(ਸਮਾਜ ਵੀਕਲੀ)
ਜ਼ਿੰਦਗੀ ਅਨਮੋਲ ਖ਼ਜ਼ਾਨਾ ਹੈ। ਜ਼ਿੰਦਗੀ ਦੇ ਹਰ ਪਲ ਦਾ ਹਰ ਇਨਸਾਨ ਆਨੰਦ ਮਾਣਦਾ ਹੈ। ਮਾਂ-ਬਾਪ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ ,ਤਾਂ ਜੋ ਉਨ੍ਹਾਂ ਨੂੰ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਉਨ੍ਹਾਂ ਦਾ ਭਵਿੱਖ ਵਧੀਆ ਬਣ ਜਾਵੇ। ਮਾਂ-ਬਾਪ ਆਪ ਤੰਗੀਆਂ ਕੱਟ ਕੇ ਔਲਾਦ ਦੇ ਸੁਨਹਿਰੀ ਭਵਿੱਖ ਲਈ ਬਹੁਤ ਮਿਹਨਤ ਕਰਦੇ ਹਨ। ਪੱਛਮੀ ਸੱਭਿਅਤਾ ਦਾ ਬਹੁਤ ਜ਼ਿਆਦਾ ਬੋਲਬਾਲਾ ਹੋ ਗਿਆ ਹੈ।ਨੌਜਵਾਨੀ ਕੁਰਾਹੇ ਪੈ ਗਈ ਹੈ। ਨੌਜਵਾਨ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲ ਚੁੱਕੇ ਹਨ। ਕਿਸੇ ਦੀ ਵੀ ਇੱਜ਼ਤ ਕਰਨਾ ਹੀ ਨਹੀਂ ਜਾਣਦੇ। ਸਮੇਂ ਦੀ ਬਿਲਕੁਲ ਵੀ ਕਦਰ ਨਹੀਂ ਕਰਦੇ।ਇਹ ਨਹੀਂ ਦੇਖਦੇ ਕਿ ਰਿਸ਼ਤੇ ਵਿੱਚ ਇਹ ਮੇਰੇ ਤੋ ਕਿੰਨਾ ਕੁ ਵੱਡਾ ਹੈ? ਜਾਂ ਇਹ ਬੰਦਾ ਮੇਰਾ ਰਿਸ਼ਤੇ ਵਿੱਚ ਕੀ ਲੱਗਦਾ ਹੈ। ਮਾਂ-ਪਿਉ ਦਾ ਸਤਿਕਾਰ ਕਰਨਾ ਤਾਂ ਬਿਲਕੁੱਲ ਭੁੱਲ ਚੁੱਕੇ ਨੇ।
ਆਪਣੇ ਦਾਦਾ-ਦਾਦੀ ਤੱਕ ਦਾ ਬਿਲਕੁਲ ਵੀ ਆਦਰ-ਮਾਣ ਨਹੀਂ ਕਰਦੇ। ਇਨਸਾਨੀਅਤ ਸ਼ਰਮਸ਼ਾਰ ਹੋ ਚੁੱਕੀ ਹੈ।ਮਾਂ ਪਿਓ ਦੇ ਸਾਹਮਣੇ ਬੋਲਦੇ ਹਨ। ਮਾਂ-ਪਿਓ ਦੇ ਨੱਕ ਵਿੱਚ ਦਮ ਤੱਕ ਕਰ ਰੱਖਿਆ ਹੈ। ਮਾਂ ਪਿਉ ਦਾ ਬਿਲਕੁਲ ਵੀ ਸਤਿਕਾਰ ਨਹੀਂ ਕਰਦੇ ਹਨ। ਸ਼ਹਿਣਸ਼ੀਲਤਾ ਬਿਲਕੁਲ ਖਤਮ ਹੋ ਚੁੱਕੀ ਹੈ। ਬਰਦਾਸ਼ਤ ਸ਼ਕਤੀ ਅੱਜਕੱਲ ਦੀ ਨੌਜਵਾਨ ਪੀੜੀ ਵਿੱਚ ਬਿਲਕੁਲ ਵੀ ਨਹੀਂ ਹੈ।ਜੇ ਮਾਂ-ਪਿਓ ਬੱਚਿਆਂ ਨੂੰ ਉਹਨਾਂ ਦੀ ਗਲਤੀ ਕਰਕੇ ਝਿੜਕ ਵੀ ਦਿੰਦੇ ਹਨ ,ਤਾਂ ਬੱਚੇ ਜਾਂ ਤਾਂ ਗ਼ਲਤ ਕਦਮ ਚੁੱਕ ਲੈਂਦੇ ਹਨ ਜਾਂ ਮਾਂ ਬਾਪ ਨੂੰ ਕੌੜੇ ਬੋਲ ਬੋਲ ਦਿੰਦੇ ਹਨ। ਹਵਾ ਅਜਿਹੀ ਚੱਲ ਰਹੀ ਹੈ ਕਿ ਜੇ ਝਿੜਕ ਵੀ ਦਿੰਦੇ ਹਨ ਤਾਂ ਬੱਚੇ ਖ਼ੁਦਕੁਸ਼ੀ ਤੱਕ ਕਰ ਰਹੇ ਹਨ।ਬੱਚਿਆਂ ਕੋਲੋਂ ਅੱਜ ਕੱਲ ਦੇ ਮਾਪੇ ਬੇਇੱਜ਼ਤੀ ਤੱਕ ਕਰਵਾ ਰਹੇ ਹਨ। ਮਾਂ-ਬਾਪ ਇਹ ਕਹਿੰਦੇ ਹਨ ਕਿ ਮਰਨ ਲਈ ਸਾਨੂੰ ਥਾਂ ਤੱਕ ਨਹੀਂ ਮਿਲ ਰਹੀ ਹੈ,ਜੋ ਉਨ੍ਹਾਂ ਨੂੰ ਉਹਨਾਂ ਦੀ ਔਲਾਦ ਕੱਬੇ ਬੋਲ ਬੋਲਦੀ ਹੈ। ਮਾਂ ਬਾਪ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੰਦੇ ਹਨ।
ਆਪਣੀ ਗਲਤੀ ਬਿਲਕੁਲ ਵੀ ਨਹੀਂ ਮੰਨਦੇ। ਕਿਹੋ ਜਿਹਾ ਸਮਾਂ ਆ ਚੁੱਕਿਆ ਹੈ? ਬਰਦਾਸ਼ਤ ਸ਼ਕਤੀ ਬਿਲਕੁਲ ਵੀ ਨਹੀਂ ਰਹੀ ਹੈ। ਬੱਚਿਆਂ ਦੀ ਅੱਜ-ਕਲ ਸੰਗਤ ਬਹੁਤ ਜ਼ਿਆਦਾ ਗਲਤ ਹੋ ਰਹੀ ਹੈ ।ਗਲਤ ਸੰਗਤ ਕਾਰਨ ਬੱਚੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ।ਅੱਜ ਨਸ਼ਿਆਂ ਦਾ ਦੈਂਤ ਹਰ ਰੋਜ਼ ਪੰਜਾਬ ਵਿੱਚ ਪਤਾ ਨਹੀਂ ਕਿੰਨੀਆਂ ਹੀ ਜਾਨਾਂ ਨਿਗਲ ਰਿਹਾ ਹੈ। ਚਿੱਟੇ ਨੇ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਹੈ।ਹਲਕੀ ਉਮਰ ਦੇ ਨੌਜਵਾਨ ਇੰਜੈਕਸ਼ਨ ਲਗਾ ਰਹੇ ਹਨ। ਖ਼ਬਰ ਪੜ੍ਹੀ ਕਿ ਪਿਓ ਪੁੱਤ ਨਸ਼ਿਆਂ ਕਾਰਨ ਮਰ ਚੁੱਕੇ ਨੇ। ਪਤਨੀ ਆਪਣੇ ਪੇਕੇ ਘਰ ਚਲੀ ਗਈ ਹੈ। ਪਿੱਛੋਂ ਵਿਧਵਾ ਮਾਂ ਆਪਣੇ ਪੋਤਰਿਆਂ ਨੂੰ ਦਿਹਾੜੀ ਕਰ ਕੇ ਪਾਲ ਰਹੀ ਹੈ । ਨਸ਼ੇੜੀਆਂ ਨੇ ਆਪਣੇ ਘਰ ਦਾ ਸਮਾਨ ਤੱਕ ਵੇਚਣਾ ਸ਼ੁਰੂ ਕਰ ਦਿੱਤਾ ਹੈ।ਹੁਣ ਗੁਆਂਢੀ ਮੁਲਕ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਲਗਾਤਾਰ ਨਸ਼ਿਆਂ ਦੀ ਸਪਲਾਈ ਹੋ ਰਹੀ ਹੈ। ਸਰਹੱਦੀ ਜ਼ਿਲ੍ਹਿਆਂ ਵਿੱਚ ਹਰ ਰੋਜ਼ ਪਤਾ ਨਹੀਂ ਬੀਐਸਐਫ ਵੱਲੋਂ ਕਿੰਨੀ ਹੀ ਹੈਰੋਇਨ ਫੜੀ ਜਾਂਦੀ ਹੈ ।
ਹਾਲ ਹੀ ਵਿੱਚ ਖ਼ਬਰ ਪੜ੍ਹੀ ਕਿ ਲੁਧਿਆਣਾ ਵਿਖੇ ਇੱਕ ਨਾਬਾਲਿਗ ਕਬੱਡੀ ਖਿਡਾਰੀ ਦੀ ਨਸ਼ੇ ਦੇ ਟੀਕੇ ਕਾਰਣ ਮੌਤ ਹੋਈ ਹੈ। ਇੰਨੇ ਜ਼ਿਆਦਾ ਮਾੜੇ ਹਾਲਾਤ ਹੋ ਚੁੱਕੇ ਹਨ ਕਿ ਜੇ ਨਸ਼ੇ ਲਈ ਪੈਸੇ ਨਹੀਂ ਮਿਲਦੇ, ਤਾਂ ਨਸ਼ੇੜੀ ਵੱਲੋਂ ਆਪਣੇ ਘਰ ਦਾ ਸਾਰਾ ਸਮਾਨ ਵੇਚਣ ਦੀ ਖ਼ਬਰ ਪੜ੍ਹੀ। ਪੁੱਤ ਕਪੁੱਤ ਬਣ ਰਹੇ ਹਨ। ਔਲਾਦ ਬੁਢਾਪੇ ਵਿਚ ਮਾਂ-ਬਾਪ ਦਾ ਸਹਾਰਾ ਹੁੰਦੀ ਹੈ। ਕਿੰਨੇ ਲਾਡ ਚਾਅ ਨਾਲ ਮਾਂ ਬਾਪ ਔਲਾਦ ਨੂੰ ਪਾਲਦੇ ਹਨ।ਹਾਲ ਹੀ ਵਿੱਚ ਹੁਸ਼ਿਆਰਪੁਰ ਵਿਖੇ ਇਕ ਨਸ਼ੇੜੀ ਪੁੱਤ ਵੱਲੋਂ ਆਪਣੀ ਮਾਂ ਤੋਂ ਨਸ਼ੇ ਲਈ ਪੈਸੇ ਮੰਗੇ। ਪੈਸੇ ਨਾ ਦੇਣ ਤੇ ਨਸ਼ੇੜੀ ਨੇ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਮਾਂ ਹੀ ਜ਼ਖਮੀ ਕਰ ਦਿੱਤੀ। ਜ਼ਖਮਾਂ ਦੀ ਤਾਬ ਨਾ ਸਹਿੰਦੀ ਹੋਈ ਮਾਂ ਨੇ ਦਮ ਤੋੜ ਦਿੱਤਾ। ਇਨਸਾਨੀਅਤ ਸ਼ਰਮਸ਼ਾਰ ਹੋ ਚੁੱਕੀ ਹੈ। ਜੇਲ੍ਹਾਂ ਵਿੱਚ ਲਗਾਤਾਰ ਨਸ਼ਿਆਂ ਦੀ ਹੋ ਰਹੀ ਸਪਲਾਈ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ।
ਹਾਲਾਂਕਿ ਸੂਬਾ ਸਰਕਾਰ ਰਾਹੀ ਪਤਾ ਨਹੀਂ ਕਿੰਨੇ ਹੀ ਨਸ਼ਾ ਸਮਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਸ਼ਾ ਸਪਲਾਈ ਕਰਨ ਵਾਲੇ ਅਨਸਰਾਂ ਨੂੰ ਲਗਾਤਾਰ ਨੱਥ ਪਾਈ ਜਾ ਰਹੀ ਹੈ। ਬੇਰੁਜ਼ਗਾਰੀ ਕਾਰਨ ਵੀ ਨੌਜਵਾਨੀ ਨਸ਼ਿਆਂ ਵਿੱਚ ਗ੍ਰਸਤ ਹੋ ਰਹੀ ਹੈ। ਨਸ਼ਿਆਂ ਤੋਂ ਬਚਣ ਲਈ ਮਾਂ-ਪਿਉ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਭੇਜ ਰਹੇ ਹਨ। ਮਾਂ ਬਾਪ ਨੂੰ ਇਹ ਹੁੰਦਾ ਹੈ ਕਿ ਕੱਲ੍ਹ ਨੂੰ ਉਨ੍ਹਾਂ ਦਾ ਬੱਚਾ ਕੋਈ ਨਸ਼ਾ ਕਰਨ ਨਾ ਲੱਗ ਜਾਵੇ। ਬੱਚਿਆਂ ਨੂੰ ਆਪਣੇ ਮਾਂ-ਪਿਓ ਦੀ ਕਦਰ ਕਰਨੀ ਚਾਹੀਦੀ ਹੈ। ਨੌਜਵਾਨੀ ਆਉਣ ਵਾਲੇ ਸਮੇਂ ਦਾ ਭਵਿੱਖ ਹੈ।ਅੱਜ ਨੌਜਵਾਨੀ ਨੂੰ ਬਚਾਉਣ ਦੀ ਲੋੜ ਹੈ। ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਸਮਾਜ ਵਿੱਚ ਵਿਚਰਦੇ ਹੋਏ ਉਹ ਆਪਣੇ ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਨ।ਹਰ ਇੱਕ ਦਾ ਸਤਿਕਾਰ ਕਰਨ। ਛੋਟਿਆਂ ਨਾਲ ਪਿਆਰ ਕਰਨ।
ਸੰਜੀਵ ਸਿੰਘ ਸੈਣੀ
ਮੋਹਾਲੀ 7888966168