(ਸਮਾਜ ਵੀਕਲੀ)
ਜੇਕਰ ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਮੁਕਾਬਲੇ ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਦੀ ਕਾਫੀ ਹੱਦ ਤੱਕ ਅਨਦੇਖੀ ਹੁੰਦੀ ਆ ਰਹੀ ਹੈ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵੀ ਚੰਡੀਗੜ੍ਹ ਦੀ ਤਰਜ਼ ਤੇ ਟ੍ਰੈਫਿਕ ਨਿਯਮਾਂ ਸਬੰਧੀ ਕਦੇ ਕੋਈ ਸਖ਼ਤਾਈ ਨਹੀਂ ਦਿਖਾਈ ਜਾਂਦੀ ਜਿਸਦੀ ਵਜ਼ਾ ਕਰਕੇ ਹਰ ਰੋਜ਼ ਸੜਕ ਹਾਦਸਿਆਂ ਵਿੱਚ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ ਜਿਸ ਵਿੱਚ ਕਾਫ਼ੀ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹ ਕੇ ਜਾਂ ਵੇਖ ਕੇ ਲੋਕਾਂ ਅਤੇ ਸਰਕਾਰਾ ਨੂੰ ਥੋੜ੍ਹਾ ਸਮਾਂ ਕੱਢ ਕੇ ਉਨ੍ਹਾਂ ਦੇ ਪਿੱਛੇ ਕੀ ਕਾਰਨ ਹੈ ਜਾਂ ਹੋ ਸਕਦੇ ਹਨ ‘ਤੇ ਵਿਚਾਰ ਕਰਕੇ ਸੁਧਾਰ ਜਰੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਜਿਵੇਂ-ਜਿਵੇਂ ਵਾਹਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਉਵੇਂ-ਉਵੇਂ ਸੜਕਾਂ ‘ਤੇ ਵਾਹਨਾਂ ਦੀ ਭੀੜ ਵੀ ਓਨੀ ਹੀ ਤੇਜੀ ਨਾਲ ਵਧ ਰਹੀ ਹੈ ਇਸਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੁੱਝ ਟਰੈਫਿਕ ਨਿਯਮ ਬਣਾਏ ਜਾਂਦੇ ਹਨ ਤਾਂ ਕਿ ਕੋਈ ਬੁਰੀ ਘਟਨਾ ਨਾ ਵਾਪਰੇ ਇਨ੍ਹਾਂ ਨਿਯਮਾਂ ਦਾ ਪਾਲਣ ਜੇਕਰ ਠੀਕ ਢੰਗ ਨਾਲ ਕੀਤਾ ਜਾਵੇ ਤਾਂ ਹਾਦਸੇ ਕੁਝ ਹੱਦ ਤੱਕ ਘੱਟ ਸਕਦੇ ਹਨ ਇਸ ਨਾਲ ਜਿੱਥੇ ਆਪਣੀ ਜਾਨ ਦੀ ਸੁਰੱਖਿਆ ਹੋਵੇਗੀ, ਉਥੇ ਹੀ ਦੂਸਰਿਆਂ ਦਾ ਵੀ ਕੋਈ ਜਾਨੀ ਜਾਂ ਵਿੱਤੀ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਹੈ ਬੇਸ਼ੱਕ ਟਰੈਫਿਕ ਨਿਯਮਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਟਰੈਫਿਕ ਪੁਲਿਸ ਵੱਲੋਂ ਸਕੂਲਾਂ, ਕਾਲਜਾਂ ਅਤੇ ਜਨਤਕ ਥਾਂਵਾਂ ‘ਤੇ ਸੈਮੀਨਾਰ ਅਤੇ ਜਾਗਰੂਕਤਾ ਰੈਲੀਆਂ ਕੀਤੀਆਂ ਜਾਂਦੀਆਂ ਹਨ ਪਰ ਇਹ ਵੀ ਸਿਰਫ ਸੜਕ ਸੁਰੱਖਿਆ ਹਫ਼ਤੇ ਦੌਰਾਨ ਕੀਤੀਆਂ ਜਾਂਦੀਆਂ ਹਨ ਜੋ ਸਿਰਫ਼ ਦਿਖਾਵਾ ਹੀ ਸਾਬਤ ਹੋ ਰਹੀਆਂ ਹਨ।
ਇਸਨੂੰ ਲੈ ਕੇ ਅਖਬਾਰਾਂ ਨੂੰ ਰਿਪੋਰਟ ਭੇਜਣ ਲਈ ਫੋਟੋ ਖਿਚਵਾ ਲਈ ਜਾਂਦੀ ਹੈ, ਰਿਪੋਰਟ ਵੀ ਆ ਜਾਂਦੀ ਹੈ, ਪਰ ਗਰਾਊਂਡ ਪੱਧਰ ‘ਤੇ ਕੰਮ ਠੀਕ ਨਹੀਂ ਹੋ ਰਿਹਾ ਅਤੇ ਆਏ ਦਿਨ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਇਨ੍ਹਾਂ ਚੀਜਾਂ ਦੇ ਨਾਲ ਵੀ ਇਨ੍ਹਾਂ ਹਾਦਸਿਆਂ ਵਿਚ ਕੋਈ ਕਮੀ ਨਹੀਂ ਆਈ। ਟਰੈਫਿਕ ਨਿਯਮਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਟਰੈਫਿਕ ਪੁਲਿਸ ਵੱਲੋਂ ਕਨੂੰਨ ਨੂੰ ਲਾਗੂ ਕਰਵਾਉਣ ਵਿੱਚ ਥੋੜ੍ਹਾ ਢਿਲਾਪਣ ਵਿਖਾਇਆ ਜਾਂਦਾ ਹੈ, ਉਹਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਣਾ ਚਾਹੀਦਾ ਹੈ ਜੋ ਵੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਸਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਸਿਫਾਰਿਸ਼ ਵਾਲਾ ਸਿਸਟਮ ਖਤਮ ਕਰਨ ਦੀ ਲੋੜ ਹੈ ਕਿਉਂਕਿ ਜਦੋਂ ਵੀ ਕੋਈ ਵਿਅਕਤੀ ਬਿਨਾਂ ਹੈਲਮਟ ਜਾਂ ਹੋਰ ਕਾਗਜ਼ ਪੱਤਰਾ ਦੀ ਜਾਂਚ ਲਈ ਪੁਲਿਸ ਅਧਿਕਾਰੀ ਵੱਲੋਂ ਰੋਕਿਆ ਜਾਂਦਾ ਹੈ ਤਾਂ ਉਹ ਕਿਸੇ ਨਾ ਕਿਸੇ ਤੋਂ ਸਿਫਾਰਸ਼ ਪਵਾ ਕੇ ਨਿਕਲ ਜਾਂਦਾ ਹੈ।
ਪੁਲਿਸ ਵਾਲੇ ਇਸ ਨੂੰ ਅਧਾਰ ਬਣਾ ਕੇ ਸੁਰਖ਼ਰੂ ਹੋ ਜਾਂਦੇ ਹਨ। ਇਸ ਦੇ ਉਲਟ ਚੰਡੀਗੜ੍ਹ ਵਿੱਚ ਟਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਂਦਾ ਹੈ ਅਤੇ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਪ੍ਰਸ਼ਾਸਨ ਦੇ ਕਈ ਅਧਿਕਾਰੀ ਸਖ਼ਤੀ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਹਨ, ਜਿਨ੍ਹਾਂ ਦੀ ਚਰਚਾ ਹੁੰਦੀ ਰਹਿੰਦੀ ਹੈ ਅਤੇ ਤਰੀਫ਼ ਕਰਨੀ ਵੀ ਬਣਦੀ ਹੈ। ਟ੍ਰੈਫਿਕ ਨਿਯਮਾਂ ਦਾ ਪਾਲਣ ਕਰਵਾਉਣ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਵੀ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ ਟਰੈਫਿਕ ਨਿਯਮ ਬਣਾਉਣ ਦੇ ਪਿੱਛੇ ਸਭ ਦੀ ਸੁਰੱਖਿਆ ਸਭ ਤੋਂ ਵੱਡਾ ਕਾਰਨ ਹੈ ਜੇਕਰ ਨਿਯਮਾਂ ਦਾ ਪਾਲਣ ਹੋਵੇਗਾ ਤਾਂ ਉਸ ਵਿੱਚ ਸਾਰਿਆਂ ਦਾ ਹੀ ਭਲਾ ਹੋਵੇਗਾ। ਜਦੋਂ ਸੜਕ ਹਾਦਸੇ ਹੁੰਦੇ ਹਨ ਤਾਂ ਮਸ਼ੀਨਰੀ ਇਹ ਨਹੀਂ ਵੇਖਦੀ ਕਿ ਚਲਾਉਣ ਵਾਲਾ ਬੱਚਾ ਹੈ ਜਾਂ ਬਜ਼ੁਰਗ ਹੈ, ਅਮੀਰ ਹੈ ਜਾਂ ਗ਼ਰੀਬ ਸਿਰਫ ਨੁਕਸਾਨ ਹੀ ਹੁੰਦਾ ਹੈ ।
ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵਾਧੇ ‘ਚ ਜੇਕਰ ਕਮੀ ਲਿਆਉਣੀ ਹੈ ਤਾਂ ਸੜਕ ਹਾਦਸਿਆਂ ਦੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਨੂੰ ਅੰਜਾਮ ਦਿੱਤਾ ਜਾਣਾ ਚਾਹੀਦਾ ਹੈ ਜੇਕਰ ਸਖ਼ਤੀ ਕੀਤੀ ਜਾਵੇਗੀ ਤਾਂ ਬਾਕੀ ਲੋਕ ਵੀ ਥੋੜ੍ਹਾ ਚੌਕਸ ਹੁੰਦੇ ਹਨ ਤੇ ਨਿਯਮਾਂ ਦਾ ਪਾਲਣ ਕਰਦੇ ਹਨ। ਸੜਕ ਹਾਦਸਿਆਂ ਵਿੱਚ ਸਭ ਤੋਂ ਵੱਡੀ ਪਰੇਸ਼ਾਨੀ ਦਾ ਕਾਰਨ ਮੋਬਾਇਲ ਵੀ ਸਾਹਮਣੇ ਆ ਰਿਹਾ ਹੈ ਜਦੋਂ ਵੀ ਕੋਈ ਨਵਾਂ?ਵਾਹਨ ਖਰੀਦਦਾ ਹੈ, ਚਾਹੇ ਉਹ ਕਾਰ ਹੈ, ਬਾਈਕ ਹੈ, ਉਸ ਵਿੱਚ ਵਾਹਨ ਚਲਾਉਦੇਂ ਸਮੇਂ ਮੋਬਾਇਲ ਦਾ ਪ੍ਰਯੋਗ ਕਰਨ ਨੂੰ ਲੈ ਕੇ ਕਈ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਜਿਵੇਂ ਕਿ ਕਾਰਾਂ ਵਿੱਚ ਬਲੂਟੁਥ ਅਤੇ ਬਾਈਕ ਵਿੱਚ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਪਰ ਲੋਕ ਇਨ੍ਹਾਂ ਸਹੂਲਤਾਂ ਦਾ ਪ੍ਰਯੋਗ ਨਾ ਕਰਕੇ ਮੋਬਾਇਲ ਦਾ ਪ੍ਰਯੋਗ ਸ਼ਰੇਆਮ ਕਰਦੇ ਹਨ ਤੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ।
ਅੰਤ ਵਿੱਚ ਇਹੀ ਗੱਲ ਕਹੀ ਜਾ ਸਕਦੀ ਹੈ ਕਿ ਇਨ੍ਹਾਂ ਹਾਦਸਿਆਂ ਨੂੰ ਰੋਕਣ ਅਤੇ ਕਾਬੂ ਪਾਉਣ ਲਈ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ। ਟ੍ਰੈਫਿਕ ਪੁਲਿਸ, ਪ੍ਰਸ਼ਾਸਨ ਅਤੇ ਸਰਕਾਰ ਨੂੰ ਆਪਣੀ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਾਲ ਨਿਭਾਉਣ ਦੀ ਜ਼ਰੂਰਤ ਹੈ। ਜਿੱਥੇ ਜਨਤਾ ਦਾ ਸਹਿਯੋਗ ਜਰੂਰੀ ਹੈ, ਉੱਥੇ ਜਨਤਾ ਸਹਿਯੋਗ ਕਰੇ ਉਦੋਂ ਜਾ ਕੇ ਇਨ੍ਹਾਂ ਹਾਦਸਿਆਂ ‘ਤੇ ਵਿਰਾਮ ਲਾਇਆ ਜਾ ਸਕਦਾ ਹੈ, ਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਅਗਰ ਪੰਜਾਬ ਵਿੱਚ ਵਾਹਨਾਂ ਦੇ ਕਾਗਜ਼ ਪੱਤਰ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਤਾਂ ਸ਼ਾਇਦ 80% ਤੋਂ ਜ਼ਿਆਦਾ ਅਧੂਰੇ ਪਾ ਜਾ ਸਕਦੇ ਹਨ ਜਦੋਂ ਕਿ ਚੰਡੀਗੜ੍ਹ ਵਿੱਚ ਇਹ ਅੰਕੜੇ 10% ਤੋਂ ਵੀ ਘੱਟ ਹੋ ਸਕਦੇ ਹਨ।
ਲਾਲ ਬੱਤੀ ਦੀ ਵੀ ਚੰਡੀਗੜ੍ਹ ਦੇ ਮੁਕਾਬਲੇ ਪੰਜਾਬ ਵਿੱਚ ਵਧੇਰੇ ਅਣਦੇਖੀ ਹੋ ਰਹੀ ਹੈ ਅਤੇ ਪੰਜਾਬ ਦੀਆਂ ਸ਼ਹਿਰੀ ਸੜਕਾਂ ਤੇ ਰੇਹੜੀਆ ਅਤੇ ਹੋਰ ਵਾਹਨ ਆਮ ਖੜੇ ਰਹਿੰਦੇ ਹਨ ਜੋਂ ਕਿ ਸੜਕ ਹਾਦਸਿਆ ਦਾ ਕਾਰਨ ਬਣਦੇ ਹਨ ਸਰਕਾਰਾ ਅਤੇ ਪ੍ਰਸ਼ਾਸਨ ਇਸ ਜ਼ਿਮੇਵਾਰੀ ਤੋਂ ਭੱਜਦੇ ਨਜ਼ਰ ਆਉਂਦੇ ਹਨ ਇਹੀ ਕਾਰਨ ਹਨ ਕਿ ਪੰਜਾਬ ਵਿੱਚ ਸੜਕ ਹਾਦਸਿਆ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਸਰਕਾਰ, ਪ੍ਰਸ਼ਾਸਨ, ਅਤੇ ਲੋਕਾ ਨੂੰ ਮਿਲਕੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਹੋਣ ਅਤੇ ਜਾਗਰੂਕ ਕਰਨ ਦੀ ਲੋੜ ਹੈ ਤਾਂ ਕਿ ਸੜਕ ਹਾਦਸਿਆ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਇਆ ਜਾ ਸਕੇ।
ਕੁਲਦੀਪ ਸਾਹਿਲ
9417990040
16A ਫੋਕਲ ਪੁਆਇੰਟ ਰਾਜਪੁਰਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly