ਸਾਡਾ ਮਕਸਦ ਰੁਜ਼ਗਾਰ ਦੇਣਾ ਹੈ, ਖੋਹਣਾ ਨਹੀਂ: ਮੁੱਖ ਮੰਤਰੀ

Punjab Chief Minister Bhagwant Mann

ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਭਗਵੰਤ ਮਾਨ ਨੇ ਮੋਟਰ ਰੇਹੜੀਆਂ ’ਤੇ ਪਾਬੰਦੀ ਲਾਏ ਜਾਣ ਮਗਰੋਂ ਉੱਠੇ ਵਿਵਾਦ ਸਬੰਧੀ ਅੱਜ ਸਾਫ਼ ਆਖਿਆ ਹੈ ਕਿ ਪੰਜਾਬ ਵਿਚ ਕੋਈ ਵੀ ਮੋਟਰ ਰੇਹੜੀ ਬੰਦ ਨਹੀਂ ਹੋਵੇਗੀ। ਬੇਸ਼ੱਕ ਏਡੀਜੀਪੀ (ਟਰੈਫਿਕ) ਨੇ ਬੀਤੇ ਦਿਨ ਹੀ ਹੁਕਮ ਵਾਪਸ ਲੈ ਲਏ ਗਏ ਸਨ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਮਸਲੇ ’ਤੇ ਮੀਟਿੰਗ ਕੀਤੀ। ਇਸ ਮੀਟਿੰਗ ’ਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਚ ਕੋਈ ਵੀ ਮੋਟਰ ਰੇਹੜੀ ਬੰਦ ਨਹੀਂ ਹੋਣੀ ਚਾਹੀਦੀ ਹੈ।

ਭਗਵੰਤ ਮਾਨ ਨੇ ਅੱਜ ਟਵੀਟ ਕਰਕੇ ਕਿਹਾ, ‘ਪੰਜਾਬ ਦੇ ਹਜ਼ਾਰਾਂ ਲੋਕ ਦਿਨ-ਰਾਤ ਮਿਹਨਤ ਕਰਕੇ ਮੋਟਰ ਰੇਹੜੀ ਰਾਹੀਂ ਆਪਣੀ ਦੋ ਵਕਤ ਦੀ ਰੋਟੀ ਕਮਾਉਂਦੇ ਹਨ। ਮੈਂ ਮੀਟਿੰਗ ਕਰਕੇ ਹੁਕਮ ਦਿੱਤੇ ਹਨ ਕਿ ਕੋਈ ਵੀ ਮੋਟਰ ਰੇਹੜੀ ਬੰਦ ਨਹੀਂ ਹੋਣੀ ਚਾਹੀਦੀ। ‘ਆਪ’ ਸਰਕਾਰ ਦਾ ਮਕਸਦ ਸਾਰਿਆਂ ਨੂੰ ਰੁਜ਼ਗਾਰ ਦੇਣਾ ਹੈ, ਕਿਸੇ ਦਾ ਰੁਜ਼ਗਾਰ ਖੋਹਣਾ ਨਹੀਂ।’ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਨੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ 18 ਅਪਰੈਲ ਨੂੰ ਜਾਰੀ ਕੀਤੇ ਹੁਕਮਾਂ ’ਤੇ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਹੈ।

ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਅਫ਼ਸਰਾਂ ਨੂੰ ਤਾੜਨਾ ਕੀਤੀ ਹੈ ਕਿ ਕੋਈ ਵੀ ਅਜਿਹੇ ਹੁਕਮ ਜਾਰੀ ਕਰਨ ਤੋਂ ਪਹਿਲਾਂ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਜਾਵੇ।  ਜ਼ਿਕਰਯੋਗ ਹੈ ਕਿ ਏਡੀਜੀਪੀ (ਟਰੈਫ਼ਿਕ) ਨੇ 18 ਅਪਰੈਲ ਨੂੰ ‘ਜੁਗਾੜੂ ਰੇਹੜੀਆਂ’ ਬੰਦ ਕਰਨ ਦੇ ਹੁਕਮ ਦਿੱਤੇ ਸਨ। ਇਨ੍ਹਾਂ ਹੁਕਮਾਂ ਮਗਰੋਂ ਲੋਕਾਂ ’ਚ ਰੋਸ ਫੈਲ ਗਿਆ ਤੇ ਪੰਜਾਬ ਦੇ ਸ਼ਹਿਰਾਂ ਵਿਚ ਮੋਟਰ ਰੇਹੜੀ ਮਾਲਕਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਸਨ। ਇਸ ਦਾ ਪਤਾ ਲੱਗਦੇ ਹੀ ਮੁੱਖ ਮੰਤਰੀ ਨੇ ਟਰਾਂਸਪੋਰਟ ਮਹਿਕਮੇ ਨੂੰ ਤਲਬ ਕਰ ਲਿਆ ਤੇ ਲੰਘੀ ਦੇਰ ਸ਼ਾਮ ਪੁਲੀਸ ਨੇ ਆਪਣੇ ਹੁਕਮ ਵਾਪਸ ਲੈ ਲਏ ਸਨ। ਵਿਰੋਧੀ ਧਿਰਾਂ ਨੇ ਹੁਕਮ ਵਾਪਸੀ ਮਗਰੋਂ ਬੋਲਣਾ ਬੰਦ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਜਰਾਤ ਨੇੜੇ ਪਾਕਿਸਤਾਨੀ ਕਿਸ਼ਤੀ ਵਿਚੋਂ 280 ਕਰੋੜ ਦੀ ਹੈਰੋਇਨ ਜ਼ਬਤ
Next articleIndo-UK ties on a new track?