ਏਹੁ ਹਮਾਰਾ ਜੀਵਣਾ ਹੈ -92

(ਸਮਾਜ ਵੀਕਲੀ)

ਸਿੰਮੀ ਤੇ ਰਾਜ ਦੇ ਵਿਆਹ ਨੂੰ ਦੋ ਵਰ੍ਹੇ ਹੋ ਗਏ ਸਨ। ਉਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।ਉਹ ਬੜੇ ਚਾਵਾਂ ਲਾਡਾਂ ਨਾਲ ਉਸ ਦਾ ਪਾਲਣ ਪੋਸ਼ਣ ਕਰਨ ਲੱਗੇ। ਉਹਨਾਂ ਨੇ ਆਪਣੇ ਪੁੱਤਰ ਦਾ ਨਾਂ ਮਿੱਕੀ ਰੱਖਿਆ।ਮਿੱਕੀ ਦੀ ਪਾਲਣਾ ਬਹੁਤ ਸੋਹਣੇ ਤਰੀਕੇ ਨਾਲ ਕਰ ਰਹੇ ਸਨ।ਮਿੱਕੀ ਜੋ ਮੂੰਹੋਂ ਕੱਢਦਾ ਉਸ ਦੀ ਹਰ ਗੱਲ ਪੂਰੀ ਕੀਤੀ ਜਾਂਦੀ।ਵੈਸੇ ਵੀ ਰਾਜ ਦਾ ਕੰਮ ਬਹੁਤ ਚੰਗਾ ਸੀ ।ਉਹ ਇੱਕ ਫੈਕਟਰੀ ਦਾ ਮਾਲਕ ਸੀ।ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀਂ ਨਹੀਂ ਸੀ। ਮਿੱਕੀ ਕਦ ਪੰਜ ਵਰ੍ਹਿਆਂ ਦਾ ਹੋ ਗਿਆ, ਪਤਾ ਹੀ ਨਾ ਲੱਗਿਆ। ਹੁਣ ਉਹ ਸਕੂਲ ਜਾਂਦਾ ਸੀ। ਹੁਣ ਉਸ ਦੀ ਜਮਾਤ ਦੇ ਨਿੱਕੇ ਨਿੱਕੇ ਉਸ ਵਰਗੇ ਬੱਚੇ ਹੀ ਉਸ ਦੇ ਦੋਸਤ ਬਣ ਗਏ ਸਨ।ਉਸ ਦਾ ਦੋਸਤ ਉਸ ਨੂੰ ਆਪਣੇ ਪਾਲਤੂ ਕੁੱਤੇ ਦੀਆਂ ਗੱਲਾਂ ਸੁਣਾਉਂਦਾ ਤਾਂ ਉਹ ਵੀ ਘਰ ਆ ਕੇ ਕੁੱਤਾ ਲੈਣ ਦੀ ਜ਼ਿੱਦ ਕਰਦਾ।

ਮਿੱਕੀ ਦਾ ਪੰਜਵਾਂ ਜਨਮ ਦਿਨ ਵੀ ਆ ਗਿਆ। ਸਿੰਮੀ ਤੇ ਰਾਜ ਨੇ ਆਪਣੇ ਪੁੱਤਰ ਦੀ ਖੁਸ਼ੀ ਲਈ ਸਭ ਤੋਂ ਮਹਿੰਗੀ ਨਸਲ ਦੇ ਕੁੱਤੇ ਦਾ ਬੱਚਾ ਚਾਲ਼ੀ ਹਜ਼ਾਰ ਰੁਪਏ ਵਿੱਚ ਖ਼ਰੀਦ ਕੇ ਉਸ ਨੂੰ ਗਿਫ਼ਟ ਕੀਤਾ। ਮਿੱਕੀ ਦੀ ਖੁਸ਼ੀ ਦੇਖ਼ ਕੇ ਸਿੰਮੀ ਤੇ ਰਾਜ ਵੀ ਬਹੁਤ ਖੁਸ਼ ਸਨ। ਕਤੂਰੇ ਦਾ ਨਾਂ ਰੋਮੀਉ ਰੱਖਿਆ ਗਿਆ। ਹੁਣ ਮਿੱਕੀ ਦਾ ਚਾਅ ਨੀ ਸੀ ਚੱਕਿਆ ਜਾਂਦਾ।ਉਹ ਸਕੂਲੋਂ ਆਉਂਦਾ ਹੀ ਰੋਮੀਉ ਨਾਲ ਖੇਡਣ ਲੱਗਦਾ । ਰੋਮੀਉ ਬਹੁਤ ਸਮਝਦਾਰ ਸੀ ਪਰ ਹਜੇ ਬੱਚਾ ਹੋਣ ਕਰਕੇ ਕਦੇ ਕਦੇ ਸ਼ਰਾਰਤ ਕਰ ਦਿੰਦਾ ਤਾਂ ਸਿੰਮੀ ਉਸ ਨੂੰ ਪਿਆਰ ਨਾਲ ਸਮਝਾ ਦਿੰਦੀ । ਰੋਮੀਉ ਲਈ ਤਾਂ ਇਹੀ ਉਸ ਦਾ ਆਪਣਾ ਪਰਿਵਾਰ ਸੀ ਇਸ ਲਈ ਜਿੰਨਾਂ ਪਿਆਰ ਰੋਮੀਉ ਸਭ ਨੂੰ ਕਰਦਾ ਸੀ ਓਨਾਂ ਹੀ ਸਾਰੇ ਉਸ ਨੂੰ ਪਿਆਰ ਕਰਦੇ ਸਨ ।ਰੋਮੀਉ ਦਿਨਾਂ ਵਿੱਚ ਹੀ ਵੱਡਾ ਹੋ ਰਿਹਾ ਸੀ। ਚਾਹੇ ਸਾਰਾ ਪਰਿਵਾਰ ਉਸ ਨੂੰ ਮਿੱਕੀ ਜਿੰਨਾਂ ਪਿਆਰ ਹੀ ਕਰਦੇ ਸਨ ਪਰ ਬਾਹਰਲੇ ਲੋਕ ਉਸ ਤੋਂ ਬਹੁਤ ਡਰਦੇ ਸਨ ਕਿਉਂਕਿ ਕਿ ਉੱਚੀ ਨਸਲ ਦਾ ਹੋਣ ਕਰਕੇ ਪੂਰਾ ਸ਼ੇਰ ਵਰਗਾ ਬਣ ਗਿਆ ਸੀ। ਰੋਮੀਉ ਵੀ ਆਪਣੇ ਪਰਿਵਾਰ ਦੀ ਸੁਰੱਖਿਆ ਦਾ ਧਿਆਨ ਰੱਖਦਾ , ਕਿਸੇ ਨੂੰ ਵੀ ਘਰ ਦੇ ਆਲ਼ੇ ਦੁਆਲ਼ੇ ਫਰਕਣ ਨਾ ਦਿੰਦਾ।

ਇੱਕ ਦਿਨ ਸਿੰਮੀ,ਰਾਜ,ਮਿੱਕੀ ਤੇ ਰੋਮੀਉ ਕਾਰ ਵਿੱਚ ਬਾਹਰ ਘੁੰਮਣ ਗਏ। ਉਹ ਬਜ਼ਾਰ ਪਹੁੰਚ ਕੇ ਰੋਮੀਉ ਨੂੰ ਗੱਡੀ ਵਿੱਚ ਹੀ ਛੱਡ ਕੇ ਬਜ਼ਾਰ ਦੀਆਂ ਭੀੜੀਆਂ ਗਲੀਆਂ ਵਿੱਚ ਦੂਰ ਨਿਕਲ ਗਏ। ਰੋਮੀਉ ਨੇ ਦੇਖਿਆ ਕਿ ਇੱਕ ਅਵਾਰਾ ਕੁੱਤੇ ਦੇ ਬੱਚੇ ਨੂੰ ਇੱਕ ਦੁਕਾਨਦਾਰ ਸੋਟੀਆਂ ਨਾਲ ਕੁੱਟ ਰਿਹਾ ਸੀ। ਉਸ ਕਤੂਰੇ ਦੀਆਂ ਦਰਦ ਭਰੀਆਂ ਚੀਕਾਂ ਸੁਣ ਕੇ ਰੋਮੀਉ ਤੋਂ ਰਿਹਾ ਨਾ ਗਿਆ, ਉਹ ਗੱਡੀ ਦੀ ਖਿੜਕੀ ਵਿੱਚੋਂ ਛਾਲ ਮਾਰਕੇ ਉਸ ਨੂੰ ਬਚਾਉਣ ਗਿਆ ਤਾਂ ਉਸ ਨੂੰ ਸਾਰੇ ਲੋਕ ਦੇਖ ਕੇ ਡਰ ਗਏ ਤੇ ਉਸ ਉੱਪਰ ਪੱਥਰ ਮਾਰਨ ਲੱਗੇ।ਉਹ ਡਰਦਾ ਕਿਸੇ ਹੋਰ ਪਾਸੇ ਨੂੰ ਹੀ ਨਿਕਲ਼ ਗਿਆ। ਲੋਕਾਂ ਵਿੱਚ ਉਸ ਨੂੰ ਦੇਖ ਕੇ ਹਫ਼ੜਾ ਦਫੜੀ ਮੱਚ ਗਈ।

ਕੋਈ ਉਸ ਦੇ ਪੱਥਰ ਮਾਰੇ ,ਕੋਈ ਸੋਟੀ ਤੇ ਕੋਈ ਇੱਟ ਚੁੱਕੇ ਕੇ ਮਾਰੇ। ਇੱਕ ਆਦਮੀ ਨੇ ਤਾਂ ਹੱਦ ਹੀ ਕਰ ਦਿੱਤੀ,ਉਸ ਨੇ ਮੋਟੀ ਸਾਰੀ ਲੋਹੇ ਦੀ ਰਾਡ ਮਾਰੀ ਤਾਂ ਰੋਮੀਉ ਦੀ ਔਲਾਟ ਨਿਕਲ ਗਈ,ਉਸ ਨੇ ਆਪਣੇ ਬਚਾਅ ਲਈ ਉਸ ਦੀ ਬਾਂਹ ਫੜ ਲਈ।ਸਾਰੇ ਲੋਕ ਉਸ ਨੂੰ ਛੁਡਵਾਉਣ ਲਈ ਹੋਰ ਵੱਡੇ ਵੱਡੇ ਹਥਿਆਰਾਂ ਨਾਲ ਉਸ ਉੱਤੇ ਹਮਲੇ ਕਰਨ ਲੱਗੇ।ਉਹ ਆਪਣਾ ਬਚਾਅ ਕਰਨ ਲਈ ਕਿਸੇ ਦਾ ਹੱਥ ਫੜਦਾ , ਕਿਸੇ ਦੀ ਲੱਤ ਫੜਦਾ ।ਐਨੇ ਨੂੰ ਇੱਕ ਬੰਦੇ ਨੇ ਉਸ ਦੇ ਸਿਰ ਅਤੇ ਢਿੱਡ ਵਿੱਚ ਕਿਰਪਾਨਾਂ ਮਾਰ ਮਾਰ ਕੇ ਉਸ ਨੂੰ ਮਾਰ ਦਿੱਤਾ।

ਓਧਰ ਸਿੰਮੀ ,ਰਾਜ ਤੇ ਮਿੱਕੀ ਰੋਮੀਉ ਨੂੰ ਲੱਭ ਰਹੇ ਸਨ।ਜਦ ਤੱਕ ਖਬਰਾਂ ਵਿੱਚ ਰੋਮੀਉ ਦੀ ਖ਼ੂਨ ਨਾਲ ‌‌‌ਲੱਥ ਲਾਸ਼ ਪਈ ਦੀਆਂ ਤਸਵੀਰਾਂ ਤੇ ਖਬਰਾਂ ਆ ਰਹੀਆਂ ਸਨ,”ਇੱਕ ਖੂੰਖਾਰ ਕੁੱਤੇ ਵੱਲੋਂ ਦਰਜਨਾਂ ਲੋਕਾਂ ਤੇ ਹਮਲਾ ਕੀਤਾ ਗਿਆ। ਅਨੇਕਾਂ ਲੋਕ ਜ਼ਖਮੀ ਕਰ ਦਿੱਤੇ ਗਏ,ਉਸ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।” ਓਧਰ ਸਿੰਮੀ ਤੇ ਰਾਜ ਦੇ ਦੋ ਪੁੱਤਾਂ ਵਿੱਚੋਂ ਇੱਕ ਰੋਮੀਉ ਦੀ ਇਸ ਦੁਨੀਆ ਵਿੱਚੋਂ ਜਾਣ ਦੀ ਖ਼ਬਰ ਤੇ ਉੱਤੋਂ ਲੋਕਾਂ ਦੀ ਨਫ਼ਰਤ ਭਰੀ ਬਿਆਨਬਾਜ਼ੀ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਸੀ।

ਰੋਮੀਉ ਚਾਹੇ ਸਰੀਰ ਛੱਡ ਚੁੱਕਿਆ ਸੀ ਪਰ ਉਸ ਦੀ ਆਤਮਾ ਆਪਣੇ ਮੰਮੀ ਪਾਪਾ ਨੂੰ ਸਭ ਕੁਝ ਸੱਚ ਦੱਸਣਾ ਚਾਹੁੰਦੀ ਸੀ ਜੋ ਹੁਣ ਮੁਮਕਿਨ ਨਹੀਂ ਸੀ।ਰੋਮੀਉ ਦੇਖ ਰਿਹਾ ਸੀ ਕਿ ਉਸ ਨੂੰ ਮਾਰਨ ਵਾਲੇ ਲੋਕ ਕਿਵੇਂ ਜਸ਼ਨ ਮਨਾ ਰਹੇ ਸਨ ਜਿਵੇਂ ਉਹਨਾਂ ਨੇ ਕੋਈ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ। ਉਹ ਪਰਮਾਤਮਾ ਅੱਗੇ ਸੁਆਲ ਕਰਕੇ ਪੁੱਛ ਰਿਹਾ ਸੀ ਕਿ ਜੇ ਤੂੰ ਸਾਰੇ ਅਧਿਕਾਰ ਮਨੁੱਖ ਨੂੰ ਦੇ ਦਿੱਤੇ ਹਨ ਤਾਂ ਉਸ ਵਰਗੇ ਅਨੇਕਾਂ ਬੇਜ਼ੁਬਾਨਾਂ ਨੂੰ ਇਸ ਧਰਤੀ ਤੇ ਕਿਉਂ ਭੇਜਿਆ ਹੈ ਕੀ ਏਹੁ ਹਮਾਰਾ ਜੀਵਣਾ ਹੈ?”

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਪਸ਼ੂ ਸੁਰੱਖਿਅਤ ਦਿਵਸ
Next articleਸਾਝੀ ਵਿਰਾਸਤ ਸੋਸਾਇਟੀ ਜਲੰਧਰ ਵਲੋ ਖੂਨਦਾਨ ਕੈਂਪ ਲਗਾਇਆ ਗਿਆ