(ਸਮਾਜ ਵੀਕਲੀ)
ਮੇਰਾ ਅਗਲੇ ਦਿਨ ਅੰਗਰੇਜੀ ਦਾ ਪੇਪਰ ਸੀ। ਮੇਰੇ ਮੰਮੀ ਪੰਡਿਤ ਜੀ ਨੂੰ ਲੈ ਆਏ ਤੇ ਮੈਨੂੰ ਕਿਹਾ ਕਿ,”ਬੇਟੀ,ਇਹਨੂੰ ਹੱਥ ਦਿਖਾ,ਜਰੂਰ ਕੁਝ…….!”
“ਪਰ ਮੰਮੀ,ਮੇਰੇ ਕੋਲ ਵਕਤ ਨਹੀਂ ਕੱਲ੍ਹ ਮੇਰਾ ਪੇਪਰ…….।” ਪਰ ਮਾਂ ਦੇ ਵਾਰ -ਵਾਰ ਕਹਿਣ ਤੇ ਮੈਂ ਪੰਡਿਤ ਜੀ ਨੂੰ ਹੱਥ ਦਿਖਾਇਆ। ਜਦੋ ਉਹਨਾ ਨੇ ਕਿਹਾ ਕਿ,”ਇਸ ਸਾਲ ਤਾ ਤੂੰ ਫੇਲਹੋ ਜਾਣਾ ਏ। ਸੱਚੀ! ਮੈ ਮਨ ਮਸੋਸ ਕੇ ਰਹਿ ਗਈ। ਚਾਹੇ ਮੈਨੂੰ ਪੰਡਿਤ ਦੀਆਂ ਗੱਲਾ ਵਿਚ ਵਿਸਵਾਸ਼ ਨਹੀਂ ਸੀ, ਪਰ ਫਿਰ ਵੀ ਪੜਾਈ ਵਿਚ ਮਨ ਨਾ ਲੱਗੇ। ਰਹਿ-ਰਹਿ ਕੇ ਪੰਡਿਤ ਦੀ ਗੱਲ ਯਾਦ ਆਵੇ। ਆਖਿਰ ਔਖੀ-ਸੌਖੀ ਹੋ ਕੇ ਮੈਂ ਪੇਪਰ ਦੀ ਤਿਆਰੀ ਕਰ ਲਈ।ਦਿਨ ਬੀਤਦੇ ਗਏ।
ਹੁਣ ਨਤੀਜ਼ਾ ਨਜ਼ਦੀਕ ਸੀ। ਮੈਂ ਡਰ ਤੇ ਬੇਸਬਰੀ ਨਾਲ ਨਤੀਜ਼ੇ ਦਾ ਇੰਤਜਾਰ ਕਰ ਰਹੀ ਸੀ।ਨਤੀਜ਼ੇ ਵਾਲੇ ਦਿਨ ਪੰਡਿਤ ਜੀ ਫਿਰ ਸਾਡੇ ਘਰ ਪਧਾਰੇ। ਮੈਂ ਘਬਰਾ ਰਹੀ ਸੀ ਕਿ ਮੈਨੂੰ ਫਿਰ ਕੁਝ ਕਹਿਣਗੇ ਤੇ ਉਹ ਸੱਚ-ਮੁੱਚ ਹੀ ਮੇਰੇ ਕੋਲ ਆ ਕੇ ਕਹਿਣ ਲੱਗੇ, “ਬੇਟੀ , ਮੇਰੇ ਸੁਭਾਸ਼ ਦਾ ਰਿਜ਼ਲਟ ਵੀ ਪਤਾ ਕਰ ਆਵੀ,ਉਹ ਬੀਮਾਰ ਏ ਜਾ ਨਹੀਂ ਸਕਦਾ।”
“ਹੈ! ਪਰ ਤੁਸੀ ਤਾਂ ਹੱਥ ਦੇਖ ਕੇ ਹੀ……।” “ਹਾਂ, ਮੈਂ ਉਹਦਾ ਹੱਥ ਤਾ ਦੇਖਿਆ ਏ, ਉਹਦੇ ਬੜੇ ਵਧੀਆ ਨੰਬਰ ਆਉਣੇ ਨੇ, ਪਰ ਫਿਰ ਵੀ …..।”
ਮੈਂ ਰਿਜ਼ਲਟ ਪਤਾ ਕਰਕੇ ਜਲਦੀ ਨਾਲ ਘਰ ਆਈ ਤਾਂ ਪੰਡਿਤ ਜੀ ਅੱਗੇ ਈ ਬੈਠੇ ਸਨ।
“ਮੰਮੀ,ਮੈਂ ਫਸਟ ਆਈ……।” ਮੈਂ ਸਾਹੋ -ਸਾਹੀ ਹੋਈ ਨੇ ਕਿਹਾ। “ਤੇ ਸੁਭਾਸ਼…..?’ ਪੰਡਿਤ ਜੀ ਬੋਲੇ ।
“……..ਉਹ ਤਾਂ ਫੇਲ ਹੋ ਗਿਆ ਜੀ।………ਤੁਹਾਡੀ ਭਵਿੱਖ ਬਾਣੀ…..।” ਕੁਝ ਦੇਰ ਚੁੱਪ ਰਹਿਣ ਮਗਰੋ ਪੰਡਿਤ ਜੀ ਬੋਲੇ,”ਉਹੋ ਕਦੇ-ਕਦੇ ਇੰਝ ਵੀ ਹੋ ਜਾਦੀ ਹੈ।” ਕਹਿ ਕੇ ਪੰਡਿਤ ਜੀ ਚਲੇ ਗਏ।
ਮੈਂ ਸੋਚ ਰਹੀ ਸੀ,ਕਦੇ-ਕਦੇ ਹੀ ਇੰਝ ਹੁੰਦਾ ਹੈ,ਜਾ ਫਿਰ ਲੋਕਾ ਨੂੰ ਗੁੰਮਰਾਹ ਕਰਨ ਲਈ ਹਮੇਸ਼ਾ ਹੀ…..।
ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ।
ਫਿਰੋਜ਼ਪੁਰ ਸ਼ਹਿਰ।