ਦੁਰਵਿਵਹਾਰ ਕਰਨ ਵਾਲ਼ੇ ਕੈਬਨਿਟ ਮੰਤਰੀ ਦੇ ਕਥਿਤ ਚਾਚੇ ਨੇ ਮੰਗੀ ਮੁਆਫੀ
ਰੋਪੜ (ਸਮਾਜ ਵੀਕਲੀ): ਕੁੱਲ ਹਿੰਦ ਕਿਸਾਨ ਸਭਾ ਰੋਪੜ ਦੇ ਜਰਨਲ ਸਕੱਤਰ ਸੁਰਜੀਤ ਸਿੰਘ ਢੇਰ ਨਾਲ਼ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਕਥਿਤ ਚਾਚੇ ਬਚਿੱਤਰ ਸਿੰਘ ਠੇਕੇਦਾਰ ਵੱਲੋਂ ਫੋਨ ‘ਤੇ ਕੀਤੀ ਗਾਲ਼ੀ-ਗਲੋਚ ਦੇ ਮਾਮਲੇ ਵਿੱਚ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਸਿੰਘ ਬਾਗ ਵਿਖੇ ਪਹੁੰਚੀਆਂ ਇਨਸਾਫ਼ ਪਸੰਦ ਤੇ ਚਿੰਤਕ ਧਿਰਾਂ ਦੇ ਇਕੱਠ ਨੇ ਪ੍ਰਸ਼ਾਸ਼ਨ ਨੂੰ ਮਜ਼ਬੂਰ ਕਰ ਦਿੱਤਾ ਕਿ ਉਹ ਜਿਵੇਂ ਕਿਵੇਂ ਵੀ ਦੋਸ਼ੀ ਧਿਰ ਤੋਂ ਮੁਆਫੀ ਮੰਗਵਾਵੇ ਜਾਂ ਬਣਦੀ ਕਾਨੂੰਨੀ ਕਾਰਵਾਈ ਕਰੇ। ਇਸੇ ਦੇ ਚਲਦਿਆਂ ਬੱਚਿਤਰ ਸਿੰਘ ਠੇਕੇਦਾਰ ਨੇ ਭਰੇ ਇਕੱਠ ਵਿੱਚ ਸਟੇਜ ‘ਤੇ ਆ ਕੇ ਆਪਣੀ ਗਲਤੀ ਮੰਨੀ ਤੇ ਕਾਮਰੇਡ ਢੇਰ ਤੋਂ ਖਿਮਾਂ ਯਾਚਨਾ ਕੀਤੀ। ਜਿਸ ਦਾ ਸੁਆਗਤ ਕਰਦਿਆਂ ਸੀਪੀਆਈ (ਐੱਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਹਾਜ਼ਰ ਸਾਥੀਆਂ ਨੂੰ ਵਿਸ਼ੇਸ਼ ਤੌਰ ‘ਤੇ ਅਪੀਲ ਕੀਤੀ ਕਿ ਪਾਰਟੀ ਦੇ ਅਨੁਸ਼ਾਸਨ ਨੂੰ ਮੁੱਖ ਰੱਖਦਿਆਂ ਕਿਸੇ ਵੀ ਤਰ੍ਹਾਂ ਦੀ ਹੂਟਿੰਗ ਨਾ ਕੀਤੀ ਜਾਵੇ। ਉਨ੍ਹਾਂ ਪਹੁੰਚੇ ਹੋਏ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ, ਮੈਂਬਰਾਂ ਤੇ ਸਮਰੱਥਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਅਸਲ ਵਿੱਚ ਇਹ ਤੁਹਾਡੇ ਸਭ ਦੇ ਏਕੇ ਦੀ ਜਿੱਤ ਹੈ।
ਕਾ. ਸੇਖੋਂ ਤੇ ਸੁਖਪਾਲ ਸਿੰਘ ਖਹਿਰਾ ਨੇ ਆਪਣੀਆਂ ਤਕਰੀਰਾਂ ਵਿੱਚ ਮੋਜੂਦਾ ਪੰਜਾਬ ਤੇ ਕੇਂਦਰ ਸਰਕਾਰਾਂ ਦੀਆਂ ਆਪਹੁਦਰੀਆਂ ‘ਤੇ ਚੰਗੇ ਰਗੜੇ ਲਾਏ। ਸਿਆਸੀ ਦਲਾਂ, ਕਿਸਾਨ/ਆਂਗਨਵਾੜੀ ਵਰਕਰ/ ਆਸ਼ਾ ਵਰਕਰ/ਮੁਲਾਜ਼ਮ/ ਮਜ਼ਦੂਰ/ ਤਰਕਸ਼ੀਲ ਸੁਸਾਇਟੀ ਤੇ ਰੰਗਕਰਮੀ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਆਪੋ-ਆਪਣੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਅਤੇ ਭਵਿੱਖ ਵਿੱਚ ਕਿਸੇ ਨਾਲ਼ ਵੀ ਅਜਿਹਾ ਵਰਤਾਰਾ ਵਾਪਰਨ ‘ਤੇ ਡਟ ਕੇ ਖੜ੍ਹਨ ਦਾ ਵਾਅਦਾ ਕੀਤਾ। ਇਨਕਲਾਬੀ ਰੰਗਕਰਮੀ ਮੋਹਣ ਸਿੰਘ ਸੋਢੀ ਅਤੇ ਰੋਮੀ ਘੜਾਮੇਂ ਵਾਲ਼ਾ ਨੇ ਦਿਲ ਟੁੰਬਵੀਆਂ ਸੰਗੀਤਕ ਪੇਸ਼ਕਾਰੀਆਂ ਨਾਲ਼ ਹਾਜ਼ਰੀਆਂ ਲਵਾਈਆਂ। ਇਸ ਮੌਕੇ ਗੁਰਦਰਸ਼ਨ ਖਾਸਪੁਰ, ਬਲਬੀਰ ਸਿੰਘ ਜਾਡਲਾ, ਗੁਰਨੇਕ ਸਿੰਘ ਭੱਜਲ, ਭੂਪਚੰਦ ਚੰਨੋ, ਮਹਾਂ ਸਿੰਘ ਰੋੜੀ, ਪ੍ਰੇਮ ਰੱਕੜ, ਤਰਸੇਮ ਭੱਲੜੀ, ਗੀਤਾ ਰਾਮ (ਸਾਰੇ ਸੂਬਾ ਕਮੇਟੀ ਮੈਂਬਰ ਸੀਪੀਆਈਐੱਮ), ਮਹਾਂ ਸਿੰਘ ਰੋੜੀ ਸੀਪੀਆਈਐੱਮ ਆਗੂ, ਬਰਿੰਦਰ ਸਿੰਘ ਢਿੱਲੋਂ ਕਾਂਗਰਸ ਆਗੂ, ਗੁਰਿੰਦਰ ਸਿੰਘ ਗੋਗੀ ਅਕਾਲੀ ਆਗੂ, ਨਿਤਿਨ ਨੰਦਾ ਬੀਐੱਸਪੀ ਆਗੂ, ਸੁਖਵਿੰਦਰ ਨਾਗੀ ਡੀਵਾਈਐੱਫਆਈ ਆਗੂ, ਮਾ. ਦਲੀਪ ਸਿੰਘ ਘਨੌਲਾ ਮਜ਼ਦੂਰ ਜਥੇਬੰਦੀ ਆਗੂ, ਸੀਮਾ ਚੌਧਰੀ ਆਸ਼ਾ ਵਰਕਰ ਪ੍ਰਧਾਨ, ਗੁਰਦੀਪ ਕੌਰ ਆਂਗਨਵਾੜੀ ਸਕੱਤਰ ਪੰਜਾਬ, ਅਜੀਤ ਪ੍ਰਦੇਸੀ ਤਰਕਸ਼ੀਲ ਆਗੂ, ਮਾ. ਗੁਰਨਾਇਬ ਸਿੰਘ ਜੈਤੇਵਾਲ ਸਮਾਜ ਸੇਵੀ, ਮੋਹਨ ਸਿੰਘ ਧਮਾਣਾ ਆਰਐੱਮਪੀਆਈ ਆਗੂ , ਸਪਿੰਦਰ ਸਿੰਘ ਘਨੌਲੀ ਕਿਸਾਨ ਆਗੂ, ਤਰਲੋਚਨ ਸਿੰਘ ਹੁਸੈਨਪੁਰ ਕਿਸਾਨ ਆਗੂ, ਜਸਵਿੰਦਰ ਸਿੰਘ ਢੇਰ ਸਮਾਜ ਸੇਵੀ ਆਪੋ-ਆਪਣੇ ਸਾਥੀਆਂ ਦਿਆਂ ਕਾਫਲਿਆਂ ਨਾਲ਼ ਹਾਜਰ ਹੋਏ। ਸਟੇਜ ਸੰਚਾਲਨ ਦੀ ਭੂਮਿਕਾ ਕਾ. ਗੁਰਦੇਵ ਸਿੰਘ ਬਾਗੀ ਅਤੇ ਕਾ. ਧਰਮਪਾਲ ਸ਼ੀਲ਼ ਨੇ ਬਾਖੂਬੀ ਨਿਭਾਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly