ਕਿਸਾਨ ਭਾਵਨਾਵਾਂ ਨਾਲ ਨਾ ਖੇਡੇ ਮੋਦੀ ਸਰਕਾਰ: ਕੇਸੀਆਰ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰ ਸਰਕਾਰ ਦੀ ਝੋਨੇ ਦੀ ਖਰੀਦ ਨੀਤੀ ਖਿਲਾਫ਼ ਸੰਘਰਸ਼ ਨੂੰ ਤਿੱਖਾ ਕਰਦਿਆਂ ਤਿਲੰਗਾਨਾ ਦੇ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਸਵਾਲ ਕੀਤਾ ਹੈ ਕਿ ਕੀ ਕੇਂਦਰ ਸਰਕਾਰ ਸੂਬੇ ’ਚੋਂ ਝੋਨਾ ਖਰੀਦੇਗੀ ਜਾਂ ਨਹੀਂ। ਕੇਸੀਆਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨਾਕਾਮ ਰਹੀ ਤਾਂ ਉਹ ਇਸ ਅੰਦੋਲਨ ਨੂੰ ਦੇਸ਼ ਭਰ ਵਿੱਚ ਲੈ ਕੇ ਜਾਣਗੇ।

ਇਥੇ ਤਿਲੰਗਾਨਾ ਭਵਨ ਵਿੱਚ ਟੀਆਰਐੱਸ ਆਗੂਆਂ ਨਾਲ ਧਰਨੇ ’ਤੇ ਬੈਠੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੰਦਿਆਂ ਕਿਹਾ, ‘‘ਕਿਸਾਨਾਂ ਦੀਆਂ ਭਾਵਨਾਵਾਂ ਨਾਲ ਨਾ ਖੇਡੋ, ਉਨ੍ਹਾਂ ਕੋਲ ਸਰਕਾਰ ਦਾ ਤਖ਼ਤਾ ਪਲਟਣ ਦੀ ਤਾਕਤ ਹੈ। ਕਿਸਾਨ ਕੋਈ ਭਿਖਾਰੀ ਨਹੀਂ ਹਨ, ਉਨ੍ਹਾਂ ਨੂੰ ਆਪਣੀ ਜਿਣਸ ਦਾ ਘੱਟੋ-ਘੱਟ ਸਮਰਥਨ ਮੁੱਲ ਮੰਗਣ ਦਾ ਪੂਰਾ ਹੱਕ ਹੈ।’’ ਰਾਓ ਨੇ ਕਿਹਾ, ‘‘ਮੈਂ ਦੋਵੇਂ ਹੱਥ ਜੋੜ ਕੇ ਮੋਦੀ ਜੀ ਤੇ (ਪਿਊਸ਼) ਗੋਇਲ ਜੀ ਨੂੰ ਬੇਨਤੀ ਕਰਦਾ ਹਾਂ ਕਿ ਸੂਬੇ ਦੀ ਝੋਨੇ ਦੀ ਖਰੀਦ ਸਬੰਧੀ ਮੰਗ ਦਾ 24 ਘੰਟਿਆਂ ਵਿੱਚ ਜਵਾਬ ਦੇਣ। ਇਸ ਮਗਰੋਂ ਅਸੀਂ ਭਵਿੱਖੀ ਰਣਨੀਤੀ ਬਾਰੇ ਫੈਸਲਾ ਲਵਾਂਗੇ।’’ ਉਧਰ ਭਾਰਤੀ ਕਿਸਾਨ ਯੂਨੀਅਨ ਦੇ ਮੁੱਖ ਬੁਲਾਰੇ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ ਤੇ ਮੁੱਖ ਮੰਤਰੀ ਰਾਓ ਨਾਲ ਇਕਮੁੱਠਤਾ ਦਾ ਇਜ਼ਹਾਰ ਕੀਤਾ। ਸਾਲ 2014 ਵਿੱਚ ਸੱਤਾ ਵਿੱਚ ਆਉਣ ਮਗਰੋਂ ਤੇਲੰਗਾਨਾ ਰਾਸ਼ਟਰ ਸਮਿਤੀ ਦੀ ਕੌਮੀ ਰਾਜਧਾਨੀ ਦਿੱਲੀ ’ਚ ਇਹ ਪਲੇਠੀ ਪ੍ਰਦਰਸ਼ਨ ਰੈਲੀ ਹੈ। ਧਰਨੇ ਵਿਚ ਮੁੱਖ ਮੰਤਰੀ ਰਾਓ ਤੋਂ ਇਲਾਵਾ ਪਾਰਟੀ ਦੇ ਐੱਮਪੀ, ਐੱਮਐੱਲਸੀ’ਜ਼, ਵਿਧਾਇਕ ਤੇ ਪੂਰੀ ਕੈਬਨਿਟ ਸ਼ਾਮਲ ਹੋਈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੈਂਬਰ ਕੌਮੀ ਅਸੈਂਬਲੀ ’ਚੋਂ ਦੇਣਗੇ ਅਸਤੀਫ਼ੇ: ਫਵਾਦ ਚੌਧਰੀ
Next articleਇਮਰਾਨ ਖ਼ਾਨ ਖਿਲਾਫ਼ ਰਾਜ-ਧਰੋਹ ਦਾ ਕੇਸ ਦਰਜ ਕਰਨ ਦੀ ਮੰਗ ਕਰਦੀ ਪਟੀਸ਼ਨ ਖਾਰਜ