ਫੁੱਸ ਬੰਬ

(ਜਸਪਾਲ ਜੱਸੀ)

(ਸਮਾਜ ਵੀਕਲੀ)

ਉਨ੍ਹਾਂ ਬੰਬ ਲਿਆਂਦਾ ਸੀ ਖਰੀਦ ਕੇ। ਸਾਰੇ ਮੁਹੱਲੇ ਵਾਲਿਆਂ ਨੂੰ ਇਕੱਠਾ ਕਰ ਲਿਆ ਸੀ। ਬਾਹਰਲੀ ਕੰਪਨੀ ਦਾ ਬੰਬ। ਬੰਬ ਚੱਲਣ, ਚਲਾਨ ਤੋਂ ਪਹਿਲਾਂ ਉਸ ਦੀ ਪੂਰੀ ਤਾਰੀਫ਼ ਕੀਤੀ ਜਾ ਰਹੀ ਸੀ। ਬੰਬ ਦੇ ਖੜਕੇ ਨੂੰ ਸੁਣਨ ਲਈ ਭੀੜ ਵੀ ਇਕੱਠੀ ਹੋ ਗਈ ਸੀ। ਬੰਬ ਗਲੀ ਵਿਚ ਰੱਖ ਕੇ ਉਸਦੇ ਦੁਆਲੇ ਪਹਿਰਾ ਲਗਾ ਦਿੱਤਾ ਗਿਆ ਸੀ ਕਿ ਕੋਈ ਹੋਰ ਨਾ ਚਲਾ ਜਾਵੇ। ਬੰਬ ਦੇਖਣ ਵਿਚ ਵੀ ਬਹੁਤ ਸੋਹਣਾ ਲੱਗਦਾ ਸੀ। ਬੰਬ ਦੀ ਗੁੰਦਾਈ, ਕੰਪਨੀ ਦਾ ਕਵਰ ਤੇ ਡੱਬਾ ਵੀ ਆਲੀਸ਼ਾਨ ਲੱਗ ਰਿਹਾ ਸੀ।

ਲੋਕਾਂ ਵਿਚ ਮਸ਼ਹੂਰੀ ਐਨੀ ਕਰ ਦਿੱਤੀ ਸੀ ਕਿ ਜਦੋਂ ਇਹ ਫਟੇ ਗਾ, ਇਸ ਦਾ ਖੜਕਾ ਬਹੁਤ ਹੋਵੇਗਾ। ਸਾਰੇ ਲੋਕ ਬੰਬ ਨੂੰ ਆਪਣੇ ਆਪਣੇ ਨਜ਼ਰੀਏ ਨਾਲ ਦੇਖ ਰਹੇ ਸਨ। ਵਿਦੇਸ਼ ਤੋਂ ਲਿਆਂਦਾ ਜੋ ਹੋਇਆ ਸੀ। ਭਾਰਤੀ ਲੋਕਾਂ ਵਿਚ ਖ਼ਾਸ ਕਰਕੇ ਪੰਜਾਬੀਆਂ ਵਿਚ ਤਾਂ ਬਾਹਰਲੀ ਚੀਜ਼ ਦੀ ਅਹਿਮੀਅਤ ਹੀ ਬਹੁਤ ਹੁੰਦੀ ਹੈ। ਲੋਕ ਇਹੀ ਸੋਚਦੇ ਸਨ ਕਿ ਜਦੋਂ ਇਹ ਫਟੇ ਗਾ, ਕਈਆਂ ਦੇ ਕੰਨਾਂ ਦੇ ਪਰਦੇ ਪਾੜੇ ਗਾ। ਚਰਚਾ ਇਹ ਵੀ ਹੋ ਰਹੀ ਸੀ ਕਿ ਜੇ ਇਹ ਨੇੜੇ ਹੋ ਕੇ ਫਟਿਆ ਖ਼ਰੀਦਣ ਵਾਲਿਆਂ ਦਾ ਨੁਕਸਾਨ ਤਾਂ ਕਰੇਗਾ ਹੀ ਕਰੇ ਗਾ ਗੁਆਂਢੀਆਂ ਦਾ ਵੀ ਜਾਨੀ ਮਾਲੀ ਨੁਕਸਾਨ ਕਰ ਸਕਦਾ ਹੈ।

ਕਈ ਬੰਦੇ ਇਹ ਕਹਿ ਰਹੇ ਸਨ ਕੀ ਇਸ ਦੀ ਬੱਤੀ ਨੂੰ ਅੱਗ ਲਾਉਣ ਤੋਂ ਪਹਿਲਾਂ ਇਸ ‘ਤੇ ਕੋਈ ਟੁੱਟਿਆ ਪੀਪਾ ਰੱਖ ਦਿੱਤਾ ਜਾਵੇ ਤਾਂ ਜੋ ਫ਼ਟਣ ਵੇਲੇ ਇਸ ਦੀ ਆਵਾਜ਼ ਵੀ ਵਧੀਆ ਲੱਗੇ ਤੇ ਨੁਕਸਾਨ ਵੀ ਘੱਟ ਕਰੇ। ਇੱਕ ਬੰਦੇ ਦੀ ਰਾਇ ਸੀ ਕਿ ਇਸ ‘ਤੇ ਕੋਈ ਪੁਰਾਣਾ ਘੜਾ ਰੱਖ ਕੇ ਬੱਤੀ ਨੂੰ ਫਿਰ ਅੱਗ ਲਾਈ ਜਾਵੇ ਤਾਂ ਜੋ ਇਸ ਦਾ ਪਟਾਕਾ ਵਧੀਆ ਲੱਗੇ। ਪਰ ਇੱਕ ਸਿਆਣਾ ਬਜੁਰਗ ਕਹਿ ਰਿਹਾ ਸੀ ਇਸ ਨੂੰ ਘੜੇ ਥੱਲੇ ਰੱਖ ਕੇ ਨਾ ਚਲਾਇਆ ਜਾਵੇ। ਕਿਉਂਕਿ ਟੁੱਟਿਆ ਘੜਾ ਮਾੜੇ ਸ਼ਗਨਾਂ ਦੀ ਨਿਸ਼ਾਨੀ ਹੈ।

ਅਖ਼ੀਰ ਬੰਬ ਦੀ ਬੱਤੀ ਨੂੰ ਅੱਗ ਲਾਉਣ ਦਾ ਸਮਾਂ ਆ ਗਿਆ। ਜਦੋਂ ਹੀ ਬੰਬ ਦੀ ਬੱਤੀ ਨੂੰ ਅੱਗ ਲਾਈ ਤਾਂ ਉਸ ਦੀ ਰੱਸੀ ਸੜ ਕੇ ਬੁਝ ਗਈ। ਫੇਰ ਦੁਆਰਾ ਅੱਗ ਲਾਈ ਉਹ ਫਿਰ ਬੁੱਝ ਗਈ। ਬੰਬ ਫੁੱਸ ਹੋ ਗਿਆ ਸੀ। ਲੋਕਾਂ ਨੇ ਬੰਬ ਨੂੰ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ। ਪਰ ਬੰਬ ਸੱਚਮੁੱਚ ਹੀ ਫੁੱਸ ਹੋ ਗਿਆ ਸੀ। ਬੰਬ ਖਰੀਦਣ ਵਾਲਾ, ਬੰਬ ਬਣਾਉਣ ਵਾਲੀ ਕੰਪਨੀ ਨੂੰ ਗਾਲਾਂ ਕੱਢ ਰਿਹਾ ਸੀ ਤੇ ਸਿਆਣੇ ਬੰਦੇ ਸ਼ੁਕਰ ਮਨਾ ਰਹੇ ਸਨ ਤੇ ਬੰਬ ਫੁੱਸ ਹੋ ਗਿਆ ਨਹੀਂ ਤਾਂ ਕਈ ਲੋਕਾਂ ਦਾ ਨੁਕਸਾਨ ਕਰ ਦਿੰਦਾ। ਜਦੋਂ ਕੰਪਨੀ ਨੂੰ ਸ਼ਿਕਾਇਤ ਕੀਤੀ ਗਈ ਤਾਂ ਕੰਪਨੀ ਨੇ ਕਿਹਾ,” ਸਾਡੇ ਬਣਾਏ ਬੰਬ ਯੂ. ਕੇ, ਕਨੇਡਾ, ਅਮਰੀਕਾ ਤੇ ਆਸਟਰੇਲੀਆ ਵਿਚ ਵਧੀਆ ਚੱਲ ਰਹੇ ਹਨ। ਇਹਨਾਂ ਬੰਬਾਂ ਨੂੰ ਪਤਾ ਨਹੀਂ ਇੰਡੀਆ ਵਿਚ ਆ ਕੇ ਹੀ ਪਤਾ ਨਹੀਂ ਕੀ ਗੋਲੀ ਪੈਂਦੀ ਹੈ।

(ਜਸਪਾਲ ਜੱਸੀ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਨਦਾਤਾ
Next article** ਪੰਜਾਬ ਦੇ ਹਾਲਾਤ **