“ਮੱਘਦੇ ਸੂਰਜ ਵਰਗਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ”

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਹਰ ਸਾਲ 20 ਅਪ੍ਰੈਲ ਨੂੰ ਕੰਮੀਆਂ ਦੇ ਵਿਹੜੇ ਵਿੱਚ ਮੱਘਦੇ ਸੂਰਜ ਵਾਂਗ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਯਾਦ ਕੀਤਾ ਜਾਂਦਾ ਹੈ ਜਿਸਨੇ ਆਪਣੀ ਜ਼ਿੰਦਗੀ ਦੇ 47 ਸਾਲ ਸਾਡੇ ਦੇਸ਼ ਦੀ ਜ਼ਾਤੀ ਵਿਵਸਥਾ, ਸਰਮਾਏਦਾਰੀ, ਅਤੇ ਜ਼ਾਤੀ ਨਫ਼ਰਤ ਦੇ ਖਿਲਾਫ ਸੰਘਰਸ਼ ਨੂੰ ਅਰਪਿਤ ਕੀਤੇ । ਜਿਹਨਾਂ ਦੀ ਹਰ ਕਵਿਤਾ ਅਤੇ ਗੀਤ ਵਿੱਚ ਗ਼ੁਰਬਤ ਭਰੀ ਜ਼ਿੰਦਗੀ ਜੀ ਰਹੇ ਲੋਕਾਂ ਦਾ ਦਰਦ ਛੁਪਿਆ ਹੋਇਆ ਸੀ ਇਹ ਦਰਦ ਖੁਦ ਉਸ ਨੇ ਆਪਣੇ ਪਿੰਡੇ ਵੀ ਹੰਢਾਇਆ ਸੀ ਇਸੇ ਕਰਕੇ ਉਹ ਸਚਮੁੱਚ ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ ਸੀ ਜੋ ਸਿਖਰ ਦੁਪਹਿਰੇ ਛਿਪ ਗਿਆ। ਉਹ ਖ਼ੁਦ ਭਾਵੇਂ ਛਿਪ ਗਿਆ ਪਰ ਉਹਦੇ ਗੀਤਾਂ ਤੇ ਨਜ਼ਮਾਂ ਦਾ ਤਪ-ਤੇਜ ਭਖਦਾ ਰਹੇਗਾ ਤੇ ਕਿਰਤੀ ਕਾਮਿਆਂ ਅੰਦਰ ਰੋਹ ਦੀਆਂ ਚਿਣਗਾਂ ਬਾਲਦਾ ਰਹੇਗਾ।

ਉਦਾਸੀ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਜਮਾਤੀ ਦੁਸ਼ਮਣਾਂ ਅਤੇ ਸਰਮਾਏਦਾਰੀ ਦੇ ਸਫਾਏ ਦੀ ਐਸੀ ਅੱਗ ਬਾਲੀ ਜੋ ਹਾਕਮਾਂ ਤੇ ਲੋਟੂਆਂ ਦੇ ਬੁਝਾਉਣ ਦੇ ਬਾਵਜੂਦ ਬੁਝਣ ਵਾਲੀ ਨਹੀਂ ਸੀ। ਜਦੋਂ ਉਹ ਗਾਉਂਦਾ ਤਾਂ ਉਹਦੇ ਗੀਤਾਂ ਵਿਚਲੀ ਰੋਹ ਭਰੀ ਲਲਕਾਰ ਹੋਰ ਵੀ ਪ੍ਰਚੰਡ ਹੋ ਜਾਂਦੀ ਸੀ। ਉਹ ਖੱਬਾ ਹੱਥ ਕੰਨ ‘ਤੇ ਧਰ ਕੇ ਸੱਜੀ ਬਾਂਹ ਅਸਮਾਨ ਵੱਲ ਉਗਾਸਦਾ ਤਾਂ ਉਹਦੇ ਹਾਕ ਮਾਰਵੇਂ ਬੋਲ ਦੂਰ ਤਕ ਗੂੰਜਦੇ। ਮਲਵਈ ਪੁੱਠ ਵਾਲੀ ਗਰਾਰੀਦਾਰ ਆਵਾਜ਼ ਦੀਆਂ ਤਰੰਗਾਂ ਨਾਲ ਚਾਰਚੁਫੇਰਾ ਲਰਜ਼ ਉੱਠਦਾ। ਉਹ ਆਪਣੀ ਸੰਖ ਵਰਗੀ ਗੂੰਜਵੀਂ ਆਵਾਜ਼ ਨਾਲ ਹਜ਼ਾਰਾਂ ਸਰੋਤਿਆਂ ਦੇ ‘ਕੱਠਾਂ ਨੂੰ ਕੀਲ ਲੈਂਦਾ। ਲੋਕ ਪੱਬਾਂ ਭਾਰ ਹੋ ਕੇ ਉਦਾਸੀ ਨੂੰ ਸੁਣਦੇ ਤੇ ਉਹਦੇ ਗੀਤਾਂ ਦੇ ਰੰਗ ਵਿਚ ਰੰਗੇ ਜਾਂਦੇ। ਜਿੰਨੇ ਜਾਨਦਾਰ ਉਹਦੇ ਗੀਤ ਸਨ ਉਨੀ ਹੀ ਧੜੱਲੇਦਾਰ ਉਹਦੀ ਆਵਾਜ਼ ਸੀ। ਗੀਤਾਂ ਤੇ ਕਵਿਤਾਵਾਂ ਨੂੰ ਪੇਸ਼ ਕਰਨ ਦਾ ਉਹਦਾ ਅੰਦਾਜ਼ ਵੀ ਅਦੁੱਤੀ ਸੀ। ਉਹ ਹਿੱਕ ਦੇ ਤਾਣ ਨਾਲ ਇਨਕਲਾਬੀ ਗੀਤ ਗਾਉਂਦਾ:

ਦੇਸ਼ ਹੈ ਪਿਆਰਾ ਸਾਨੂੰ ਜਿ਼ੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ।
ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ…।
ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ, ਆਖਦੇ ਨੇ ਲੋਕੀਂ ਹਿੱਕਾਂ ਠੋਕ ਹਾਣੀਆਂ।
ਹੜ੍ਹ ਲੋਕਤਾ ਦਾ, ਹੜ੍ਹ ਲੋਕਤਾ ਦਾ ਕਿਹੜਾ ਸਕੂ ਰੋਕ ਹਾਣੀਆਂ…।
ਗੱਜਣਗੇ ਸ਼ੇਰ ਜਦੋਂ, ਭੱਜਣਗੇ ਕਾਇਰ ਸੱਭੇ, ਰੱਜਣਗੇ ਕਿਰਤੀ ਕਿਸਾਨ ਮੁੜ ਕੇ।
ਜ਼ਰਾ ਹੱਲਾ ਮਾਰੋ, ਜ਼ਰਾ ਹੱਲਾ ਮਾਰੋ, ਕਿਰਤੀ ਕਿਸਾਨ ਜੁੜ ਕੇ…।

ਸੰਤ ਰਾਮ ਉਦਾਸੀ 20 ਅਪ੍ਰੈਲ 1939 ਨੂੰ ਜਿ਼ਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਚ ਕੰਮੀਆਂ ਦੇ ਵਿਹੜੇ ਜੰਮਿਆ। ਕੰਮੀ ਵੀ ਉਹ ਜਿਨ੍ਹਾਂ ਨੂੰ ਮਜ਼੍ਹਬੀ ਸਿੱਖ ਕਿਹਾ ਜਾਂਦੈ। ਉਸ ਦੇ ਪਿਤਾ ਦਾ ਨਾਂ ਮਿਹਰ ਸਿੰਘ ਤੇ ਮਾਤਾ ਦਾ ਧੰਨ ਕੌਰ ਸੀ। ਉਸ ਦਾ ਪੜਦਾਦਾ ਭਾਈ ਕਾਹਲਾ ਸਿੰਘ ਆਪਣੇ ਸਮੇਂ ਦਾ ਚੰਗਾ ਗਵੰਤਰੀ ਸੀ। ਉਦਾਸੀ ਨੂੰ ਹੇਕਮਈ ਸੁਰੀਲੀ ਆਵਾਜ਼ ਵਿਰਸੇ ਵਿਚ ਮਿਲੀ। ਉਨ੍ਹਾਂ ਦੇ ਵਡੇਰੇ ਦਿਆਲਪੁਰਾ ਭਾਈਕਾ ਤੋਂ ਉੱਠ ਕੇ ਰਾਏਸਰ ਆਏ ਸਨ। ਉਦੋਂ ਪੰਜਾਬ ਵਿਚ ਵੀ ਨਕਸਲਬਾੜੀ ਲਹਿਰ ਪਹੁੰਚ ਚੁੱਕੀ ਸੀ। ਉਹ ਨਕਸਲਬਾੜੀ ਲਹਿਰ ਵਿਚ ਕੁੱਦ ਪਿਆ ਸੀ ਤੇ ਜਮਾਤੀ ਦੁਸ਼ਮਣਾਂ ਅਤੇ ਸਰਮਾਏਦਾਰੀ ਦੇ ਸਫਾਏ ਦੀਆਂ ਗੱਲਾਂ ਕਰਦਾ ਇਨਕਲਾਬੀ ਗੀਤ ਗਾਉਂਦਾ ਸੀ। ਉਹਦੇ ਗੀਤ ਵੱਡੇ-ਵੱਡੇ ‘ਕੱਠਾਂ ਨੂੰ ਬੰਨ੍ਹ ਬਿਠਾਉਂਦੇ। ਟੋਲੀਆਂ ਦੀਆਂ ਟੋਲੀਆਂ ਉਹਨੂੰ ਇਓਂ ਸੁਣਨ ਜਾਂਦੀਆਂ ਸਨ ਜਿਵੇਂ ਲੋਕੀ ਸੁਰਿੰਦਰ ਕੌਰ ਅਤੇ ਯਮਲੇ ਜੱਟ ਨੂੰ ਸੁਣਨ ਜਾਂਦੀਆਂ ਸਨ । ਉਸ ਵੇਲੇ ਸ਼ਿਵ ਕੁਮਾਰ ਦੀ ਆਪਣੀ ਥਾਂ ਸੀ ਤੇ ਉਦਾਸੀ ਨੇ ਆਪਣੀ ਥਾਂ ਬਣਾ ਲਈ ਸੀ। ਸ਼ਿਵ ਕੁਮਾਰ ਬਿਰਹਾ ਗਾਉਂਦਾ ਸੀ ਜਦ ਕਿ ਉਦਾਸੀ ਇਨਕਲਾਬ ਦੀਆਂ ਹੇਕਾਂ ਲਾਉਂਦਾ ਸੀ।

ਸੰਤ ਰਾਮ ਉਦਾਸੀ ਦਾ ਬਚਪਨ ਆਮ ਕੰਮੀਆਂ ਦੇ ਨਿਆਣਿਆਂ ਵਾਂਗ ਤੰਗੀ ਤੁਰਸ਼ੀ ਵਿਚ ਹੀ ਬੀਤਿਆ ਪਰ ਇਸ ਗੱਲੋਂ ਉਹ ਖੁਸ਼ਕਿਸਮਤ ਰਿਹਾ ਕਿ ਪਛੜੇ ਇਲਾਕੇ ਦੇ ਪਛੜੇ ਪਿੰਡ ਵਿਚ ਵੀ ਦਸਵੀਂ ਤਕ ਪੜ੍ਹ ਗਿਆ। ਉਨ੍ਹਾਂ ਦਾ ਪਰਿਵਾਰ ਨਾਮਧਾਰੀ ਬਣ ਗਿਆ ਸੀ ਜਿਨ੍ਹਾਂ ਨੂੰ ਕੂਕੇ ਕਿਹਾ ਜਾਂਦਾ ਸੀ। ਉਹ ਚਿੱਟੀਆਂ ਗੋਲ ਪੱਗਾਂ ਬੰਨ੍ਹਦੇ ਸਨ। ਨਾਮਧਾਰੀ ਮਾਹੌਲ ਵਿਚ ਸੰਤ ਰਾਮ ਪੜ੍ਹਾਈ ਵੱਲ ਪ੍ਰੇਰਿਆ ਗਿਆ। ਅੱਖਰਾਂ ਦੀ ਜਾਣਕਾਰੀ ਨੇ ਉਸ ਲਈ ਗਿਆਨ ਦੇ ਬੂਹੇ ਖੋਲ੍ਹ ਦਿੱਤੇ। ਦਸਵੀਂ ਕਰ ਕੇ ਉਹ ਭੈਣੀ ਸਾਹਿਬ ਚਲਾ ਗਿਆ ਤੇ ਕੁਝ ਸਮਾਂ ਪੌਂਗ ਡੈਮ ‘ਤੇ ਮੁਣਸ਼ੀ ਦੀ ਨੌਕਰੀ ਕੀਤੀ। ਫਿਰ ਉਹ ਬਖਤਗੜ੍ਹ ਤੋਂ ਜੇ. ਬੀ. ਟੀ. ਦਾ ਕੋਰਸ ਕਰ ਕੇ ਪ੍ਰਾਇਮਰੀ ਸਕੂਲ ਬੀਹਲੇ ਵਿਚ ਅਧਿਆਪਕ ਲੱਗ ਗਿਆ ਜਿਸ ਨਾਲ ਉਹ ਪੈਰਾਂ ਸਿਰ ਹੋ ਗਿਆ ਤੇ ਪਜਾਮੇ ਦੀ ਥਾਂ ਪੈਂਟ ਪਾਉਣ ਲੱਗਾ। ਪਿੰਡ ਦੇ ਉਚੀ ਜ਼ਾਤੀ ਦੇ ਲੋਕ ਕਹਿੰਦੇ ਕਿ, “ ਵਿਹੜੇ ਵਾਲਾ ਪੈਂਟਾਂ ਪਾ-ਪਾ ਦਿਖਾਉਂਦੈ!”

ਮਾਸਟਰ ਲੱਗ ਕੇ ਉਹਦੇ ਗਿਆਨ ਤੇ ਤਜਰਬੇ ਵਿਚ ਵਾਧਾ ਹੋਣਾ ਸ਼ੁਰੂ ਹੋਇਆ ਅਤੇ ਅਧਿਆਪਕਾਂ ਵਿਚ ਉਹਦਾ ਦਾਇਰਾ ਖੁੱਲ੍ਹ ਗਿਆ। ਬਚਪਨ ਵਿਚ ਉਹਦੀਆਂ ਅੱਖਾਂ ‘ਚ ਕੁੱਕਰੇ ਪੈ ਜਾਣ ਕਾਰਨ ਸਾਰੀ ਉਮਰ ਉਹ ਚੁੰਨ੍ਹੀਆਂ ਅੱਖਾਂ ਵਾਲਾ ਕਹਾਉਂਦਾ ਰਿਹਾ। ਉਹਤੋਂ ਕੁੱਟ ਖਾਣੇ ਵਿਦਿਆਰਥੀ ਉਹਨੂੰ ਚੁੰਨ੍ਹੀਆਂ ਅੱਖਾਂ ਵਾਲਾ ਮਾਸਟਰ ਹੀ ਕਹਿੰਦੇ।

ਉਸ ਦਾ ਇਹ ਕਾਵਿ-ਬੰਦ ਉਹਦੀ ਆਪਣੀ ਅਤੇ ਕੰਮੀਆਂ ਦੇ ਵਿਹੜੇ ਦੇ ਜੁਆਕਾਂ ਦੀ ਹਾਲਤ ਨੂੰ ਬਿਆਨਦਾ ਹੈ:

ਜਿੱਥੇ ਬੰਦਾ ਜੰਮਦਾ ਸੀਰੀ ਹੈ

ਟਕਿਆਂ ਦੀ ਮੀਰੀ ਪੀਰੀ ਹੈ

ਜਿੱਥੇ ਕਰਜ਼ੇ ਹੇਠ ਪੰਜੀਰੀ ਹੈ

ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜੇਹੜੇ

ਤੂੰ ਮਘਦਾ ਰਈਂ ਵੇ ਸੂਰਜਾ……

ਸੰਤ ਰਾਮ ਦੇ ਕੁੱਕਰਿਆਂ ਦਾ ਇਲਾਜ ਕਰਾਉਣ ਲਈ ਉਹਦੀ ਮਾਂ ਉਹਨੂੰ ਸਾਧੂ ਈਸ਼ਰ ਦਾਸ ਉਦਾਸੀ ਦੇ ਡੇਰੇ ਪਿੰਡ ਮੂੰਮ ਲੈ ਗਈ ਸੀ। ਇਲਾਜ ਨਾਲ ਅੱਖਾਂ ਕੁਝ ਠੀਕ ਹੋਈਆਂ ਤਾਂ ਸੰਤ ਰਾਮ ਦਾ ਉਸ ਡੇਰੇ ਵਿਚ ਆਉਣ ਜਾਣ ਹੋ ਗਿਆ। ਉਹਦੇ ਦਾਦੇ ਨੇ ਉਹਨੂੰ ‘ਉਦਾਸੀ’ ਕਹਿਣਾ ਸ਼ੁਰੂ ਕਰ ਦਿੱਤਾ ਜੋ ਸੰਤ ਰਾਮ ਦੇ ਨਾਂ ਨਾਲ ਹਮੇਸ਼ਾਂ ਲਈ ਜੁੜ ਗਿਆ।

3 ਨਵੰਬਰ 1986 ਨੂੰ ਹਜ਼ੂਰ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕਵੀ ਦਰਬਾਰ ਰੱਖਿਆ ਗਿਆ ਸੀ ਉਸ ਵਿਚ ਉਦਾਸੀ ਨੂੰ ਵੀ ਬੁਲਾਇਆ ਗਿਆ। ਵਾਪਸੀ ਤੇ ਜਦ ਉਦਾਸੀ ਆਉਣ ਲੱਗਾ ਤਾਂ ਇਸ ਦਾ ਇਕ ਹੋਰ ਲੇਖਕ ਨਾਲ ਮੇਲ ਹੋ ਗਿਆ। ਲੇਖਕ ਰੇਲ ਗੱਡੀ ਵਿਚ ਸੀਟ ‘ਤੇ ਬੈਠ ਗਿਆ ਪਰ ਸੰਤ ਰਾਮ ਉਦਾਸੀ ਥੋੜ੍ਹੇ ਚਿਰ ਬਾਅਦ ਉਪਰਲੀ ਸੀਟ ‘ਤੇ ਸੌਂ ਗਿਆ। ਮਨਵਾੜ ਆ ਕੇ ਜਦ ਲੇਖਕ ਨੇ ਉਦਾਸੀ ਨੂੰ ਉਠਾਇਆ ਤਾਂ 6 ਨਵੰਬਰ 1986 ਨੂੰ 47 ਸਾਲ ਦੀ ਉਮਰ ਵਿਚ ਕੰਮੀਆਂ ਦੇ ਵਿਹੜੇ ਵਿੱਚ ਮੱਘਣ ਵਾਲਾ ਸੂਰਜ ਅਖੀਰ ਸਿਖਰ ਦੁਪਹਿਰੇ ਹੀ ਇਸ ਦੁਨੀਆ ਤੋਂ ਜਾ ਚੁੱਕਿਆ ਸੀ। ਸੰਤ ਰਾਮ ਉਦਾਸੀ ਨੇ ਸਾਰੀ ਉਮਰ ਆਪਣੇ, ਪਰਿਵਾਰ ਅਤੇ ਸਮਾਜ ਵਾਸਤੇ ਗੀਤਾਂ, ਕਵਿਤਾਵਾਂ ਅਤੇ ਸੰਘਰਸ਼ ਦੇ ਵਿਚਾਰਧਾਰਕ ਵਿਚਾਰਾਂ ਦੀ ਜੋ ਪੂੰਜੀ ਕਮਾਈ ਸੀ ਜਾਣ ਤੋਂ ਪਹਿਲਾਂ ਵਸੀਅਤ ਦੇ ਤੌਰ ਤੇ ਲੋਕਾਂ ਦੇ ਨਾਂ ਕਰ ਗਏ।

ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ।

ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ ।

ਮੇਰੀ ਵੀ ਜਿੰਦਗੀ ਕੀ ? ਬਸ ਬੂਰ ਸਰਕੜੇ ਦਾ,

ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ੱਕ ਨਾ ਲਾਇਓ ।

ਹੋਣਾ ਨਹੀਂ ਮੈ ਚਾਹੁੰਦਾ, ਸੜ ਕੇ ਸੁਆਹ ਇਕੇਰਾਂ,

ਜਦ ਜਦ ਢਲੇਗਾ ਸੂਰਜ, ਕਣ ਕਣ ਮੇਰਾ ਜਲਾਇਓ ।

ਕੁਲਦੀਪ ਸਾਹਿਲ

9417990040

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਰ ਦਾ ਇਜ਼ਹਾਰ
Next articleਮਾਲਵੇ ਦੇ ਚੋਣਵੇਂ ਧਰਮੀ ਡਾਕੂ