(ਸਮਾਜ ਵੀਕਲੀ)
ਅਸੀਂ, ਤੁਸੀਂ ਸਾਰੇ ਹੀ ਸਕੂਲ ਵਿੱਚ ਸ਼ੁਰੂ ਤੋਂ ਹੀ ‘ਸਮੇਂ ਦੀ ਕਦਰ’ ਵਾਲ਼ੀਆਂ ਕਹਾਣੀਆਂ ਜਾਂ ਲੇਖ ਬਗੈਰਾ ਪੜ੍ਹਦੇ ਹਾਂ। ਅਕਸਰ ਬਚਪਨ ਵਿੱਚ ਸਾਨੂੰ ਸਮੇਂ ਦੀ ਕਦਰ ਬਾਰੇ ਸਿਖਾਇਆ ਜਾਂਦਾ ਹੈ।ਸਮੇਂ ਦੀ ਲੋੜ ਅਨੁਸਾਰ ਵਰਤੋਂ ਕਰਕੇ ਸਮੇਂ ਦੇ ਹਾਣੀ ਬਣਨ ਲਈ ਕਿਹਾ ਜਾਂਦਾ ਹੈ। ਪੇਪਰਾਂ ਵਿੱਚ ਸਮੇਂ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ। ਸਮੇਂ ਦੇ ਉੱਤੇ ਬਹੁਤ ਸਾਰੇ ਕਵੀਆਂ ਨੇ ਕਵਿਤਾਵਾਂ ਲਿਖੀਆਂ ਹਨ ਜਿਵੇਂ ਕਿ ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ….
ਹੋ, ਅਜੇ ਸੰਭਾਲ ਇਸ ਸਮੇਂ ਨੂੰ,
ਕਰ ਸਫ਼ਲ ਉਡੰਦਾ ਜਾਂਵਦਾ।
ਇਹ ਠਹਿਰਨ ਜਾਂਚ ਨਾ ਜਾਣਦਾ,
ਲੰਘ ਗਿਆ ਨਾ ਮੁੜ ਕੇ ਆਂਵਦਾ।
ਬਹੁਤ ਸਾਰੇ ਲੇਖਕਾਂ ਨੇ ਕਹਾਣੀਆਂ ਤੇ ਲੇਖ ਆਦਿ ਲਿਖੇ ਹਨ। ਇਸ ਤਰ੍ਹਾਂ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਮਾਂ ਕਿੰਨਾਂ ਕੀਮਤੀ ਹੈ, ਸਮਾਂ ਕਿੰਨਾਂ ਸ਼ਕਤੀਸ਼ਾਲੀ ਹੈ। ਹੁਣ ਗੱਲ ਇਹ ਹੈ ਕਿ ਜੇਕਰ ਅਸੀਂ ਸਮੇਂ ਦੀ ਤਾਕਤ ਜਾਂ ਕੀਮਤ ਬਾਰੇ ਐਨਾ ਸਮਝਦੇ ਹਾਂ ਫ਼ਿਰ ਕਿਉਂ ਇਸਨੂੰ ਬਰਬਾਦ ਕਰਦੇ ਹਾਂ। ਜੀ ਹਾਂ, ਸਾਡੇ ਦੇਸ਼ ਵਿੱਚ ਸਮੇਂ ਨੂੰ ਖੁੱਲ੍ਹੇ ਦਿਲ ਨਾਲ ਬਰਬਾਦ ਕੀਤਾ ਜਾਂਦਾ ਹੈ। ਵਿਦੇਸ਼ਾਂ ਵਿੱਚ ਲੋਕ ਸਮੇਂ ਦੇ ਨਾਲ ਭੱਜਦੇ ਹਨ ਇਸੇ ਲਈ ਉਹ ਸਾਥੋਂ ਕਿਤੇ ਵੱਧ ਤਰੱਕੀ ਕਰ ਗਏ ਹਨ। ਅਸੀਂ ਸਮੇਂ ਦੀ ਕਦਰ ਨਹੀਂ ਕਰਦੇ ਇਸਦੇ ਨਾਲ਼ ਭੱਜਣਾ ਤਾਂ ਕੀ, ਤੁਰਦੇ ਵੀ ਨਹੀਂ, ਸਗੋਂ ਘੜੀਸ ਹੀ ਹੁੰਦੇ ਹਾਂ। ਏਸੇ ਕਰਕੇ ਐਨੇ ਪਿੱਛੇ ਰਹਿ ਗਏ ਹਾਂ।
ਅਜਿਹੇ ਲੋਕ ਵੀ ਹਨ ਜੋ ਸਮੇਂ ਦੇ ਪਾਬੰਦ ਹਨ ਤੇ ਸਮੇਂ ਦੇ ਅਨੁਸਾਰ ਚੱਲਦੇ ਹਨ ਪਰ ਐਡੀ ਵੱਡੀ ਗਿਣਤੀ ਵਿੱਚੋਂ ਕੁੱਝ ਲੋਕ ਹੀ ਅਜਿਹੇ ਹਨ। ਫਿਰ ਕਿਵੇਂ ਤਰੱਕੀ ਕਰ ਸਕਦੇ ਹਾਂ ਅਸੀਂ? ਅੱਜਕਲ ਕਿਤੇ ਦੇਰ ਨਾਲ ਪਹੁੰਚਣ ਨੂੰ ਆਪਣੀ ਸ਼ਾਨ ਸਮਝਿਆ ਜਾਂਦਾ ਹੈ। ਆਪ ਹੀ ਸੋਚੋ ਕਿ ਕਿਤੇ ਕਿਸੇ ਮੰਤਰੀ ਜਾਂ ਨੇਤਾ ਨੇ ਆਉਣਾ ਹੋਵੇ ਤਾਂ ਉਹ ਕਈ ਘੰਟੇ ਲੇਟ ਪਹੁੰਚਦਾ ਹੈ, ਵਿਚਾਰੇ ਲੋਕ ਉਡੀਕ ਉਡੀਕ ਕੇ ਥੱਕ ਜਾਂਦੇ ਹਨ। ਸੋਚੋ ਜੇਕਰ ਦੇਸ਼ ਨੂੰ ਚਲਾਉਣ ਵਾਲ਼ੇ ਹੀ ਸਮੇਂ ਦੀ ਕਦਰ ਨਹੀਂ ਕਰਨਗੇ ਤਾਂ ਉਹ ਦੇਸ਼ ਦਾ ਕੀ ਵਿਕਾਸ ਕਰਨਗੇ? ਇਸ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ ਕੋਈ ਕੰਮ ਹੋਵੇ ਤਾਂ ਬਿਨਾਂ ਗਲੋਂ ਹੀ ਇੰਤਜ਼ਾਰ ਕਰਵਾਇਆ ਜਾਂਦਾ ਹੈ।
ਇੰਨੇ ਨੂੰ ਕਈ ਵਾਰ ਭੀੜ ਜਮ੍ਹਾਂ ਹੋ ਜਾਂਦੀ ਹੈ ਤੇ ਫ਼ਿਰ ਸਮੇਂ ਦੀ ਜਿੰਨੀ ਬੇਕਦਰੀ ਹੁੰਦੀ ਹੈ, ਕੀ ਹੀ ਕਹਿਣੇ। ਕਿਸੇ ਪ੍ਰੋਗਰਾਮ ਤੇ ਜੇ ਸਮੇਂ ਤੇ ਪਹੁੰਚ ਜਾਓ ਤਾਂ ਉੱਥੇ ਮੇਜ਼ਬਾਨ ਵੀ ਨਹੀਂ ਆਏ ਹੁੰਦੇ। ਵਿਆਹਾਂ ਸ਼ਾਦੀਆਂ ਵਿੱਚ ਸਮੇਂ ਦਾ ਕੋਈ ਪਤਾ ਹੀ ਨਹੀਂ ਲੱਗਦਾ। ਗੱਡੀਆਂ ਵਾਲਿਆਂ ਨੂੰ ਸਮੇਂ ਤੋਂ ਚਾਰ ਘੰਟੇ ਪਹਿਲਾਂ ਹੀ ਬੁਲਾ ਲਿਆ ਜਾਂਦਾ ਹੈ। ਬੈਂਡ ਵਾਜਿਆਂ ਵਾਲ਼ੇ ਖੜ੍ਹੇ ਅੱਕ ਜਾਂਦੇ ਹਨ। ਸਰਕਾਰੀ ਅਦਾਰਿਆਂ ਦੇ ਨਾਲ਼ ਨਾਲ਼ ਪ੍ਰਾਈਵੇਟ ਅਦਾਰਿਆਂ ਵਿੱਚ ਵੀ ਕਰਮਚਾਰੀ ਸਮੇਂ ਦਾ ਸਦਉਪਯੋਗ ਨਹੀਂ ਕਰਦੇ। ਕਈ ਤਾਂ ਸਮਾਂ ਲੰਘਾ ਕੇ ਹੀ ਚਲੇ ਜਾਂਦੇ ਹਨ।ਫਿਰ ਉਹਨਾਂ ਦੇ ਮਾਲਕ ਵੀ ਉਹਨਾਂ ਦਾ ਸਮਾਂ ਖ਼ਰਾਬ ਕਰਦੇ ਹਨ। ਉਹਨਾਂ ਨੂੰ ਬੇਮਤਲਬ ਹੀ ਰੋਕ ਕੇ ਰੱਖਿਆ ਜਾਂਦਾ ਹੈ। ਕਈ ਵਾਰ ਛੁੱਟੀ ਵਾਲ਼ੇ ਦਿਨ ਵੀ ਬੁਲਾ ਲਿਆ ਜਾਂਦਾ ਹੈ।
ਗਰੀਬਾਂ ਨੂੰ ਸਰਕਾਰ ਵੱਲੋਂ ਸਰਕਾਰੀ ਰਾਸ਼ਨ ਵੰਡਿਆ ਜਾਂਦਾ ਹੈ ਪਰ ਰਾਸ਼ਨ ਲੈਣ ਵੇਲ਼ੇ ਲੋਕਾਂ ਨੂੰ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਲੱਗਣਾ ਪੈਂਦਾ ਹੈ। ਵਿਚਾਰੇ ਮਜ਼ਦੂਰ ਸਵੇਰ ਦੇ ਥੱਕੇ ਟੁੱਟੇ ਘੰਟਿਆਂ ਬੱਧੀ ਕਤਾਰਾਂ ਵਿੱਚ ਲੱਗ ਕੇ ਰਾਸ਼ਨ ਲੈਂਦੇ ਹਨ ਕਈ ਵਾਰੀ ਤਾਂ ਵਾਰੀ ਆਉਣ ਵੇਲ਼ੇ ਡੀਪੂ ਵਾਲ਼ਾ ਬੰਦਾ ਉੱਠ ਕੇ ਤੁਰ ਜਾਂਦਾ ਹੈ, ਅਖੇ ਬਾਕੀ ਕਲ੍ਹ ਆਇਓ। ਹਸਪਤਾਲਾਂ ਜਿਵੇਂ ਪੀ.ਜੀ.ਆਈ ਵਰਗੇ ਵੱਡੇ ਹਸਪਤਾਲਾਂ ਵਿੱਚ ਦੇਖ ਲਓ ਕਿ ਸਮਾਂ ਕਿੱਦਾਂ ਖ਼ਰਾਬ ਹੁੰਦਾ। ਹੁਣ ਕਿਸੇ ਮੰਦਰ ਗੁਰੂਦਵਾਰੇ ਨੂੰ ਦੇਖ਼ ਲਓ ਉੱਥੇ ਐਨੀ ਭੀੜ ਹੁੰਦੀ ਹੈ ਕਿ ਮੱਥਾ ਟੇਕਣਾ ਸੰਭਵ ਹੀ ਨਹੀਂ। ਹੋਰ ਵੀ ਬਹੁਤ ਤਰੀਕਿਆਂ ਨਾਲ ਅਸੀਂ ਸਮੇਂ ਦਾ ਘਾਣ ਕਰ ਰਹੇ ਹਾਂ।
ਸੋ ਮੇਰੇ ਖ਼ਿਆਲ ਵਿੱਚ ਅਸੀਂ ਸਮੇਂ ਨੂੰ ਐਨਾ ਕੁ ਬਰਬਾਦ ਕਰ ਦਿੱਤਾ ਹੈ ਕਿ ਸਮਾਂ ਹੁਣ ਸਾਨੂੰ ਬਰਬਾਦ ਕਰ ਰਿਹਾ ਹੈ। ਕਿਉਂ ਨਾ ਕਿਤਾਬੀ ਗਿਆਨ ਦੇ ਨਾਲ ਅਸਲੀ ਜੀਵਨ ਵਿਚ ਸਮੇਂ ਦੀ ਸਾਰਥਿਕਤਾ ਨੂੰ ਸਮਝਿਆ ਤੇ ਸਮਝਾਇਆ ਜਾਵੇ।ਹਰ ਕੰਮ ਦਾ ਢੰਗ ਤਰੀਕਾ ਜਾਂ ਤਰਤੀਬ ਹੋਵੇ।ਖੁਦ ਸਮੇਂ ਦੇ ਪਾਬੰਦ ਬਣੀਏ ਤੇ ਆਉਣ ਵਾਲ਼ੀ ਪੀੜ੍ਹੀ ਨੂੰ ਵੀ ਸਮੇਂ ਦੀ ਕਦਰ ਕਰਨਾ ਸਿਖਾਈਏ। ਇੱਕ ਇੱਕ ਕਰਕੇ ਹੀ ਕਾਫ਼ਲਾ ਬਣਦਾ ਹੈ। ਆਓ ਇਸ ਕਾਫ਼ਲੇ ਦੇ ਮੈਂਬਰ ਬਣੀਏ। ਜਦੋਂ ਆਪ ਅਸੀਂ ਸਮੇਂ ਦੇ ਹਾਣੀ ਬਣਾਂਗੇ ਤਾਂ ਸਾਡੇ ਬੱਚੇ ਅਤੇ ਆਸ ਪਾਸ ਦੇ ਲੋਕ ਵੀ ਜ਼ਰੂਰ ਸਮੇਂ ਦੇ ਹਾਣੀ ਬਣਨਗੇ।
ਆਪ ਉਦਾਹਰਣ ਬਣ ਕੇ ਹੀ ਇਹ ਸੱਭ ਸੰਭਵ ਹੈ। ਸੋ ਆਓ ਸਮੇਂ ਦੇ ਅਨੁਸਾਰ ਚੱਲ ਕੇ ਆਪਣਾ ਵਿਕਾਸ ਕਰੀਏ, ਸਮਾਜ ਦਾ ਅਤੇ ਦੇਸ਼ ਦਾ ਵਿਕਾਸ ਕਰੀਏ। ਆਪੋ ਆਪਣੇ ਕੰਮ ਸਮੇਂ ਤੇ ਨਿਪਟਾਈਏ ਤੇ ਅੱਗੇ ਵਧੀਏ। ਫ਼ੇਰ ਵਿਦੇਸ਼ਾਂ ਨੂੰ ਭੱਜਣ ਦੀ ਲੋੜ ਨਹੀਂ ਪਵੇਗੀ ਸਗੋਂ ਸਾਡਾ ਆਪਣਾ ਦੇਸ਼ ਆਪਣੀ ਧਰਤੀ ਹੀ ਸਾਨੂੰ ਪਿਆਰੀ ਲੱਗੇਗੀ। ਅੱਜ ਤੋਂ ਬਲਕਿ ਹੁਣੇ ਤੋਂ ਆਪਣੇ ਆਪ ਨਾਲ਼ ਇਹ ਵਾਅਦਾ ਕਰੀਏ ਕਿ ਜਾਣ ਬੁੱਝ ਕੇ ਆਪਣਾ ਅਤੇ ਦੂਜਿਆਂ ਦਾ ਸਮਾਂ ਕਦੇ ਖ਼ਰਾਬ ਨਹੀਂ ਕਰਾਂਗੇ।
ਮਨਜੀਤ ਕੌਰ ਧੀਮਾਨ
ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ। ਸੰ:9464633059