(ਸਮਾਜ ਵੀਕਲੀ)
ਚੰਦਰੀ ਜਿਹੀ ਹਵਾ ਚੜ੍ਹੀ ਹੈ
ਵਗਦੇ ਹੜ੍ਹ ‘ਚ ਹਰ ਸ਼ੈ ਹੜ੍ਹੀ ਹੈ
ਤੂੰ ਵੀ ਕਿਤੇ ਰੁੜ੍ਹ ਨਾ ਜਾਣਾ
ਤੈਥੋਂ ਤਾਂ ਸੱਜਨਾਂ ਉਮੀਦ ਬੜੀ ਹੈ।
ਪੈਰਾਂ ਸਿਰ ਹੋਣ ਦੀ ਖਾਤਰ
ਲੜਦੇ ਲੜਦੇ ਮੁੱਦਤਾਂ ਲੰਘੀਆਂ
ਵੇਖ ਖਾਂ ਅੱਜ ਵੀ ਵਸਦਾ ਹਾਂ ਮੈਂ
ਭਾਵੇਂ ਚੰਦਰੀ ਹਰ ਰੀਝ ਸੜੀ ਹੈ।
ਵਜੂਦ ਬੰਦੇ ਦਾ ਮਰ ਹੈ ਜਾਂਦਾ
ਚੜ੍ਹ ਰੁਤਬਿਆਂ ਦੀ ਵਿਗੜੀ ਘੋੜੀ
ਪੱੱਲੇ ਰੱਖ ਤੂੰ ਫਕੀਰੀ ਸੱਜਨਾ
ਇਸ ਵਿੱਚ ਹੀ ਤਾਂ ਹੋਂਦ ਜੜੀ ਹੈ।
ਆਪਣੇ ਲਈ ਤਾਂ ਹਰ ਕੋਈ ਕਰਦਾ
ਬਣ ਹੂਕ ਖਾਂ ਵੰਝਲੀ ਵਾਲ਼ੀ
ਸੁਨੱਖੀ ਤੋਰ ਦੀ ਝਾਜਰ ਬੋਲੇ
ਉਹ ਅੱਜ ਵੀ ਤੇਰੇ ਸੰਗ ਖੜ੍ਹੀ ਹੈ।
ਤਖ਼ਤਾਂ ਵਕਤਾਂ ਦੇ ਭਰਮ ਭੁਲੇਖੇ
ਪਲਾਂ ਵਿੱਚ ਹੋ ਜਾਂਦੇ ਢੇਰੀ
ਕਿਤੇ ਤੂੰ ਐਵੇਂ ਡੋਲ ਨਾ ਜਾਵੀਂ
ਪਰਖ ਵਾਲ਼ੀ ਤਾਂ ਇਹੀ ਘੜੀ ਹੈ।
ਅੱਖ਼ਾਂ ਖੋਲ੍ਹ ਕੇ ਤੁਰਨ ਦਾ ਵੇਲ਼ਾ
ਠੋਕਰ ਮਾਰ ਝਮੇਲਿਆਂ ਤਾਂਈਂ
ਲੋਹੜੀ ਦੁੱਲੇ ਦੀ ਬਲ਼ਦੀ ਰੱਖੀਂ
ਸਾਂਝ ਜ਼ਿੰਦਗੀ ਦੀ ਅਸਲ ਕੜੀ ਹੈ।
ਧਰਤੀ ਮਾਂ ਨੇ ਪੱਲੇ ਪਾਇਆ
ਅਜ਼ਮਤ ਸਾਂਝ ਦਾ ਸੋਹਣਾ ਵਿਰਸਾ
ਕੋਈ ਇਸ ਨੂੰ ਝੰਬ ਨਾ ਜਾਵੇ
ਪਰਖ ਵਾਲ਼ੀ ਤਾਂ ਇਹੀ ਘੜੀ ਹੈ।
ਡਾ ਮੇਹਰ ਮਾਣਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly