ਪ੍ਰਧਾਨ ਮੰਤਰੀ ਦਾ ਸਾਂਬਾ ਦੌਰਾ ਅੱਜ

Prime Minister Narendra Modi

 

  • ਪੰਚਾਇਤੀ ਰਾਜ ਦਿਵਸ ਮੌਕੇ ਪਾਲੀ ’ਚ ਰੈਲੀ ਨੂੰ ਕਰਨਗੇ ਸੰਬੋਧਨ

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਭਲਕੇ ਜੰਮੂ ਕਸ਼ਮੀਰ ’ਚ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਜਾਣਗੇ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੋ ਖ਼ਿੱਤਿਆਂ ਨੂੰ ਜੋੜਨ ਵਾਲੇ ਬਨਿਹਾਲ-ਕਾਜ਼ੀਗੁੰਡ ਰੋਡ ਟਨਲ (ਸੁਰੰਗ) ਨੂੰ ਵੀ ਖੋਲ੍ਹਿਆ ਜਾਵੇਗਾ। ਸ੍ਰੀ ਮੋਦੀ ਵੱਲੋਂ ਕੌਮੀ ਪੰਚਾਇਤੀ ਰਾਜ ਦਿਵਸ ਦੇ ਸਮਾਗਮਾਂ ਤਹਿਤ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ’ਚ ਕਿਹਾ ਕਿ ਸਾਂਬਾ ਜ਼ਿਲ੍ਹੇ ਦੀ ਪਾਲੀ ਪੰਚਾਇਤ ’ਚ ਹੋਣ ਵਾਲੀ ਰੈਲੀ ਲਈ 30 ਹਜ਼ਾਰ ਪੰਚਾਇਤ ਮੈਂਬਰਾਂ ਸਮੇਤ ਇਕ ਲੱਖ ਤੋਂ ਜ਼ਿਆਦਾ ਲੋਕਾਂ ਦੇ ਸਵਾਗਤ ਦਾ ਪ੍ਰਬੰਧ ਕੀਤਾ ਗਿਆ ਹੈ ਜਿਨ੍ਹਾਂ ਨੂੰ ਸ੍ਰੀ ਮੋਦੀ ਵੱਲੋਂ ਸੰਬੋਧਨ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਦੇ ਭਲਕੇ ਸਾਂਬਾ ਜ਼ਿਲ੍ਹੇ ਦੀ ਪਾਲੀ ਪੰਚਾਇਤ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਜੰਮੂ ਕਸ਼ਮੀਰ ’ਚ ਸੁਰੱਖਿਆ ਦੇ ਬਹੁ-ਪਰਤੀ ਪ੍ਰਬੰਧ ਕੀਤੇ ਗਏ ਹਨ। ਜੰਮੂ ਨੇੜੇ ਸੁੰਜਵਾਂ ’ਚ ਸ਼ੁੱਕਰਵਾਰ ਨੂੰ ਹੋਏ ਮੁਕਾਬਲੇ ਮਗਰੋਂ ਵਧੇਰੇ ਚੌਕਸੀ ਰੱਖੀ ਜਾ ਰਹੀ ਹੈ। ਸੁੰਜਵਾਂ ਆਰਮੀ ਕੈਂਪ ਨੇੜੇ ਮੁਕਾਬਲੇ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਰੈੱਡ ਅਲਰਟ ਐਲਾਨ ਦਿੱਤਾ ਗਿਆ ਹੈ। ਜੈਸ਼-ਏ-ਮੁਹੰਮਦ ਦੇ ਦੋ ਫਿਦਾਈਨਾਂ ਵੱਲੋਂ ਸੀਆਈਐੱਸਐੱਫ ਦੀ ਬੱਸ ’ਤੇ ਹਮਲਾ ਕੀਤਾ ਗਿਆ ਸੀ ਜਿਸ ’ਚ ਇਕ ਅਧਿਕਾਰੀ ਸ਼ਹੀਦ ਅਤੇ 9 ਹੋਰ ਜ਼ਖ਼ਮੀ ਹੋ ਗਏ ਸਨ। ਇਸ ਮਗਰੋਂ ਮੁਕਾਬਲੇ ’ਚ ਦੋਵੇਂ ਫਿਦਾਈਨਾਂ ਨੂੰ ਮਾਰ ਮੁਕਾਇਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਸ਼ਹਿਰ ਤੋਂ 17 ਕਿਲੋਮੀਟਰ ਦੂਰ ਪਾਲੀ ਪੰਚਾਇਤ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਜੰਮੂ-ਪਠਾਨਕੋਟ ਹਾਈਵੇਅ ’ਤੇ ਕੰਬਾਇਨਾਂ ਅਤੇ ਭਾਰੀ ਵਾਹਨਾਂ ਦੇ 24 ਅਪਰੈਲ ਨੂੰ ਚੱਲਣ ’ਤੇ ਰੋਕ ਲਗਾਈ ਗਈ ਹੈ।

ਉਥੇ ਪੁਲੀਸ, ਬੀਐੱਸਐੱਫ ਅਤੇ ਸੀਆਰਪੀਐੱਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਜੋ ਸਖ਼ਤ ਚੌਕਸੀ ਰੱਖ ਰਹੇ ਹਨ।ਸ੍ਰੀ ਮੋਦੀ ਵੱਲੋਂ ਮੁਲਕ ਦੇ ਹਰੇਕ ਜ਼ਿਲ੍ਹੇ ’ਚ 75 ਜਲ ਸਥਾਨਾਂ ਨੂੰ ਵਿਕਸਤ ਕਰਨ ਲਈ ‘ਅੰਮ੍ਰਿਤ ਸਰੋਵਰ’ ਨਾਮ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀ। ਉਹ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਵੀ ਰਖਣਗੇ ਜੋ 7500 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਸ੍ਰੀ ਮੋਦੀ ਕਿਸ਼ਤਵਾੜ ’ਚ ਚਨਾਬ ਦਰਿਆ ’ਤੇ ਰਾਤਲੇ ਅਤੇ ਕਵਾਰ ਹਾਈਡਰੋਇਲੈਕਟ੍ਰਿਕ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰਖਣਗੇ। ਪ੍ਰਧਾਨ ਮੰਤਰੀ ਜੰਮੂ ਕਸ਼ਮੀਰ ’ਚ 100 ਜਨ ਔਸ਼ਧੀ ਕੇਂਦਰਾਂ ਦਾ ਵੀ ਉਦਘਾਟਨ ਕਰਨਗੇ। ਸ੍ਰੀ ਮੋਦੀ ਵੱਲੋਂ ਪਾਲੀ ’ਚ 500 ਕੇਡਬਲਿਊ ਸੋਲਰ ਪਾਵਰ ਪਲਾਂਟ ਦਾ ਵੀ ਉਦਘਾਟਨ ਕੀਤਾ ਜਾਵੇਗਾ ਜਿਸ ਨਾਲ ਮੁਲਕ ’ਚ ਇਹ ਪਹਿਲੀ ਪੰਚਾਇਤ ਹੋਵੇਗੀ ਜੋ ਕਾਰਬਨ ਰਹਿਤ ਹੋਵੇਗੀ। ਉਹ ਵੱਖ ਵੱਖ ਵਰਗਾਂ ’ਚ ਜੇਤੂ ਰਹੀਆਂ ਪੰਚਾਇਤਾਂ ਨੂੰ ਨਕਦ ਇਨਾਮਾਂ ਨਾਲ ਵੀ ਸਨਮਾਨਤ ਕਰਨਗੇ। ਸ੍ਰੀ ਮੋਦੀ ਸ਼ਾਮ ਨੂੰ ਮੁੰਬਈ ’ਚ ਮਾਸਟਰ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਸਮਾਗਮ ’ਚ ਹਿੱਸਾ ਲੈਣ ਲਈ ਜਾਣਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀ, ਐਮ, ਭਗਵੰਤ ਸਿੰਘ ਮਾਨ ਨੇ ਲਿਆ ਫੈਸਲਾ ਵਾਪਸ ਜਗਾੜੂ ਰੇਹੜੀ ਬੇਰੁਜ਼ਗਾਰਾਂ ਦਾ ਨਹੀਂ ਖੁਸੇਗਾ ਰੁਜ਼ਗਾਰ
Next articleਸੁੰਜਵਾਂ ਮੁਕਾਬਲਾ: ਦੋ ਗ੍ਰਿਫ਼ਤਾਰ; ਮਾਰੇ ਗਏ ਫਿਦਾਈਨਾਂ ਦੇ ਪਾਕਿਸਤਾਨੀ ਜਾਂ ਅਫ਼ਗਾਨੀ ਹੋਣ ਦਾ ਸ਼ੱਕ