(ਸਮਾਜ ਵੀਕਲੀ)-ਮਨੁੱਖ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕੀ ਸੰਸਾਰ ਇਕ ਸਰਾਂ ਹੈ ਜਿੱਥੇ ਉਹ ਕੁਝ ਸਮਾਂ ਕੱਟਣ ਲਈ ਆਇਆ ਹੈ।ਜਿਵੇਂ ਅਸੀਂ ਸਰਾਂ ਵਿੱਚ ਥੋੜ੍ਹਾ ਸਮਾਂ ਗੁਜ਼ਾਰਦੇ ਹਾਂ ਤੇ ਅਗਲੇ ਸਫ਼ਰ ਤੇ ਤੁਰ ਪੈਂਦੇ ਹਾਂ ਠੀਕ ਇਸੇ ਤਰ੍ਹਾਂ ਸੰਸਾਰ ਵੀ ਹੈ।ਇੱਥੇ ਅਸੀਂ ਹਮੇਸ਼ਾ ਲਈ ਨਹੀਂ ਠਹਿਰਨਾ।ਇਹ ਸਾਡੀ ਮੰਜ਼ਿਲ ਨਹੀਂ ਠਹਿਰ ਹੈ।ਸਾਡੀ ਇੱਥੇ ਦੀ ਠਹਿਰ ਥੋੜ੍ਹ ਚਿਰੀ ਹੈ।ਜ਼ਿੰਦਗੀ ਦਾ ਸਫ਼ਰ ਜਨਮ ਵੇਲੇ ਸ਼ੁਰੂ ਹੁੰਦਾ ਹੈ ਪਰ ਇਸ ਦੇ ਅੰਤ ਦੀ ਇਬਾਰਤ ਨਾਲ ਹੀ ਲਿਖੀ ਜਾਂਦੀ ਹੈ।ਜੋ ਸ਼ੁਰੂ ਹੋਇਆ ਹੈ ਉਸ ਦਾ ਅੰਤ ਨਿਸ਼ਚਿਤ ਹੁੰਦਾ ਹੈ।ਅਸੀਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ।ਦੁਨੀਆਂ ਵਿੱਚ ਇਸ ਤਰ੍ਹਾਂ ਵਿਚਰਦੇ ਹਾਂ ਜਿਵੇਂ ਅਸੀਂ ਹਮੇਸ਼ਾ ਲਈ ਇੱਥੇ ਹੀ ਰਹਿਣਾ ਹੈ।ਧਨ ਦੌਲਤ ਸ਼ੁਹਰਤ ਦੇ ਭੁਲੇਖੇ ਸਾਡੇ ਇਸ ਵਹਿਮ ਨੂੰ ਹੋਰ ਮਜ਼ਬੂਤ ਕਰਦੇ ਹਨ।ਸਾਡਾ ਅਹਿਮ ਵਧ ਜਾਂਦਾ ਹੈ।ਆਪਣੀ ਤਾਕਤ ਦੇ ਹੰਕਾਰ ਵਿੱਚ ਅੰਨ੍ਹੇ ਹੋਏ ਅਸੀਂ ਇਨਸਾਨੀਅਤ ਨੂੰ ਭੁੱਲ ਜਾਂਦੇ ਹਾਂ।ਅਸੀਂ ਜੀਵਨ ਦਾ ਬਹੁਤਾ ਸਮਾਂ ਵਸਤੂਆਂ ਇਕੱਠੀਆਂ ਕਰਨ ਵਿੱਚ ਬਿਤਾਉਂਦੇ ਹਾਂ। ਸਾਨੂੰ ਲੱਗਦਾ ਹੈ ਕਿ ਸਾਡੀ ਪ੍ਰਾਪਤੀ ਇੱਕ ਆਲੀਸ਼ਾਨ ਘਰ,ਧੰਨ-ਦੌਲਤ, ਉੱਚਾ ਅਹੁਦਾ ਆਦਿ ਹਨ।ਪਰ ਇਸ ਨਸ਼ਵਰ ਸੰਸਾਰ ਵਿਚ ਰਹਿੰਦਿਆਂ ਅਸੀਂ ਇਹ ਸਮਝ ਹੀ ਨਹੀਂ ਪਾਉਂਦੇ ਕਿ ਇਹ ਅੰਤਿਮ ਪ੍ਰਾਪਤੀਆਂ ਨਹੀਂ ਹਨ।
ਜਿੱਥੇ ਸਾਡੀ ਮੰਜ਼ਿਲ ਹੈ ਉੱਥੇ ਇਨ੍ਹਾਂ ਦੀ ਕੋਈ ਅਹਿਮੀਅਤ ਨਹੀਂ।
ਓਥੇ ਅਮਲਾਂ ਦੇ ਹੋਣਗੇ ਨਿਬੇੜੇ ਤੇ ਜ਼ਾਤ ਕਿਸੇ ਪੁੱਛਣੀ ਨਹੀਂ
ਸਾਡੇ ਕੀਤੇ ਚੰਗੇ ਕਰਮ ਹੀ ਸਾਡੀ ਅਸਲੀ ਕਮਾਈ ਹਨ।ਇਸ ਬਾਰੇ ਤਾਂ ਕੋਈ ਨਹੀਂ ਜਾਣਦਾ ਕਿ ਅਗਲਾ ਜਹਾਨ ਹੁੰਦਾ ਹੈ ਜਾਂ ਨਹੀਂ।ਹਾਂ ਇਹ ਜ਼ਰੂਰ ਪਤਾ ਹੈ ਕਿ ਇਹ ਸੰਸਾਰ ਫਾਨੀ ਹੈ।ਮਨੁੱਖ ਦਾ ਅੰਤ ਨਿਸ਼ਚਿਤ ਹੈ।ਸਫ਼ਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਮਨੁੱਖ ਔਖਾ ਹੀ ਹੁੰਦਾ ਹੈ।ਵਸਤੂਆਂ ਨੂੰ ਸੰਭਾਲਦਾ ਉਹ ਜ਼ਿੰਦਗੀ ਦੇ ਸਫ਼ਰ ਦਾ ਆਨੰਦ ਨਹੀਂ ਲੈ ਪਾਉਂਦਾ।ਸਫ਼ਰ ਦੇ ਵਿੱਚ ਅਸੀਂ ਅਕਸਰ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ।ਬੇਲੋੜਾ ਸਾਮਾਨ ਸਾਂਭੀ ਫਿਰਨਾ ਕੋਈ ਸਮਝਦਾਰੀ ਨਹੀਂ। ਜ਼ਿੰਦਗੀ ਦਾ ਅਣਮੁੱਲਾ ਸਮਾਂ ਅਸੀਂ ਨਿਰਜੀਵ ਵਸਤਾਂ ਇਕੱਠੀਆਂ ਕਰਨ ਵਿੱਚ ਲਾ ਦਿੰਦੇ ਹਾਂ।ਸਾਡੀ ਪਦਾਰਥਵਾਦੀ ਸੋਚ ਸਾਨੂੰ ਮਨੁੱਖਤਾ ਤੋਂ ਦੂਰ ਲੈ ਜਾਂਦੀ ਹੈ।ਅਸੀਂ ਦੂਜੇ ਤੋਂ ਅੱਗੇ ਨਿਕਲਣ ਦੀ ਅੰਨ੍ਹੀ ਦੌੜ ਵਿੱਚ ਲੱਗ ਜਾਂਦੇ ਹਾਂ।ਅਸੀਂ ਆਪਣੇ ਆਲੇ ਦੁਆਲੇ ਦੀ ਕੁਦਰਤ ਦਾ ਆਨੰਦ ਵੀ ਨਹੀਂ ਉਠਾਉਂਦੇ।ਸੂਰਜ ਦਾ ਨਿਕਲਣਾ ਇਕ ਨਿਆਮਤ ਹੈ।ਫੁੱਲਾਂ ਦਾ ਖਿੜਨਾ ਖ਼ੁਸ਼ੀ ਦਾ ਅਹਿਸਾਸ ਹੈ ।ਨਿੱਕੀਆਂ ਨਿੱਕੀਆਂ ਖ਼ੁਸ਼ੀਆਂ ਹੀ ਸਾਡਾ ਸਰਮਾਇਆ ਹਨ।ਇਸ ਸਰਾਂ ਵਰਗੀ ਦੁਨੀਆਂ ਚੋਂ ਅਖੀਰ ਅਸੀਂ ਚਲੇ ਜਾਣਾ ਹੈ।ਜੇਕਰ ਅਸੀਂ ਇਸ ਗੱਲ ਨੂੰ ਯਾਦ ਰੱਖੀਏ ਕਿ ਇਹ ਰੈਣ ਬਸੇਰਾ ਹੈ ਤਾਂ ਅਸੀਂ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜੀ ਸਕਦੇ ਹਾਂ।ਹਰ ਪਲ ਨੂੰ ਇਸ ਤਰ੍ਹਾਂ ਜੀਓ ਜਿਵੇਂ ਉਹ ਆਖ਼ਰੀ ਪਲ ਹੋਵੇ।ਜ਼ਿੰਦਗੀ ਜਿਊਣ ਲਈ ਹੈ ਸਾਮਾਨ ਇਕੱਠਾ ਕਰਨ ਵਿੱਚ ਨਹੀਂ।ਖ਼ੁਸ਼ੀਆਂ ਤੇ ਖੇੜੇ ਜਿੰਨੇ ਵੰਡੋਗੇ ਓਨਾ ਹੀ ਵਧਣਗੇ।ਕਹਿੰਦੇ ਨੇ ਕਿਸ ਨੇ ਰਹਿਣ ਲਈ ਬਹੁਤ ਸੋਹਣਾ ਘਰ ਬਣਾਇਆ।ਉਸ ਦਾ ਮਿੱਤਰ ਘਰ ਦੇਖਣ ਆਇਆ।ਮਿੱਤਰ ਨੇ ਘਰ ਦੇਖ ਕੇ ਕਿਹਾ ਕਿ ਜਿਨ੍ਹਾਂ ਤੇਰੇ ਕੋਲ ਪੈਸਾ ਹੈ ਉਸ ਤੋਂ ਵਧੀਆ ਘਰ ਬਣਾ ਸਕਦਾ ਸੀ।ਉਸ ਦਾ ਜਵਾਬ ਸੀ ਕਿ ਦੁਨੀਆਂ ਵਿੱਚ ਛੱਡ ਜਾਣ ਲਈ ਇਹ ਵੀ ਮਾੜਾ ਨਹੀਂ।ਪਦਾਰਥਵਾਦੀ ਦੌੜ ਚੋਂ ਬਾਹਰ ਨਿਕਲੋ ਮੇਰੀ ਜ਼ਿੰਦਗੀ ਦਾ ਆਨੰਦ ਲਓ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly