ਚੁੱਪ ਨਾ ਰਿਹਾ ਕਰ ਪੜ੍ਹਦਿਆਂ… !!!

(ਸਮਾਜ ਵੀਕਲੀ)

ਕਿਤਾਬ ਦਾ ਨਾਮ/ ਚੁੱਪ ਨਾ ਰਿਹਾ ਕਰ
ਲੇਖਕ ਦਾ ਨਾਮ- ਹਰਪ੍ਰੀਤ ਕੌਰ ਸੰਧੂ
ਪ੍ਰਕਾਸ਼ਕ- ਕੇਲੀਬਰ ਪਬਲੀਕੇਸ਼ਨ ਪਟਿਆਲ਼ਾ 98154-48958
ਪੰਨੇ-96
ਕੀਮਤ-145/-

ਹਰਪ੍ਰੀਤ ਦੀ ਸ਼ਖਸੀਅਤ ਦੀ ਇਹ ਖੂਬਸੂਰਤੀ ਹੈ ਕਿ ਉਹ ਚੁੱਪ ਨਹੀਂ ਰਹਿੰਦੀ ਤੇ ਸਭ ਨੂੰ ਪ੍ਰੇਰਦੀ ਹੈ ਕਿ ਸਵਾਲ ਕੀਤੇ ਜਾਣ। ਉਸ ਦੀ ਕਵਿਤਾ ਵੀ ਸਵਾਲ ਕਰਦੀ ਜਿਵੇਂ ਉਹ ਆਪ ਕਰਦੀ ਹੈ। ਉਸਦਾ ਇਹ ਗੁਣ ਕਈ ਵਾਰ ਔਗੁਣ ਵੀ ਬਣ ਜਾਂਦੇ ਜਦੋਂ ਉਹ ਇਸ ਵਿਚ ਸਮ-ਤੋਲ ਨਹੀਂ ਬਣਾ ਪਾਉਂਦੀ। ਉਹ ਬਹੁਤ ਸੰਵੇਦਨਸ਼ੀਲ ਸ਼ਾਇਰਾ ਹੈ।

ਕਿਸਾਨ ਦੀ ਧੀ ਕਿਸਾਨ ਲਈ ਅਵਾਜ਼ ਬੁਲੰਦ ਕਰਦੀ ਹੈ। ਉਹ ਮਨੁੱਖ ਦੇ ਦੇਵਤਾ ਹੋ ਜਾਣ ਤੋਂ ਪੱਥਰ ਹੋ ਜਾਣ ਦੇ ਸਫ਼ਰ ਦੀ ਗੱਲ ਕਰਦੀ ਹੈ। ਸੰਤਾਲੀ ਦਾ ਦਰਦ ਉਸਦੇ ਅੰਦਰ ਪਿਆ। ਕਵੀ ਦੀਆਂ ਕਵਿਤਾਵਾਂ ਲੋਕ ਪੱਖੀ ਹਨ। ਉਸ ਦੀਆਂ ਕਵਿਤਾਵਾਂ ਵਿਚ ਮਾਨਵਤਾ ਦਾ ਫਿਕਰ ਹੈ। ਉਹ ਚਿੰਤਤ ਹੈ ਕਿ ਪਾਣੀ ਮੁੱਕ ਰਹੇ ਹਨ, ਜਜ਼ਬਾਤ ਮੁੱਕ ਰਹੇ ਹਨ, ਤਹਿਜ਼ੀਬ ਮਨਫ਼ੀ ਹੋ ਰਹੀ ਹੈ, ਭਰੋਸਾ ਗੁਆਚ ਗਿਆ, ਰਿਸ਼ਤਿਆਂ’ਚ ਪਿਆਰ ਗੁੰਮ ਗਿਆ।

ਉਹ ਧਰਮ ਦੇ ਨਾਮ ਤੇ ਵੰਡ ਪਾਉਣ ਵਾਲਿਆਂ ਤੋਂ ਸੂਚੇਤ ਰਹਿਣ ਲਈ ਕਹਿੰਦੀ ਹੈ ਅਤੇ ਪਿਆਰ ਬਣਾਈ ਰੱਖਣ ਦੀ ਸਲਾਹ ਦਿੰਦੀ ਹੈ। ਉਸ ਦੀ ਕਵਿਤਾ ਤੋਂ ਲੱਗਦਾ ਹੈ ਕਿ ਇਨਸਾਨ ਹੋਣਾ ਉਸ ਦੀ ਪਹਿਲ ਹੈ। ਉਹ ਮੈਲੀਆਂ ਨਿਗਾਹਾਂ ਨਾਲ ਦੇਖਣ ਵਾਲਿਆਂ ਨੂੰ ਵੰਗਾਰਨ ਦੀ ਜੁਰਅਤ ਰੱਖਦੀ ਹੈ। ਉਹ ਵਿਅੰਗ ਵੀ ਕਰਨਾ ਜਾਣਦੀ ਹੈ। ਉਹ ਚੁੱਪ ਦੇ ਅਰਥਾਂ ਨੂੰ ਜਾਣਦੀ ਹੈ, ਉਸ ਨੇ ਚੁੱਪ ਨੂੰ ਮਹਿਸੂਸ ਕਰ ਕੇ ਉਸ ਨੂੰ ਪ੍ਰਭਾਸ਼ਿਤ ਵੀ ਕੀਤਾ ਹੈ। ਉਸ ਦੀ ਕਵਿਤਾ ਪੜ੍ਹ ਕੇ ਲੱਗਦਾ ਕਿ ਉਸ ਨੇ ਬਹੁਤ ਕੁਝ ਜਾਣ ਲਿਆ, ਬਹੁਤ ਕੁਝ ਸਮਝ ਲਿਆ, ਬਹੁਤ ਕੁਝ ਸਮਝਾਉਣਾ ਤੇ ਬਹੁਤ ਕੁਝ ਨਵਾਂ ਸਿੱਖਣਾ ਵੀ ਹੈ। ਉਹ ਰਿਸ਼ਤਿਆਂ’ਚ ਮੁਹੱਬਤ ਚਾਹੁੰਦੀ ਹੈ। ਉਸ ਦਾ ਇਹ ਰੰਗ ਮਾਣ ਸਕਦੇ ਹੋਃ-

🌿ਚੁੱਪ ਨਾ ਰਿਹਾ ਕਰ🌿

ਕਿਹੜਾ
ਜਾਦੂ
ਤੇਰੀ ਆਵਾਜ਼ ਵਿਚ

ਰੋਮ-ਰੋਮ
ਖਿੜ ਜਾਂਦਾ
ਜਦੋਂ ਬੋਲ ਤੇਰੇ
ਕੰਨਾਂ ਵਿਚ ਪੈਂਦੇ

ਤੂੰ ਜਾਣਦਾ ਹੈਂ ਕਰਾਮਾਤ
ਕੰਨਾਂ ਰਾਹੀਂ
ਰੂਹ ਵਿਚ ਉਤਰਨ ਦੀ

ਤੇਰੇ ਮਿੱਠੇ ਬੋਲ
ਮਾਰੂਥਲ ਵਿਚ
ਠੰਡੀ ਹਵਾ ਦੇ ਬੁੱਲ੍ਹੇ ਵਰਗੇ

ਤੇਰੀ ਆਵਾਜ਼
ਨਸ਼ਿਆਂ ਦਿੰਦੀ ਤਨ-ਮਨ
ਇੱਕ ਅਜੀਬ ਜਿਹਾ ਸਰੂਰ
ਮਹਿਸੂਸ ਹੁੰਦਾ
ਸੁਣ ਕੇ ਤੇਰੇ ਬੋਲ

ਚੁੱਪ ਨਾ ਰਿਹਾ ਕਰ
ਜਦੋਂ ਹੁੰਨਾ ਏਂ ਮੇਰੇ ਕੋਲ

ਹਰਪ੍ਰੀਤ ਦੀ ਕਵਿਤਾ ਦੇ ਅਹਿਸਾਸ ਬਹੁਤ ਕੋਮਲ ਹਨ। ਉਸ ਦੀ ਕਵਿਤਾ ਸਰਲ ਹੈ। ਕਵਿਤਾ ਸਰਲ ਹੀ ਹੋਣੀ ਚਾਹੀਦੀ ਹੈ। ਉਹ ਭਾਲ’ਚ ਹੈ ਜੋ ਕਿਤੇ ਗਵਾਚ ਗਿਆ। ਹਰਪ੍ਰੀਤ ਨੂੰ ਆਪਣੀ ਜ਼ਿੰਦਗੀ ਜਿਉਣ ਦੇ ਤਰੀਕੇ ਸਪਸ਼ਟ ਪਤਾ ਹਨ। ਉਹ ਜ਼ਿੰਦਗੀ ਕੱਢਣ ਨਾਲੋਂ ਜਿਉਣ’ਚ ਵਿਸ਼ਵਾਸ ਰੱਖਦੀ ਹੈ। ਉਹ ਬਹੁਤ ਬੇਬਾਕ ਹੈ। ਉਹ ਮਰਦ ਪ੍ਰਧਾਨ ਸਮਾਜ’ਚ ਆਪਣੀਆਂ ਸ਼ਰਤਾਂ ਤੇ ਜ਼ਿੰਦਗੀ ਜਿਉਂਦੀ ਹੈ ਜਾਂ ਜਿਉਣ ਦੀ ਕੋਸ਼ਿਸ਼ ਕਰਦੀ ਹੈ। ਉਹ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਜਾਣਦੀ ਹੈ। ਉਸਦੀ ਕਵਿਤਾ ਵਿਚ ਪ੍ਰਵਾਸ ਗਈਆਂ ਧੀਆਂ/ਕੁੜੀਆਂ ਲਈ ਫ਼ਿਕਰ ਹੈ।

ਉਸ ਦੀ ਕਵਿਤਾ ਤੇ ਉਹ ਕੁੜੀਆਂ ਨੂੰ ਉੱਡਣ ਲਈ ਖੁਲਾ ਆਸਮਾਨ ਦੇਣ ਦੀ ਪ੍ਰੇਰਣਾ ਦਿੰਦੀ ਹੈ। ਉਹ ਕੁੜੀਆਂ ਨੂੰ ਜੁਰਅਤ ਨਾਲ ਜਿਉਣਾ ਸਿਖਾਉਂਦੀ ਹੈ। ਉਹ ਆਤਮ ਵਿਸ਼ਵਾਸ ਨਾਲ ਭਰੀ ਪਈ ਹੈ ਪਰ ਉਹ ਕਾਹਲ਼ ਵਿਚ ਲੱਗਦੀ ਹੈ, ਉਸ ਨੂੰ ਸਹਿਜ ਹੋਣ ਦੀ ਜ਼ਰੂਰਤ ਹੈ। ਜੇ ਉਹ ਸਹਿਜ ਹੋਣ ਵਿਚ ਸਫ਼ਲ ਹੋ ਜਾਂਦੀ ਹੈ ਤਾਂ ਉਸ ਦਾ ਸਫ਼ਰ ਹੋਰ ਸੋਹਣਾ ਹੋਣ ਵਾਲਾ ਹੈ। ਕਲਾ ਪੱਖ ਤੋਂ ਭਾਵੇਂ ਉਸ ਨੇ ਅਜੇ ਹੋਰ ਸਿੱਖਣਾ ਹੈ ਪਰ ਉਸ ਦੀ ਕਵਿਤਾ ਦੇ ਮੁੱਦੇ ਵੱਡੇ ਹਨ। ਸਾਨੂੰ ਇਹੋ ਜਿਹੀ ਸੋਚ ਰੱਖਣ ਵਾਲੀ ਸ਼ਾਇਰ ਦਾ ਭਰਵਾਂ ਸਵਾਗਤ ਕਰਨਾ ਬਣਦਾ ਹੈ। ਵਿਲੱਖਣ ਤੇ ਦਲੇਰ ਹਰਪ੍ਰੀਤ ਦੀ ਕਵਿਤਾ ਪੜ੍ਹਨੀ ਬਣਦੀ ਹੈ। ਪਬਲਿਸ਼ਰ ਸੁਖਵਿੰਦਰ ਦਾ ਕੰਮ ਵਧੀਆ ਹੈ।

ਨਵਦੀਪ ਸਿੰਘ ਮੁੰਡੀ
ਪਟਿਆਲ਼ਾ
98880-90038

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜੇ ਵੀ ਬਾਕੀ ਐ,
Next articleਦੇਸ਼ ਦੀ ਤਰੱਕੀ ਲਈ ਭਾਜਪਾ ਦਾ ਸੱਤਾ ’ਚ ਆਉਣਾ ਜਰੂਰੀ-ਬਲਵੀਰ ਸਿੱਧੂ