ਮਾਨਸਾ, (ਸਮਾਜ ਵੀਕਲੀ)- ਸਿਹਤ ਵਿਭਾਗ ਪੰਜਾਬ ਵੱਲੋਂ “ਆੳ ਅਸੀਂ ਕੁਸ਼ਟ ਰੋਗ ਨਾਲ ਲੜੀਏ ਅਤੇ ਇਸ ਨੂੰ ਇਤਿਹਾਸ ਬਣਾਈਏ” ਨਾਅਰੇ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਡਾਕਟਰ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ਅਤੇ ਡਾਕਟਰ ਨਿਸ਼ਾਂਤ ਗੁਪਤਾ ਜ਼ਿਲ੍ਹਾ ਲੈਪਰੋਸੀ ਅਫਸਰ ਮਾਨਸਾ ਦੀ ਅਗਵਾਈ ਹੇਠ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਕਮਿਊਨਟੀ ਹੈਲਥ ਸੈਂਟਰ (ਸੀ. ਐਚ. ਸੀ.) ਖਿਆਲਾ ਕਲਾਂ ਵਿਖੇ ਐਸ ਐਮ ਓ ਡਾਕਟਰ ਹਰਦੀਪ ਸ਼ਰਮਾ ਦੀ ਦੇਖਰੇਖ ਹੇਠ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਆਸ਼ਾ ਵਰਕਰਾਂ ਨੂੰ ਕੋਹੜ ਰੋਗ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਚਾਨਣ ਦੀਪ ਸਿੰਘ ਨਾਨ ਮੈਡੀਕਲ ਸੁਪਰਵਾਈਜ਼ਰ (ਲੈਪਰੋਸੀ) ਨੇ ਕੋਹੜ ਰੋਗੀ ਦੀ ਪਹਿਚਾਣ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਰੂਆਤੀ ਲੱਛਣਾਂ ਵਿੱਚ ਮਰੀਜ਼ ਦੇ ਸਰੀਰ ਦੇ ਕਿਸੇ ਅੰਗ ਉੱਤੇ ਸੁੰਨ ਦਾਗ਼ ਵੇਖੇ ਜਾ ਸਕਦੇ ਹਨ। ਇਨਾਂ ਦਾਗਾਂ ਉੱਪਰ ਉਸਨੂੰ ਠੰਢੇ ਗਰਮ ਮਹਿਸੂਸ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਕੋਹੜ ਰੋਗ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਆਸ਼ਾ ਵਰਕਰਾਂ ਨੂੰ ਜਾਣਕਾਰੀ ਦਿੰਦਿਆਂ ਕੇਵਲ ਸਿੰਘ ਬੀ. ਈ. ਈ. ਨੇ ਦੱਸਿਆ ਕਿ ਜਿਵੇਂ ਅਸੀਂ ਹੋਰ ਬਿਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਉਵੇਂ ਹੀ ਕੋਹੜ ਰੋਗ ਸਬੰਧੀ ਜਾਗਰੂਕਤਾ ਵਿੱਚ ਵੀ ਪੂਰਾ ਯੋਗਦਾਨ ਪਾਉਣਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਵੱਖ ਵੱਖ ਪਿੰਡਾਂ ਤੋਂ ਆਈਆਂ ਆਸ਼ਾ ਵਰਕਰਾਂ ਮੌਜੂਦ ਸਨ।