ਗ਼ਜ਼ਲ

ਜਸਵਿੰਦਰ ਸਿੰਘ

(ਸਮਾਜ ਵੀਕਲੀ)

ਚੱਲ ਜੱਸੀ ਹੁਣ ਖਸਮ ਮਨਾਵਣ ਦਰ ਅੱਲਾ ਦੇ ਜਾ ਆਈਏ।
ਸੁਹਣੇ ਦਾ ਦੀਦਾਰ ਕਰਨ ਲਈ ਦਰ ‘ਤੇ ਸੀਸ ਝੁਕਾ ਆਈਏ।

ਕੰਜਰੀ ਬਣਿਆਂ ਕੁਝ ਨ‌ਈਂ ਘਟਦਾ ਪੈਰੀਂ ਝਾਂਜਰ ਪਾ ਲੈ ਹੁਣ,
ਬੁੱਲੇ ਵਾਂਗਰ ਝਾਂਜਰ ਪਾ ਕੇ ਸੱਜਣ ਦਰ ਛਣਕਾ ਆਈਏ।

ਖ਼ੌਰੇ ਉਸਦੀ ਨਜ਼ਰ ਸਵੱਲੀ ਹੋ ਜਾਵੇ ਸਾਡੇ ਤੇ ਵੀ,
ਮਾਲਕ ਦੇ ਪੈਰੀਂ ਸਿਰ ਧਰਕੇ ਹੋਈ ਭੁੱਲ ਬਖਸ਼ਾ ਆਈਏ।

ਰਹਿਣਾ, ਸਹਿਣਾ, ਖਾਣਾ, ਪੀਣਾ ਜਿਸ ਦਾਤਾ ਨੇ ਦਿੱਤਾ ਹੈ,
ਉਸਦੇ ਦਰ ਤੇ ਸਿਜਦਾ ਕਰਕੇ ਉਸਦਾ ਸ਼ੁਕਰ ਮਨਾ ਆਈਏ।

ਅੌਖੇ ਸੌਖੇ ਰਾਹਾਂ ਦੇ ਵਿੱਚ ਜਿਸ ਨੇ ਸਾਥ ਨਿਭਾਇਆ ਹੈ,
ਉਸਦੀਆਂ ਦਿੱਤੀਆਂ ਦਾਤਾਂ ਵਿੱਚੋਂ ਕੁਝ ਤਾਂ ਭੇਂਟ ਚੜ੍ਹਾ ਆਈਏ।

ਸਾਡੇ ਸਾਹਾਂ ਦੀ ਤੰਦ ਚਲਦੀ ਜਿਸਦੀ ਰਹਿਮਤ ਸਦਕਾ ਹੈ,
ਉਸਦਾ ਨਾਮ ਧਿਆ ਕੇ ਆਪਾਂ ਜੀਵਨ ਸਫਲ ਬਣਾ ਆਈਏ।

ਦੁਨੀਆਂ ਦੇ ਵਿਚ ਵਿਚਰਨ ਵਾਲ਼ੀ ਜਿਸਨੇ ਜਾਚ ਸਿਖਾਈ ਹੈ,
ਉਸ ਅੱਲਾ , ਉਸ ਮਾਲਕ ਚਰਨੀਂ ਆਪਣਾ ਸੀਸ ਟਿਕਾ ਆਈਏ।

ਮਨ ਦੇ ਅੰਦਰੋਂ ‘ਮੈਂ – ਮੇਰੀ’ ਦਾ ਕੀੜਾ ਮਾਰ ਮੁਕਾਈਏ ਹੁਣ,
‘ਤੂੰ ਹੀ-ਤੂੰ ਹੀ’ ਮਨਵਾ ਗਾਵੇ ਐਸਾ ਕਰਮ ਕਮਾ ਆਈਏ।

“ਜੱਸੀ” ਜਿਸ ਨੇ ਰਹਿਮਤ ਕਰਕੇ ਤੈਨੂੰ ਸ਼ਾਇਰ ਬਣਾ ਦਿੱਤਾ,
ਚੱਲ ਹੁਣ ਆਪਣਾ ਬਚਦਾ ਜੀਵਨ ਉਸਦੇ ਨਾਮ ਲਿਖਾ ਆਈਏ।

ਜਸਵਿੰਦਰ ਸਿੰਘ ‘ਜੱਸੀ’
ਮੌਜੋ ਮਜਾਰਾ, ਡਾਕ ਠੱਕਰਵਾਲ਼ ਜ਼ਿਲ੍ਹਾ ਹੁਸ਼ਿਆਰਪੁਰ

ਮੋਬਾ. 9814396472

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰੀ ਆਡਿਟ ਟੀਮ ਵੱਲੋਂ ਸਕੂਲਾਂ ਦੀ ਜਾਂਚ
Next articleਪੈਨਸ਼ਨਰ ਐਸੋਸੀਏਸ਼ਨ ਕਪੂਰਥਲਾ ਦੇ ਅਹੁਦੇਦਾਰਾਂ ਦੀ ਵਿਚਾਰ ਵਟਾਂਦਰਾ ਮੀਟਿੰਗ ਆਯੋਜਿਤ