਲੁਧਿਆਣਾ) ਵਿਖੇ ਹੋਇਆ। ਆਪ ਚਾਰ ਭਰਾਵਾਂ ਤੇ ਇੱਕ ਭੈਣ ਚੋਂ ਦੂਜੇ ਥਾਂ ਤੇ ਸਨ। ਉਸ ਸਮੇਂ ਦੇ ਹਲਾਤਾਂ ਅਨੁਸਾਰ ਆਪ ਨੇ ਤੰਗੀਆਂ-ਤੁਰਸੀਆਂ ਨਾਲ ਜੂਝਦੇ ਹੋਏ ਮੈਟ੍ਰਿਕ ਦੀ ਪ੍ਰੀਖਿਆ ਮੈਰਿਟ ਵਿੱਚ ਆ ਕੇ ਪਾਸ ਕੀਤੀ। ਆਪ ਅੱਗੇ ਪੜਨਾਂ ਚਾਹੁੰਦੇ ਸਨ ਪਰ ਘਰੇਲੂ ਹਲਾਤਾਂ ਕਾਰਨ ਉੱਚ ਵਿੱਦਿਆ ਪ੍ਰਾਪਤ ਨਾਂ ਕਰ ਸਕੇ। ਆਪ ਨੂੰ ਕਵੀਸਰੀ ਦਾ ਸੌਕ ਸੀ,ਜਿਸ ਨੂੰ ਆਪ ਨੇ ਆਪਣੇ ਸਾਥੀ ਅਮਰੀਕ ਸਿੰਘ ਤਲਵੰਡੀ (ਲਾਇਬ੍ਰੇਰੀਅਨ) ਨਾਲ ਜੋੜੀ ਬਣਾ ਕੇ ਪੂਰਾ ਕੀਤਾ ਕਿਉਂਕਿ ਉਸ ਸਮੇਂ ਅਮਰੀਕ ਸਿੰਘ ਤਲਵੰਡੀ ਲਿਖਦੇ ਸਨ। ਆਪ ਨੂੰ ਆਲ-ਇੰਡੀਆ ਰੇਡੀਓ ਤੋਂ ਕਵੀਸਰੀ ਗਾਉਣ ਦਾ ਮੌਕਾ ਵੀ ਪ੍ਰਾਪਤ ਹੋਇਆ। ਆਪ ਦੀ ਕਵੀਸਰੀ ਤੋਂ ਪ੍ਰਭਾਵਿਤ ਹੋ ਉਸ ਸਮੇਂ ਦੇ ਮੁੱਖ ਮੰਤਰੀ ਸ ਪ੍ਰਤਾਪ ਸਿੰਘ ਕੈਰੋਂ ਨੇ ਆਪ ਦੀ ਸਲਾਘਾ ਕੀਤੀ ਤੇ ਡੀ ਸੀ ਦਫ਼ਤਰ ਵਿੱਚ ਕਲਰਕ ਦੀ ਨੌਕਰੀ ਦਿਵਾਉਣ ਵਿੱਚ ਯੋਗਦਾਨ ਪਾਇਆ। ਉਸ ਤੋਂ ਬਾਅਦ ਆਪ ਨੇ ਪਿੱਛੇ ਮੁੜ ਨਹੀਂ ਦੇਖਿਆ। ਆਪਣੇ ਭਰਾਵਾਂ ਸਮੇਤ ਪੂਰੇ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ।
ਆਪ ਦਾ ਵਿਆਹ ਸ਼੍ਰੀਮਤੀ ਸੁਰਜੀਤ ਕੌਰ ਨਾਲ ਪਿੰਡ ਦੇਹੜਕਾ ਵਿਖੇ ਹੋਇਆ। ਆਪ ਦੇ ਘਰ ਦੋ ਪੁੱਤਰ ਕੁਲਵੰਤ ਸਿੰਘ ਤੇ ਜਸਵੰਤ ਸਿੰਘ ਅਤੇ ਦੋ ਪੁੱਤਰੀਆਂ ਕੁਲਦੀਪ ਕੌਰ ਤੇ ਮਨਜੀਤ ਕੌਰ ਨੇ ਜਨਮ ਲਿਆ। ਜਿਸ ਤਰ੍ਹਾਂ ਆਪ ਘਰੇਲੂ ਹਾਲਤਾਂ ਕਾਰਨ ਉਚੇਰੀ ਵਿੱਦਿਆ ਹਾਸਲ ਨਹੀਂ ਕਰ ਸਕੇ ਤਾਂ ਉਹਨਾਂ ਨੇ ਆਪਣਾ ਇਹ ਸੁਪਨਾ ਆਪਣੇ ਬੱਚਿਆਂ ਨੂੰ ਉੱਚ ਤਾਲੀਮ ਦਿਵਾ ਕੇ ਪੂਰਾ ਕੀਤਾ। ਉਹਨਾਂ ਦੇ ਦਿਖਾਏ ਮਿਹਨਤੀ ਪਦ ਚਿੰਨਾਂ ਤੇ ਚੱਲਦੇ ਹੋਏ ਵੱਡੇ ਬੇਟੇ ਇੰਜੀਨੀਅਰ ਕੁਲਵੰਤ ਸਿੰਘ ਪਬਲਿਕ ਹੈਲਥ ਵਿਭਾਗ ਵਿੱਚੋਂ ਐੱਸ ਈ ਅਤੇ ਛੋਟੇ ਬੇਟੇ ਡਾਕਟਰ ਜਸਵੰਤ ਸਿੰਘ ਬਤੌਰ ਏ ਸੀ ਐੱਸ (ਸਿਹਤ ਵਿਭਾਗ) ਤੋਂ ਸੇਵਾ ਮੁਕਤ ਹੋਏ ਹਨ। ਦੋਨੋਂ ਨੁੰਹਾਂ ਬਲਜਿੰਦਰ ਕੌਰ ਤੇ ਜਸਵਿੰਦਰ ਕੌਰ ਚੰਗੇ ਸੰਸਕਾਰੀ ਪਰਿਵਾਰਾਂ ਚੋਂ ਹਨ। ਵੱਡੀ ਬੇਟੀ ਕੁਲਦੀਪ ਕੌਰ ਜਗਰਾਉਂ ਦੇ ਨਾਮੀ ਪਰਿਵਾਰ (ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੇ ਕੁੜਮਾਚਾਰੀ ਚ) ਸ ਚਰਨ ਸਿੰਘ ਨਾਲ ਤੇ ਛੋਟੀ ਬੇਟੀ ਨੂਰਪੁਰਾ ਦੇ ਨਾਮੀ ਪਰਿਵਾਰ ਵਿੱਚ ਪ੍ਰਿੰਸੀਪਲ ਗੁਰਮੇਲ ਸਿੰਘ ਨਾਲ ਵਿਆਹੀ। ਆਪ ਦਾ ਪੋਤਾ ਤੇਜਿੰਦਰਪਾਲ ਸਿੰਘ ਤੇ ਪੋਤੀ ਅਮਨਜੋਤ ਕੌਰ ਐੱਮ ਡੀ ਡਾਕਟਰ ਤੇ ਛੋਟੀ ਪੋਤੀ ਸਿਮਰਨਜੋਤ ਕੌਰ ਐੱਮ ਡੀ ਐੱਸ ਦੀ ਤੇ ਛੋਟਾ ਪੋਤਾ ਲਾਅ ਦੀ ਪੜ੍ਹਾਈ ਕਰ ਰਹੇ ਹਨ।
ਆਪ ਦੇ ਦੋਹਤੇ-ਦੋਹਤੀਆਂ ਅੱਜ- ਕੱਲ ਕੈਨੇਡਾ-ਅਮਰੀਕਾ ਵਿੱਚ ਸੈਟਲ ਹਨ। ਜਿੱਥੇ ਆਪ ਨੇ ਆਪਣੇ ਪਰਿਵਾਰ ਦੀ ਕਾਮਯਾਬੀ ਵਿੱਚ ਯੋਗਦਾਨ ਪਾਇਆ,ਉੱਥੇ ਪਿੰਡ ਦੀ ਤਰੱਕੀ ਤੇ ਸਾਂਝੇ ਮਸਲਿਆਂ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ। ਆਪ ਨੇ ਆਪਣੇ ਤਾਏ ਦੇ ਲੜਕਿਆਂ ਨੂੰ ਸਰਪੰਚ ਬਣਾ ਪਿੰਡ ਦੀ ਤਰੱਕੀ ਚ ਵੀ ਯੋਗਦਾਨ ਪਾਇਆ ਤੇ ਅੱਜ ਕੱਲ ਪਿੰਡ ਦੇ ਨੰਬਰਦਾਰ ਚੱਲੇ ਆ ਰਹੇ ਸਨ। ਆਪਣੀ ਪੜਪੋਤੇ-ਪੜਪੋਤੀਆਂ ਤੇ ਪੜਦੋਹਤੀਆਂ ਨਾਲ ਭਰੀ ਫੁੱਲਵਾੜੀ 26 ਅਪ੍ਰੈਲ 2023 ਨੂੰ ਛੱਡ ਰੱਬ ਦੇ ਚਰਨਾਂ ਵਿੱਚ ਜਾ ਵਿਰਾਜੇ। ਉਹਨਾਂ ਨਮਿੱਤ ਸ਼੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 5 ਮਈ 2023 ਨੂੰ ਗੁਰਦੁਆਰਾ ਦਸ਼ਮੇਸ਼ ਨਗਰ,ਕੱਚਾ ਮਲਕ ਰੋਡ ਜਗਰਾਉਂ ਵਿਖੇ ਹੋਵੇਗੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly