(ਸਮਾਜ ਵੀਕਲੀ)
ਨਾਂ ਜਿਸ ਦਾ ਹਰਦੇਵ ਸਿੰਘ,ਢਿੱਲੋਂ ਜਿਸ ਦਾ ਗੋਤ।
ਕਿਰਤੀ ਇਹ ਕਿਰਸਾਨ ਘਰ,ਵਗਦੇ ਰਹਿਣ ਸਰੋਤ।
ਮਾਤਾ ਨਾਂ ਗੁਰਮੀਤ ਕੌਰ,ਜਿਸ ਦਾ ਹੈ ਇਹ ਲਾਲ।
ਕਰਦੀ ਅੱਖੋਂ ਦੂਰ ਨਾ,ਪਾਲਿਆ ਚਾਵਾਂ ਨਾਲ।
ਉਂਗਲ ਫੜ ਕੇ ਤੋਰਿਆ,ਅਵਤਾਰ ਸਿੰਘ ਸਰਦਾਰ।
ਜਿਸ ਦੇ ਹੀਰੇ ਪੁੱਤ ਦੀ,ਉਸਤਿਤ ਕਰੇ ਸੰਸਾਰ।
ਜਸਵੀਰ ਕੌਰ ਦੇ ਨਾਲ ਨੇ,ਜਨਮਾਂ ਦੇ ਸੰਜੋਗ।
ਜਿੱਥੇ ਹੋਣ ਮੁਹੱਬਤਾਂ ,ਪੋਂਹਦੇ ਨਾਹੀਂ ਰੋਗ।
ਦੋ ਧੀਆਂ ਇਕ ਪੁੱਤ ਹੈ,ਸੁਖੀ ਵਸੇਂ ਪਰਵਾਰ।
ਵਿਹੜੇ ਇਸ ਪਰਵਾਰ ਦੇ,ਖਿੜੀ ਰਹੇ ਗੁਲਜ਼ਾਰ।
ਸਾਹਿਤਕ ਗੁਰੂ ਜਨਕ ਜੀ,ਦਾ ਕਰਦਾ ਸਤਿਕਾਰ।
ਪਿੰਗਲ ਵਾਰੇ ਲਿਖਣ ਦੇ,ਜਿਸ ਦੱਸੇ ਤੱਤ ਸਾਰ।
ਨੈਤਿਕ ਦਿੱਤੀ ਸਿੱਖਿਆ,ਜਨਕ ਜੀ ਉਸਤਾਦ।
ਹੀਰੇ ਵਾਂਗ ਤਰਾਸਿਆ,ਲੋਕੀ ਦੇਵਣ ਦਾਦ।
ਮਨ ਦਾ ਤੇਜ਼ ਤਰਾਰ ਹੈ,ਜਿਸਮ ਦੇ ਪਤਲੇ ਅੰਗ।
ਸਾਡੇ ਪੰਜ ਫੁੱਟ ਕੱਦ ਹੈ,ਮੁਸ਼ਕੀ ਜਿਸ ਦਾ ਰੰਗ।
ਕਹਿਣਾ ਹੈ ਹਰਦੇਵ ਦਾ,ਗਰਜੀ ਇਹ ਸੰਸਾਰ।
ਸਨਮਾਨਾਂ ਲਈ ਉਲਝਦੇ,ਵੇਖੇ ਸਾਹਿਤਕਾਰ।
ਸੱਚ ਤੇ ਪਹਿਰਾ ਦੇਣ ਨੂੰ,ਕਲਮ ਬਣੀ ਹਥਿਆਰ।
ਪਰ ਏਕੇ ਬਿਨ ਜ਼ਲਜ਼ਲੇ ,ਹੋਣੇ ਨਾਹੀਂ ਪਾਰ।
ਵਿਰਸੇ ਵਿਚ ਹਮਦਰਦ ਨੂੰ,ਮਿਲੀ ਹੈ ਪਿਆਰ ਸੁਗੰਧ।
ਰੋਮਾਂ ਦੇ ਵਿਚ ਰੰਗਿਆ,ਇਨਸਾਨੀਅਤ ਰੰਗ।
ਲਿਖਦਾ ਤੱਥ ਵਿਚਾਰ ਕੇ,ਜੀਵਨ ਦੇ ਤੱਤ ਸਾਰ।
ਝੂਠੇ ਕੂੜ ਪਖੰਡ ਤੇ,ਤਿੱਖੇ ਕਰਦਾ ਵਾਰ।
ਯਾਰਾਂ ਦਾ ਇਹ ਯਾਰ ਹੈ,ਦਿਲ ਦਾ ਬਹੁਤ ਅਮੀਰ।
ਜ਼ਿੰਦਾ ਦਿਲ ਇਨਸਾਨ ਜ਼ੋ,ਹੁੰਦੇ ਨ੍ਹੀ ਦਿਲਗੀਰ।
ਸਾਦਾ ਖਾਣਾ ਪਹਿਨਣਾ,ਕੁੰਦਨ ਵਾਂਗ ਸਰੀਰ।
ਸੱਭ ਨਸ਼ਿਆਂ ਤੋਂ ਰਹਿਤ ਹੈ,ਜਿਸ ਦੀ ਪਾਕ ਜ਼ਮੀਰ।
ਸਾਹਿਤ ਸਭਾਵਾਂ ਵਿੱਚ ਜ਼ੋ,ਵਿਚਰੇ ਰੂਹ ਦੇ ਨਾਲ।
ਪਰ ਉੱਥੋਂ ਮਨ ਥਿੜਕਦਾ,ਜਿੱਥੇ ਹੋਣ ਬਵਾਲ।
”ਕਿਰਤੀ”ਪਿਆਰੇ ਵੀਰ ਨੂੰ,ਝੁਕ ਕੇ,ਕਰੇ ਸਲਾਮ।
ਤੋੜੇ ਮਜ਼ਹਬੀ ਪਿੰਜਰੇ,ਹੋਇਆ ਨਹੀਂ ਗੁਲਾਮ।
ਲੇਖਕ–ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly