(ਸਮਾਜ ਵੀਕਲੀ)
ਤੀਜੀ ਬਰਸੀ ਤੇ ਕੰਵਲ ਨੂੰ ਯਾਦ ਕਰਦਿਆਂ
ਪੰਜਾਬੀ ਸਾਹਿਤ ਦਾ ਇਹ ਬਾਬਾ ਬੋਹੜ ਪੂਰੀ ਇਕ ਸਦੀ ਦੀ ਉਮਰ ਭੋਗ ਕੇ ਇਕ ਫਰਵਰੀ 2020 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ। ਹਰ ਸਾਲ ਇਸ ਦਿਨ ਉਨ੍ਹਾਂ ਦੇ ਚਾਹੁਣ ਵਾਲੇ ਲੇਖਕ ਪਾਠਕ ਮਿਲ ਕੇ ਉਨ੍ਹਾਂ ਦੀ ਬਰਸੀ, ਉਨ੍ਹਾਂ ਦੇ ਜੱਦੀ ਪਿੰਡ ਢੁੱਡੀਕੇ ਵਿਖੇ ਮਨਾਉਂਦੇ ਹਨ। ਹੁਣ ਵੀ ਉਨ੍ਹਾਂ ਦੇ ਘਰ ਦੀਆਂ ਛੱਤਾਂ ਦੇ ਬਾਲੇ ਅਤੇ ਉਨ੍ਹਾਂ ਦੀ ਪੁਰਾਣੀ ਅਤੇ ਛੋਟੀ ਜਿਹੀ ਮੇਜ਼ ਕੁਰਸੀ ਉਨ੍ਹਾਂ ਦੀ ਸਾਦਗੀ ਦੀ ਬਾਤ ਪਾਉਂਦੀ ਹੈ। ਉਦੋਂ ਸ਼ਾਇਦ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਢੁੱਡੀਕੇ ਪਿੰਡ ਦਾ ਇਹ “ਮਾਹਲੇ ਕਾ ਬੰਤਾ” ਇੱਕ ਦਿਨ ਪੰਜਾਬੀ ਸਾਹਿਤ ਦੇ ਪਿਤਾਮਾ ਅਤੇ ਬਾਬਾ ਬੋਹੜ ਵਜੋਂ ਜਾਣਿਆ ਜਾਂਦਾ ਰਹੇਗਾ।
ਜਦੋਂ ਜਸਵੰਤ ਸਿੰਘ ਕੰਵਲ ਦਾ ਜਨਮ ਹੋਇਆ ਢੁੱਡੀਕੇ ਕੱਚੇ ਕੋਠਿਆਂ ਵਾਲਾ ਪਿੰਡ ਸੀ। ਕੱਚੇ ਰਾਹ ਸਨ ਤੇ ਵਿੰਗੀਆਂ ਟੇਢੀਆਂ ਪਹੀਆਂ ਤੇ ਪਗਡੰਡੀਆਂ। ਟਾਵੇਂ ਟੱਲੇ ਖੂਹ ਸਨ ਜਿਨ੍ਹਾਂ ਉੱਤੇ ਹਲਟ ਚਲਦੇ। ਹਲਟਾਂ ਦੇ ਕੁੱਤੇ ਟਿਕੀਆਂ ਰਾਤਾਂ ਵਿੱਚ ਟਿੱਚ ਟਿੱਚ ਕਰਦੇ। ਨੇੜਲੇ ਸ਼ਹਿਰ ਜਗਰਾਓਂ ਤੇ ਮੋਗਾ ਸਨ। ਨੇੜਲਾ ਰੇਲਵੇ ਸਟੇਸ਼ਨ ਅਜੀਤਵਾਲ ਦੋ ਕੋਹ ਦੂਰ ਸੀ। ਆਉਣ ਜਾਣ ਲਈ ਗੱਡੇ ਜਾਂ ਯੱਕੇ ਦੀ ਸਵਾਰੀ ਹੁੰਦੀ ਸੀ। ਕੰਵਲ ਸਾਹਿਬ ਦਸਦੇ ਸਨ ਕਿ ਉਹ ਲਹੌਰ ਦੀ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਨ ਲਈ ਮੋਗਾ ਤੋਂ ਬੱਸ ਰਾਹੀਂ ਜਾਇਆ ਕਰਦੇ ਸਨ। ਉਨ੍ਹਾਂ ਦਾ ਜਨਮ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਸ੍ਰੀ ਮਾਹਲਾ ਸਿੰਘ ਦੇ ਘਰ ਹੋਇਆ।
1943 ਵਿੱਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਕੰਵਲ ਨੇ ਆਪਣੀ ਮੁੱਢਲੀ ਵਿੱਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਸ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਸੀ। ਉਸ ਦੇ ਕਹਿਣ ਮੁਤਾਬਕ ਉਸ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦਾ ਹੈ। ਉਸ ਦਾ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ।
ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ ‘ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ। ਉਨ੍ਹਾਂ ਨੇ ਵੀ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿੱਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਬਿਤਾਉਂਦੇ।
ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ‘‘ਜੀਵਨ ਕਣੀਆਂ ਦੇ ਪਬਲਿਸ਼ਰ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਭਾਵੁਕ, ਕਾਵਿਕ, ਦਾਰਸ਼ਨਿਕ ਤੇ ਸੂਖਮ ਭਾਵੀ ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ’ 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਤੇ ਉਸ ਤੋਂ ਬਾਅਦ ਵਿੱਚ ਉਹ ਦਿਨ ਵੀ ਆਏ ਜਦ ਪਾਠਕ ਕੰਵਲ ਦੇ ਨਾਵਲ ਦੀ ਇੰਤਜ਼ਾਰ ਕਰਿਆ ਕਰਦੇ ਸਨ। ਕਹਿ ਨਾਵਲ ਬਾਜ਼ਾਰ ਵਿੱਚ ਆਇਆ ਤੇ ਕਹਿ ਹੱਥੋਂ ਹੱਥ ਵਿਕ ਗਿਆ। ਕੰਵਲ ਦਾ ਸਾਹਿਤਕ ਸਫਰ ਮਲਾਇਆ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਪ੍ਰਵਾਨ ਚੜ੍ਹਿਆ।
ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਗੈਰ-ਪੰਜਾਬੀ ਲੇਖਕ ਤੋਂ ਪ੍ਰਭਾਵਤ ਹੋ ਕੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ’ ਲਿਖੀ ਜਿਸ ਨੇ ਉਨ੍ਹਾਂ ਦੀ ਸਾਹਿਤ ਦੇ ਖੇਤਰ ਵਿੱਚ ਚਰਚਾ ਛੇੜ ਦਿੱਤੀ। ਪੰਜਾਬ ਦੀਆਂ ਵੱਖ-ਵੱਖ ਪੀੜ੍ਹੀਆਂ ਦੇ ਮੁੰਡੇ-ਕੁੜੀਆਂ ਨੂੰ ਜਿੰਨੀ ਊਰਜਾ ਕੰਵਲ ਦੇ ਪਾਤਰਾਂ ਨੇ ਦਿੱਤੀ, ਉਹ ਸ਼ਾਇਦ ਹੀ ਕਿਸੇ ਹੋਰ ਨਾਵਲਕਾਰ ਦੇ ਪਾਤਰਾਂ ਦੇ ਹਿੱਸੇ ਆਈ ਹੋਵੇ। ਇਹ ਇਤਫ਼ਾਕ ਹੀ ਸੀ ਕਿ ਉਨ੍ਹਾਂ ਦੀ ਕਲਮ “ਜੀਵਨ ਕਣੀਆਂ” ਤੋਂ ਸ਼ੁਰੂ ਹੋ ਕੇ “ਧੁਰ ਦਰਗਾਹ” ਲਿਖਤ ਤੱਕ 1 ਫ਼ਰਵਰੀ 2020 ਨੂੰ ਹਮੇਸ਼ਾ ਲਈ ਖਾਮੋਸ਼ ਹੋ ਗਈ। ਅੱਜ ਉਨ੍ਹਾਂ ਨੂੰ ਤੀਜ਼ੀ ਬਰਸੀ ਤੇ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕਰਦੇ ਹਾਂ।
ਇੰਜ. ਕੁਲਦੀਪ ਸਿੰਘ ਰਾਮਨਗਰ
9417990040