(ਸਮਾਜ ਵੀਕਲੀ)
ਆਮ ਕਰਕੇ ਸੱਭਿਆਚਾਰ ਤੋਂ ਭਾਵ ਸਾਡਾ ਗੀਤ ਸੰਗੀਤ , ਮਨੁੱਖੀ ਰਹਿਣ ਸਹਿਣ ਅਤੇ ਉਸ ਨਾਲ ਜੁੜੇ ਰੀਤੀ ਰਿਵਾਜਾਂ ਨੂੰ ਹੀ ਸਮਝਿਆ ਜਾਂਦਾ ਹੈ। ਅਸਲ ਵਿੱਚ ਸੱਭਿਆਚਾਰ ਜੀਵਨ ਜਿਉਣ ਦਾ ਢੰਗ ਹੈ ਜਿਸ ਵਿੱਚ ਮਨੁੱਖੀ ਵਿਵਹਾਰ , ਕੰਮ ਕਾਜ,ਉਸ ਦੇ ਮਨੋਰੰਜਨ ਦੇ ਸਾਧਨ ਅਤੇ ਸਾਧਨ ਪੂਰਤੀ ਦੇ ਸੋਮੇ ਆ ਜਾਂਦੇ ਹਨ । ਇਸ ਤਰ੍ਹਾਂ ਸੰਸਾਰ ਵਿੱਚ ਕੋਈ ਵੀ ਐਸਾ ਸਮੂਹ ਜਾਂ ਖੇਤਰ ਨਹੀਂ ਹੈ ਜੋ ਸੱਭਿਆਚਾਰ ਤੋਂ ਬਿਨਾਂ ਹੋ ਸਕਦਾ ਹੋਵੇ। ਪਰ ਮਨੁੱਖੀ ਸਭਿਆਚਾਰ ਵਿੱਚ ਪਸ਼ੂ ਵੀ ਇੱਕ ਅਹਿਮ ਸਥਾਨ ਰੱਖਦੇ ਹਨ। ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਹਰ ਕੌਮ ਦੀਆਂ ਕਹਾਣੀਆਂ ਆਮ ਕਰਕੇ ਹੀ ਪਸ਼ੂਆਂ ਨਾਲ ਸਬੰਧਤ ਪਾਈਆਂ ਜਾਂਦੀਆਂ ਹਨ।
ਇਹਨਾਂ ਕਹਾਣੀਆਂ ਵਿੱਚ ਮੁੱਖ ਤੌਰ ‘ਤੇ ਪਾਤਰ ਕੋਈ ਵੀ ਪਸ਼ੂ ਜਾਂ ਜਾਨਵਰ ਹੁੰਦਾ ਹੈ ਜਿੰਨ੍ਹਾਂ ਬਾਰੇ ਸਮਾਜ ਵਿੱਚ ਰਹਿੰਦੇ ਹੋਏ ਮਨੁੱਖ ਸੋਚਦਾ ਅਤੇ ਉਹਨਾਂ ਬਾਰੇ ਗੱਲਾਂ ਕਰਦੇ ਹਨ। ਪੁਰਾਣਿਆਂ ਸਮਿਆਂ ਵਿੱਚ ਰਾਜਿਆਂ ਮਹਾਰਾਜਿਆਂ ਦੀ ਸ਼ਾਹੀ ਸਵਾਰੀ ਵਿੱਚ ਹਾਥੀ ਘੋੜਿਆਂ ਦਾ ਜ਼ਿਕਰ ਆਉਂਦਾ ਹੈ, ਜੰਗ ਦੇ ਮੈਦਾਨਾਂ ਵਿੱਚ ਵੀ ਹਾਥੀ ਘੋੜਿਆਂ ਦਾ ਜ਼ਿਕਰ ਹੈ। ਮਨੋਰੰਜਨ ਲਈ ਮਨੁੱਖ ਦੁਆਰਾ ਜਾਨਵਰਾਂ ਦੇ ਮੁਕਾਬਲੇਬਾਜੀਆਂ ਦੀਆਂ ਖੇਡਾਂ ਕਰਵਾਈਆਂ ਜਾਂਦੀਆਂ ਸਨ ਕਬੂਤਰ ਦੁਆਰਾ ਸੰਦੇਸ਼ ਭੇਜਣਾ ਆਦਿ।ਇਸ ਤਰ੍ਹਾਂ ਪਸ਼ੂਆਂ ਪੰਛੀਆਂ ਦੀ ਦੇਖਭਾਲ ਦਾ ਜ਼ਿੰਮਾ ਵੀ ਮਨੁੱਖ ਦਾ ਹੀ ਬਣਦਾ ਹੈ।
ਗੱਲ ਕਰਦੇ ਹਾਂ, ਵਿਸ਼ਵ ਪਸ਼ੂ ਸੁਰੱਖਿਅਤ ਦਿਵਸ ਦੀ ,ਅਸਲ ਵਿੱਚ ਵਿਸ਼ਵ ਪਸ਼ੂ ਦਿਵਸ ਦਾ ਬਹੁਤ ਪੁਰਾਣਾ ਇਤਿਹਾਸ ਹੈ।ਸਭ ਤੋਂ ਪਹਿਲਾਂ ਇਸ ਦਿਵਸ ਦਾ ਆਯੋਜਨ ਹੈਨਰਿਕ ਜਿਮਰਮੈਨ ਦੁਆਰਾ 1925 ਵਿੱਚ ਬਰਲਿਨ ਵਿੱਚ ਕੀਤਾ ਗਿਆ ਸੀ । ਇਸ ਦਿਨ ਦੇ ਆਯੋਜਨ ਦੇ ਪਿੱਛੇ ਉਸਦਾ ਉਦੇਸ਼ ਜਾਗਰੂਕਤਾ ਪੈਦਾ ਕਰਨਾ ਅਤੇ ਜਾਨਵਰਾਂ ਦੀ ਭਲਾਈ ਵਿੱਚ ਸੁਧਾਰ ਕਰਨਾ ਸੀ। ਵਿਸ਼ਵ ਪਸ਼ੂ ਦਿਵਸ ਦੇ ਪਹਿਲੇ ਹੀ ਸਮਾਗਮ ਵਿੱਚ, ਲਗਭਗ 5000 ਲੋਕਾਂ ਨੇ ਅੱਗੇ ਆ ਕੇ ਆਪਣਾ ਸਮਰਥਨ ਦਿਖਾਇਆ। ਵਿਸ਼ਵ ਪਸ਼ੂ ਦਿਵਸ ਨੂੰ ਅਸੀਸੀ ਦੇ ਸੇਂਟ ਫ੍ਰਾਂਸਿਸ ਦਾ ਤਿਉਹਾਰ ਦਿਵਸ ਵੀ ਕਿਹਾ ਜਾਂਦਾ ਹੈ। ਸੇਂਟ ਫ੍ਰਾਂਸਿਸ ਜਾਨਵਰਾਂ ਦਾ ਸਰਪ੍ਰਸਤ ਸੰਤ ਸੀ। ਇਸ ਲਈ ਇਸ ਦਿਨ ਦੀ ਸ਼ੁਰੂਆਤ 1931 ਵਿੱਚ ਕੀਤੀ ਗਈ ਵਿਸ਼ਵ ਪਸ਼ੂ ਸੁਰੱਖਿਅਤ ਦਿਵਸ ਦੇ ਤੌਰ ਤੇ ਹਰ ਸਾਲ 4 ਅਕਤੂਬਰ ਨੂੰ ਮਨਾਇਆ ਜਾਣ ਲੱਗਾ ।
ਇਸ ਦਾ ਮੁੱਖ ਮਕਸਦ ਪਸ਼ੂਆਂ ਅਤੇ ਪੰਛੀਆਂ ਦੀ ਸਾਂਭ ਸੰਭਾਲ, ਉਹਨਾਂ ਦੇ ਹੱਕ , ਉਨ੍ਹਾਂ ਦੇ ਨਿਵਾਸ ਸਥਾਨ ਦੇ ਪ੍ਰਬੰਧ ਅਤੇ ਉਨ੍ਹਾਂ ਦੀ ਸੁਰੱਖਿਆ ਕਰਨਾ ਹੈ। ਫਿਰ ਇਸ ਦਿਨ ਨੂੰ ਮਨਾਉਣ ਦਾ ਫੈਸਲਾ ਇਟਲੀ ਦੇ ਫਲੋਰੈਂਸ ਵਿੱਚ ਕੁਦਰਤ ਸੰਭਾਲ ਅੰਦੋਲਨ ਦੇ ਸਮਰਥਕਾਂ ਦੀ ਅੰਤਰਰਾਸ਼ਟਰੀ ਕਾਂਗਰਸ ਵਿੱਚ ਲਿਆ ਗਿਆ । ਇਸ ਦਿਨ ਪਸ਼ੂ ਸੁਰੱਖਿਆ ਸੰਸਥਾਵਾਂ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਜਾਨਵਰਾਂ ਪ੍ਰਤੀ ਮਨੁੱਖੀ ਜ਼ਿੰਮੇਵਾਰੀਆਂ , ਉਹਨਾਂ ਦੇ ਇਲਾਜ ਦੀ ਲੋੜ ਵੱਲ ਅਤੇ ਨਾਲ ਹੀ ਇਸ ਧਰਤੀ ਤੇ ਮਨੁੱਖ ਦੁਆਰਾ ਜਾਨਵਰਾਂ ਦੀ ਹੋ ਰਹੀ ਦੁਰਦਸ਼ਾ ਵੱਲ ਖਿੱਚਣ ਲਈ ਕਰਦੀਆਂ ਹਨ। ਕਈ ਅਧਿਐਨਾਂ ਦੇ ਅਨੁਸਾਰ, ਇੱਕ ਤਿਹਾਈ ਥਣਧਾਰੀ ਜੀਵਾਂ ਨੂੰ ਮਨੁੱਖੀ ਗਤੀਵਿਧੀਆਂ ਦੇ ਕਾਰਨ ਅਲੋਪ ਹੋਣ ਦਾ ਖ਼ਤਰਾ ਹੈ।
“ਜੋ ਇੱਕ ਭੁੱਖੇ ਜਾਨਵਰ ਨੂੰ ਖੁਆਉਂਦਾ ਹੈ ਉਹ ਉਸਦੀ ਆਤਮਾ ਨੂੰ ਭੋਜਨ ਦਿੰਦਾ ਹੈ,” ਮਸ਼ਹੂਰ ਹਾਸ ਕਲਾਕਾਰ ਚਾਰਲੀ ਚੈਪਲਿਨ ਦੇ ਇਸ ਕਥਨ ਵਿੱਚ ਜਾਨਵਰਾਂ ਪ੍ਰਤੀ ਸਨੇਹ ਭਾਵ ਦਾ ਡੂੰਘਾ ਰਹੱਸ ਛੁਪਿਆ ਹੋਇਆ ਹੈ। ਇਸ ਧਰਤੀ ਤੇ ਸਿਰਫ਼ ਮਨੁੱਖ ਹੀ ਆਪਣੀ ਸੋਝੀ ਅਤੇ ਦਿਮਾਗੀ ਸਮਰੱਥਾ ਕਰਕੇ ਜਾਨਵਰਾਂ ਤੋਂ ਵੱਖ ਹੈ। ਇਸ ਲਈ ਜੇ ਮਨੁੱਖ ਪਸ਼ੂ ਪੰਛੀਆਂ ਦੀ ਦੇਖਭਾਲ ਆਪਣਾ ਕਰਤਵ ਸਮਝਦੇ ਹੋਏ ਸਹੀ ਤਰੀਕੇ ਨਾਲ ਕਰਦਾ ਹੈ ਤਾਂ ਉਹ ਉਸ ਦੀ ਆਤਮਾ ਨੂੰ ਵੀ ਸ਼ਾਂਤੀ ਪਹੁੰਚਾ ਰਿਹਾ ਹੁੰਦਾ ਹੈ। ਮਨੁੱਖ ਦੀਆਂ ਮੁੱਢਲੀਆਂ ਲੋੜਾਂ ਦੀ ਤਰ੍ਹਾਂ ਪਾਲਤੂ ਜਾਂ ਅਵਾਰਾ ਪਸ਼ੂਆਂ ਦੀਆਂ ਤਿੰਨ ਮੁੱਢਲੀਆਂ ਲੋੜਾਂ ਭੋਜਨ, ਆਸਰਾ ਅਤੇ ਇਲਾਜ ਹਨ ਜਿਸ ਲਈ ਉਹ ਪੂਰੀ ਤਰ੍ਹਾਂ ਮਨੁੱਖ ਉੱਤੇ ਨਿਰਭਰ ਹੁੰਦੇ ਹਨ।ਪਰ ਕੁਦਰਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਮਨੁੱਖੀ ਪ੍ਰਵਿਰਤੀਆਂ ਦਾ ਸ਼ਿਕਾਰ ਪਸ਼ੂ ਪੰਛੀ ਵੀ ਹੋ ਰਹੇ ਹਨ।
ਰੁੱਖਾਂ ਦੀ ਕਟਾਈ, ਪ੍ਰਦੂਸ਼ਣ ਅਤੇ ਹੋਰ ਅਨੇਕਾਂ ਕੁਦਰਤ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਦੇ ਨਾਲ ਨਾਲ ਮਨੁੱਖ ਦਾ ਪਸ਼ੂ ਪੰਛੀਆਂ ਪ੍ਰਤੀ ਕਾਇਰਾਨਾ ਰਵੱਈਆ ਉਹਨਾਂ ਨੂੰ ਹਿੰਸਕ ਬਣਾ ਰਿਹਾ ਹੈ। ਜਿਹੜੇ ਜਾਨਵਰਾਂ ਦੀ ਜਗ੍ਹਾ ਜੰਗਲਾਂ ਵਿੱਚ ਹੋਣੀ ਚਾਹੀਦੀ ਹੈ, ਜੰਗਲਾਂ ਦੇ ਅਲੋਪ ਹੋ ਜਾਣ ਕਾਰਨ ਉਹ ਸ਼ਹਿਰੀ ਵਸੋਂ ਵੱਲ ਰੁਖ਼ ਕਰਦੇ ਹਨ, ਉਸ ਤੋਂ ਵੀ ਵੱਧ ਬੇਸਹਾਰਾ ਘੁੰਮਦੇ ਭੁੱਖਮਰੀ ਦਾ ਸ਼ਿਕਾਰ ਹੋ ਕੇ ਫਿਰ ਮਨੁੱਖੀ ਅਤਿਆਚਾਰਾਂ ਦਾ ਸ਼ਿਕਾਰ ਹੁੰਦੇ ਹਨ ਜਿਸ ਕਰਕੇ ਉਹਨਾਂ ਦਾ ਰਵੱਈਆ ਵੀ ਹਿੰਸਕ ਹੋ ਜਾਂਦਾ ਹੈ ਤੇ ਫਿਰ ਤੋਂ ਉਸ ਨੂੰ ਮਨੁੱਖੀ ਅਤਿਆਚਾਰਾਂ ਦਾ ਸ਼ਿਕਾਰ ਹੋਣ ਕਾਰਨ ਉਹਨਾਂ ਦੀ ਦੁਰਦਸ਼ਾ ਹੋ ਰਹੀ ਹੈ। ਸਰਕਾਰਾਂ ਦੁਆਰਾ ਪਸ਼ੂਆਂ ਦੇ ਨਾਂ ਤੇ ਟੈਕਸ ਉਗਰਾਹ ਕੇ ਉਹਨਾਂ ਪ੍ਰਤੀ ਕੋਈ ਭਲਾਈ ਸਕੀਮਾਂ ਚਲਾਉਣ ਲਈ ਕੋਈ ਉਪਰਾਲੇ ਨਹੀਂ ਕੀਤੇ ਜਾਂਦੇ।
ਵਿਸ਼ਵ ਪਸ਼ੂ ਸੁਰੱਖਿਅਤ ਦਿਵਸ ਮੌਕੇ ਪਸ਼ੂਆਂ ਦੀ ਸਾਂਭ ਸੰਭਾਲ, ਉਹਨਾਂ ਦੀ ਦੇਖਭਾਲ, ਉਹਨਾਂ ਦੀ ਸਹੀ ਖੁਰਾਕ, ਉਹਨਾਂ ਦੀਆਂ ਬੀਮਾਰੀਆਂ ਅਤੇ ਇਲਾਜਾਂ ਬਾਰੇ ਚਾਹੇ ਸਰਕਾਰੀ ਸੰਸਥਾਵਾਂ ਦੁਆਰਾ ਕਈ ਸੰਮੇਲਨ ਆਯੋਜਿਤ ਕੀਤੇ ਜਾਂਦੇ ਹਨ, ਉਹਨਾਂ ਬਾਰੇ ਚਰਚਾਵਾਂ ਵੀ ਕੀਤੀਆਂ ਜਾਂਦੀਆਂ ਹਨ ਪਰ ਅਫਸੋਸ ਕਿ ਇਹ ਸਭ ਕੁਝ ਸਟੇਜਾਂ ਤੋਂ ਖ਼ਬਰਾਂ ਤੱਕ ਦੀ ਵਾਹ ਵਾਹ ਤੱਕ ਹੀ ਸੀਮਤ ਰਹਿ ਜਾਂਦਾ ਹੈ। ਸਾਡੇ ਦੇਸ਼ ਵਿੱਚ ਜੇ ਕਿਤੇ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਕੋਈ ਦਿਆਨਤਦਾਰ ਲੈ ਵੀ ਲੈਂਦਾ ਹੈ ਤਾਂ ਉਸ ਨੂੰ ਬਹੁਤੇ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਵਿਸ਼ਵ ਪਸ਼ੂ ਸੁਰੱਖਿਅਤ ਦਿਵਸ ਨੂੰ ਜੇ ਸਰਕਾਰੀ ਸੰਸਥਾਵਾਂ ਵਿੱਚ ਕੋਈ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਉਸ ਨੂੰ ਅਮਲੀ ਜਾਮਾ ਪਹਿਨਾਉਣਾ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ।
ਲੋੜ ਹੈ ਸਕੂਲਾਂ ਕਾਲਜਾਂ ਵਿੱਚ ਪ੍ਰਕਿਰਤੀ ਦੇ ਇਸ ਅਹਿਮ ਹਿੱਸੇ ਪਸ਼ੂ ਪੰਛੀਆਂ ਦੀ ਦੇਖਭਾਲ ਅਤੇ ਉਹਨਾਂ ਪ੍ਰਤੀ ਸੁਹਿਰਦ ਹੋਣ ਦੀ ਸਿੱਖਿਆ ਦੇਣ ਦੀ,ਪਰ ਸਾਡੀਆਂ ਤਾਂ ਸਰਕਾਰਾਂ ਦੇ ਲੀਡਰ ਹੀ ਜਾਨਵਰਾਂ ਦੀਆਂ ਕਈ ਕਈ ਕਿਸਮਾਂ ਪ੍ਰਤੀ ਨਫ਼ਰਤ ਭਰੀ ਬਿਆਨਬਾਜ਼ੀ ਕਰਕੇ ਦਹਿਸ਼ਤ ਅਤੇ ਘਿਰਣਾ ਪੈਦਾ ਕਰਨ ਦੀ ਕੋਈ ਕਸਰ ਨਹੀਂ ਛੱਡਦੇ। ਜੋ ਕੁਦਰਤ ਦੇ ਅਸੂਲਾਂ ਦੇ ਬਿਲਕੁਲ ਉਲਟ ਹੈ। ਆਓ ਆਪਾਂ ਸਾਰੇ ਇਸ ਦਿਵਸ ਦੀ ਵਿਸ਼ੇਸ਼ਤਾ ਨੂੰ ਸਮਝਦੇ ਹੋਏ ਜਾਨਵਰਾਂ ਪ੍ਰਤੀ ਸਨੇਹ ਭਾਵ ਪੈਦਾ ਕਰਕੇ ਆਪਣੇ ਆਲ਼ੇ ਦੁਆਲ਼ੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਚੁੱਕੀਏ।
“ਜਾਨਵਰਾਂ ਲਈ ਹਮਦਰਦੀ ਚਰਿੱਤਰ ਦੀ ਦਿਆਲਤਾ ਨਾਲ ਇੰਨੀ ਨੇੜਿਓਂ ਜੁੜੀ ਹੋਈ ਹੈ ਕਿ ਇਹ ਭਰੋਸੇ ਨਾਲ ਕਿਹਾ ਜਾ ਸਕਦਾ ਹੈ ਕਿ ਜੋ ਜਾਨਵਰਾਂ ਪ੍ਰਤੀ ਬੇਰਹਿਮ ਹੈ ਉਹ ਲੋਕਾਂ ਪ੍ਰਤੀ ਦਿਆਲੂ ਨਹੀਂ ਹੋ ਸਕਦਾ।”ਆਰਥਰ ਸਾਪਨਹੇਹੋਅਰ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly