ਏਹੁ ਹਮਾਰਾ ਜੀਵਣਾ ਹੈ -225

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਹੋਲੀ ਵਿਸ਼ੇਸ਼

ਹੋਲੀ ਦਾ ਤਿਉਹਾਰ ਪਿਆਰ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੁੰਦਾ ਹੈ।ਇਸ ਦਾ ਸਬੰਧ ਬਸੰਤ ਦੀ ਰੁੱਤ ਨਾਲ ਹੈ। ਇਹ ਬਸੰਤ ਪੰਚਮੀ ਤੋਂ ਚਾਲੀਵੇਂ ਦਿਨ ਮਨਾਈ ਜਾਂਦੀ ਸੀ। ਕਹਿੰਦੇ ਹਨ ਕਿ ਪੁਰਾਣੇ ਸਮਿਆਂ ਵਿੱਚ ਇਹ ਤਿਉਹਾਰ ਬਸੰਤ ਤੋਂ ਲੈ ਕੇ ਹੋਲੀ ਤੱਕ ਲਗਾਤਾਰ ਮਨਾਇਆ ਜਾਂਦਾ ਸੀ। ਇਸ ਰੁੱਤ ਵਿੱਚ ਸ਼ਾਮ ਨੂੰ ਇਕੱਠੇ ਹੋ ਕੇ ਹੋਲ਼ਾਂ ਭੁੰਨ ਕੇ ਖਾਧੀਆਂ ਜਾਂਦੀਆਂ ਸਨ। ਹੋਲਾਂ ਭੁੰਨਣ ਲਈ ਬਾਲੀ ਅੱਗ ਨੂੰ ਵੀ ਹੋਲੀ ਆਖਿਆ ਜਾਂਦਾ ਸੀ। ਹੋਲੀ ਹੋਲ਼ਾਂ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ।ਇਸ ਤਿਉਹਾਰ ਨੂੰ ਮਨਾਉਣ ਸਬੰਧੀ ਕਈ ਹੋਰ ਮਿਥਿਹਾਸਕ ਕਹਾਣੀਆਂ ਵੀ ਪ੍ਰਚਲਤ ਹਨ ਜਿਵੇਂ ਹੋਲਿਕਾ ਜਲਾਕੇ ਹੋਲਿਕਾ ਦਹਨ ਕਰਨਾ ਆਦਿ।

ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਹੋਲੀ ਰੰਗਾਂ ਦਾ ਤਿਉਹਾਰ ਹੈ। ਰੰਗ ਖ਼ੁਸ਼ੀ ਦਾ ਪ੍ਰਤੀਕ ਹੁੰਦੇ ਹਨ ਜੋ ਸਾਡਾ ਜੀਵਨ ਰੰਗੀਨ ਬਣਾਉਂਦੇ ਹਨ।ਜੇ ਹੋਲੀ ਦਾ ਤਿਉਹਾਰ ਪੂਰੀ ਮਰਿਆਦਾ ਨਾਲ ਮਨਾਇਆ ਜਾਵੇ ਤਾਂ ਹੋਲੀ ਵਾਲੇ ਦਿਨ ਸਾਰਾ ਆਲਾ-ਦੁਆਲਾ ਰੰਗ-ਬਿਰੰਗਾ ਅਤੇ ਖਿੜਿਆ ਖਿੜਿਆ ਦਿਸਦਾ ਹੈ ਜੋ ਸਿਰਫ਼ ਦੇਖਣ ਨੂੰ ਹੀ ਸੋਹਣਾ ਨਹੀਂ ਲੱਗਦਾ, ਸਗੋਂ ਸਾਡੀ ਰੂਹ ਨੂੰ ਵੀ ਖ਼ੁਸ਼ੀ ਦਿੰਦਾ ਹੈ।ਹਰ ਉਮਰ ਅਤੇ ਹਰ ਵਰਗ ਦੇ ਲੋਕ ਇਸ ਤਿਉਹਾਰ ਨੂੰ ਆਪਣੇ-ਆਪਣੇ ਢੰਗ ਨਾਲ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਬੱਚੇ ਤਰ੍ਹਾਂ-ਤਰ੍ਹਾਂ ਦੀਆਂ ਪਿਚਕਾਰੀਆਂ ਵਿੱਚ ਰੰਗ ਭਰ ਕੇ ਪਾਣੀ ਵਾਲੀ ਹੋਲੀ ਖੇਡਦੇ ਹਨ। ਉਹ ਕੋਠਿਆਂ ‘ਤੇ ਚੜ੍ਹ ਕੇ ਗਲੀ ਵਿੱਚ ਲੰਘਦਿਆਂ ਉੱਤੇ ਰੰਗ ਵਾਲ਼ ਪਾਣੀ ਦੇ ਗ਼ੁਬਾਰੇ ਸੁੱਟ ਕੇ ਖ਼ੁਸ਼ੀ ਮਨਾਉਂਦੇ ਹਨ।

ਸਕੂਟਰਾਂ, ਮੋਟਰਸਾਈਕਲਾਂ ਉੱਤੇ ਚਾਰ-ਚਾਰ ,ਪੰਜ-ਪੰਜ ਜਣੇ ਤੇ ਕਾਰਾਂ ਵਿੱਚ ਦਸ-ਦਸ ਨੌਜਵਾਨ ਮੁੰਡੇ ਕੁੜੀਆਂ ਭਰ ਕੇ ਮੂੰਹ ਅਤੇ ਕੱਪੜੇ ਰੰਗ ਬਿਰੰਗੇ ਕੀਤੇ ਜਲੂਸ ਦੇ ਰੂਪ ਵਿੱਚ ਸੀਟੀਆਂ ਮਾਰਦੇ , ਲਗਾਤਾਰ ਟੀਂ-ਟੀਂ ਟੀਂ-ਟੀਂ ਕਰਦੇ, ਹੁੱਲੜਬਾਜ਼ੀ ਕਰਦੇ ਗਲ਼ੀਆਂ ਮੁਹੱਲਿਆਂ ਅਤੇ ਬਜ਼ਾਰਾਂ ਵਿੱਚ ਅੱਗ ਲੱਗੀ ਵਾਂਗੂੰ ਤੇਜ਼ ਰਫ਼ਤਾਰ ਨਾਲ਼ ਗੇੜੀਆਂ ਮਾਰਦੇ ਹਨ। ਕਈ ਤਾਂ ਬਹੁਤੇ ਮਾਡਰਨ ਮਾਪੇ ਵੀ ਉਹਨਾਂ ਦਾ ਸਾਥ ਦਿੰਦੇ ਦਿਸਦੇ ਹਨ। ਸਵੇਰ ਤੋਂ ਲੈਕੇ ਸ਼ਾਮ ਤੱਕ ਗੇੜੇ ਕੱਢਦੇ, ਆਉਂਦੇ ਜਾਂਦੇ ਰਾਹੀਆਂ ਉੱਪਰ ਰੰਗ ਸੁੱਟ ਕੇ ਉਹਨਾਂ ਦੇ ਮਜ਼ਾਕ ਉਡਾਉਣਾ ਕਿਹੜੀ ਤਹਿਜ਼ੀਬ ਦਾ ਹਿੱਸਾ ਹੈ? ਇਸ ਨੂੰ ਉਹ ਲੋਕ ਆਪਣਾ ਤਿਉਹਾਰ ਮਨਾਉਣ ਦਾ ਤਰੀਕਾ ਜਾਂ ਮਨੋਰੰਜਨ ਆਖਦੇ ਹਨ। ਰਾਹਾਂ ਵਿੱਚ ਆਪਣੇ ਕੰਮਾਂ ਕਾਰਾਂ ਲਈ ਜਾਂਦੇ, ਧੋਤੇ ਪ੍ਰੈੱਸ ਕੀਤੇ ਕੱਪੜੇ ਪਾਈ ਜਾਂਦੇ ਸ਼ਰੀਫ਼ ਲੋਕਾਂ ਨੂੰ ਤਾਂ ਇਹਨਾਂ ਨੇ ਕੀ ਬਖਸ਼ਣਾ ਹੈ,ਇਹ ਤਾਂ ਬੇਜ਼ੁਬਾਨ ਜਾਨਵਰਾਂ ਉੱਪਰ ਰੰਗ ਸੁੱਟ ਸੁੱਟ ਉਹਨਾਂ ਨੂੰ ਹਾਲੋਂ ਬੇਹਾਲ ਕਰ ਦਿੰਦੇ ਹਨ। ਉਹ ਸਮਝ ਹੀ ਨਹੀਂ ਪਾਉਂਦੇ ਕਿ ਇਹ ਧਰਤੀ ਉੱਤੇ ਕਿਹੜੇ ਗ੍ਰਹਿ ਦੇ ਜੀਵ-ਜੰਤੂ ਉਤਰ ਆਏ ਹਨ।

ਕਈ ਵਾਰ ਕਈ ਅੱਕੇ ਹੋਏ ਲੋਕ ਇਹੋ ਜਿਹੇ ਮੱਛਰੇ ਹੋਏ ਅੱਥਰੇ ਲੋਕਾਂ ਨਾਲ ਦੋ ਹੱਥ ਵੀ ਕਰ ਲੈਂਦੇ ਹਨ। ਕਈ ਵਾਰ ਤਾਂ ਇਹ ਲੜਾਈਆਂ ਭਿਆਨਕ ਰੂਪ ਧਾਰਨ ਕਰ ਲੈਂਦੀਆਂ ਹਨ। ਜਿਹੜੇ ਲੋਕ ਤਹਿਜ਼ੀਬ ਨਾਲ ਮਰਿਆਦਾ ਸਹਿਤ ਇਸ ਤਿਉਹਾਰ ਨੂੰ ਮਨਾਉਂਦੇ ਹਨ ਉਹ ਆਪਣੇ ਦੋਸਤਾਂ-ਮਿੱਤਰਾਂ, ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਗੁਲਾਲ ਲਗਾ ਕੇ ਹੋਲੀ ਦੀਆਂ ਵਧਾਈਆਂ ਦਿੰਦੇ ਹਨ। ਘਰ ਆਏ ਮਹਿਮਾਨਾਂ ਨੂੰ ਮਠਿਆਈ ਖੁਆਈ ਜਾਂਦੀ ਹੈ ਅਤੇ ਚਾਹ ਪਾਣੀ ਪਿਆਇਆ ਜਾਂਦਾ ਹੈ। ਕਈ ਲੋਕ ਹੋਲੀ ਵਾਲੇ ਦਿਨ ਗੁਜੀਆ ਖ਼ਾਸ ਤੌਰ ਤੇ ਬਣਾਉਂਦੇ ਹਨ । ਹੋਰ ਵੀ ਕਈ ਪ੍ਰਕਾਰ ਦੇ ਪਕਵਾਨ ਬਣਾਏ ਜਾਂਦੇ ਹਨ। ਇਹ ਤਿਉਹਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਨਾਇਆ ਜਾਂਦਾ ਹੈ। ਚਾਰੇ-ਪਾਸੇ ਰੰਗ ਉੱਡ ਰਹੇ ਹੁੰਦੇ ਹਨ ਅਤੇ ਕਈ ਮਰਦ ਔਰਤਾਂ ਖ਼ਾਸ ਤੌਰ ਤੇ ਟੋਲੀਆਂ ਬਣਾ ਕੇ ਢੋਲ ਵਜਾਉਂਦੇ,ਨੱਚਦੇ ਟੱਪਦੇ ‘ਹੋਲੀ ਹੈ ਬਈ ਹੋਲੀ ਹੈ’ ਗਾਉਂਦੇ ਅਗਾਂਹ ਵਧਦੇ ਦੇਖੇ ਜਾ ਸਕਦੇ ਹਨ।

ਕਦੇ ਸਮਾਂ ਹੁੰਦਾ ਸੀ,ਜਦ ਲੋਕ ਰੰਗ-ਬਿਰੰਗੇ ਫੁੱਲਾਂ ਅਤੇ ਫੁੱਲਾਂ ਦੀਆਂ ਪੱਤੀਆਂ ਨਾਲ ਹੋਲੀ ਖੇਡਦੇ ਹੁੰਦੇ ਸਨ। ਫਿਰ ਲੋਕ ਸੁੱਕੇ ਰੰਗਾਂ ਨਾਲ ਖੇਡਦੇ ਪਰ ਅੱਜ ਕੱਲ੍ਹ ਉਸ ਦੀ ਥਾਂ ਰਸਾਇਣਕ (ਕੈਮੀਕਲ) ਰੰਗਾਂ ਨੇ ਲੈ ਲਈ ਹੈ ਤੇ ਕੁਝ ਸ਼ਰਾਰਤੀ ਲੋਕ ਤਾਂ ਆਂਡਿਆਂ ਅਤੇ ਗੰਦੇ ਪਾਣੀ ਅਤੇ ਗੋਹੇ ਵਾਲੇ ਪਾਣੀ ਦੀ ਵਰਤੋਂ ਵੀ ਕਰਨ ਲੱਗ ਪਏ ਹਨ। ਇਸ ਕਰ ਕੇ ਹੋਲੀ ਵਾਲੇ ਦਿਨ ਕਈ ਵਾਰ ਲੜਾਈ–ਝਗੜਾ ਵੀ ਵੇਖਣ ਨੂੰ ਮਿਲਦਾ ਹੈ, ਜਿਸ ਕਾਰਨ ਇਸ ਤਿਉਹਾਰ ਦੀ ਸ਼ੋਭਾ ਘਟਦੀ ਜਾ ਰਹੀ ਹੈ।ਤਿਉਹਾਰ ਸਾਡੀ ਕੌਮੀ ਏਕਤਾ ਦਾ ਪ੍ਰਤੀਕ ਹੁੰਦੇ ਹਨ। ਸਾਨੂੰ ਇਸ ਗੱਲ ਦਾ ਧਿਆਨ ਰੱਖਦੇ ਹੋਏ ਤਿਉਹਾਰਾਂ ਨੂੰ ਪਿਆਰ ਅਤੇ ਭਾਈਚਾਰੇ ਦੀ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ। ਇਸ ਲਈ ਹੋਲੀ ਦਾ ਤਿਉਹਾਰ ਮਰਿਆਦਾ ਸਹਿਤ ਮਨਾ ਕੇ ਖੁਸ਼ੀ ਨੂੰ ਦੁੱਗਣਾ ਕਰਨਾ ਚਾਹੀਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

Previous articleਆਓ! 7 ਮਾਰਚ 2023 ਦੇ ਜਿਲ੍ਹਾ ਪੱਧਰੀ ਰੋਸ ਧਰਨਿਆਂ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅੱਗੇ ਆਈਏ।
Next articleਪ੍ਰੀਮੀਅਰ ਈਬੀ ਵਲੋਂ ਗੁਰੂ ਨਾਨਕ ਫੂਡ ਬੈਂਕ ਡੈਲਟਾ ਦਾ ਦੌਰਾ