(ਸਮਾਜ ਵੀਕਲੀ)
ਮੈਂ ਉਪਰੋਂ ਹੋਰ ਹਾਂ ਯਾਰੋ ਪਰ ਅੰਦਰੋਂ ਹੋਰ ਹਾਂ ਲੋਕੋ
ਚਿਹਰਾ ਸਖਤ ਦਿਸਦਾ ਏ ਦਿਲੋਂ ਕਮਜ਼ੋਰ ਹਾਂ ਲੋਕੋ
ਆਤਮ ਸਨਮਾਨ ਰੱਖਦਾ ਮੈਂ, ਤਾਂ ਹੀ ਦੋਸਤ ਥੋੜੇ ਨੇ
ਮੇਰੇ ਬੋਲਾਂ ‘ਚ ਹਰਕਤ ਹੈ ਘਟਾ ਘਨਘੋਰ ਹਾਂ ਲੋਕੋ
ਜੋ ਮੇਰੇ ਵਿੱਚ, ਵੜ੍ਹ ਵੇਖੇ, ਓਹੀ ਮੈਨੂੰ ਸਮਝ ਸਕਦਾ
ਕਿਸੇ ਨੂੰ ਸਾਧ ਮੈਂ ਲਗਦਾ ਕਿਸੇ ਲਈ ਚੋਰ ਹਾਂ ਲੋਕੋ
ਨਹੀਂ ਮੈਂ ਯਾਰ ਠੱਗਾਂ ਦਾ, ਪਰ ਹਾਂ ਭਗਤ ਲਾਲੋ ਦਾ
ਨਹੀਂ ਹੈ ਖੀਰ ਦੀ ਚਾਹਤ,ਖਾਂਦਾ ਬਸ ਭੋਰ ਹਾਂ ਲੋਕੋ
ਮੈਂ ਗੁੱਡੀ ਹਾਂ ਕਾਗਜ਼ ਦੀ ਉੱਚੀ ਪਰਵਾਜ਼ ਹੈ ਮੇਰੀ
ਰੱਬ ਡਾਢੇ ਦੇ ਹੱਥ ਵਿੱਚ ਜੋ ਓਹੀ ਮੈਂ ਡੋਰ ਹਾਂ ਲੋਕੋ
ਨਹੀਂ ਪ੍ਰਵਾਹ ਮੈਨੂੰ ਓਹਦੀ ਕਰੇ ਉੰਗਲ ਜੋ ਮੇਰੇ ਤੇ
ਮੈਂ ਸਾਗਰ ਹਾਂ ਸੁਨਾਮੀ ਵੀ ਚੁੱਪ ਹਾਂ ਸ਼ੋਰ ਹਾਂ ਲੋਕੋ
ਜੇ ਕੋਈ ਖੇਡ ਕਰਦਾ ਹੈ ਉਸ ਨੂੰ ਵੀ ਸਮਝਦਾ ਹਾਂ
ਸਮਾਂ ਆਵਨ ਤੇ ਮੈਂ ਬੋਲਾਂ ਨਹੀਂ ਮੂੰਹ ਖੋਰ ਹਾਂ ਲੋਕੋ
ਦੌੜਾਂ ਵੀ ਮੈਂ ਲਾਉਂਦਾ ਨਾ ਨਹੀਂ ਡਰਦਾ ਮੈਂ ਥੱਕਣ ਤੋਂ
ਨਾ ਖਰਗੋਸ਼ ਹੈ ‘ਇੰਦਰ’ ਨਾ ਕੱਛੂ ਦੀ ਤੋਰ ਹਾਂ ਲੋਕੋ
(ਇੰਦਰ ਪਾਲ ਸਿੰਘ ਪਟਿਆਲਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly