(ਸਮਾਜ ਵੀਕਲੀ)
ਹੁਣੇ ਹੋਈ ਸਾਡੀ ਫਸਲ ਤਿਆਰ ਸੀ।
ਸੁੱਟੀ ਵੇਹੜੇ ਚ ਕਣਕ ਜਵਾਰ ਸੀ।
ਇੱਕ ਪੰਛੀਆਂ ਦੀ ਆਈ ਉੱਡ ਡਾਰ ਸੀ।
ਮਿੱਠੇ ਗੀਤ ਸਾਨੂੰ ਜਾਂਦੇ ਨੇ ਸੁਣਾਕੇ ਧੰਨਿਆਂ।
ਮਨ ਖੁਸ਼ ਪੰਛੀਆਂ ਨੂੰ ਚੋਗ ਪਾਕੇ ਧੰਨਿਆਂ।
ਭਾਂਡੇ ਮਿੱਟੀ ਦੇ ਚ ਪਾਣੀ ਦਿੱਤਾ ਰੱਖ ਸੀ।
ਆਏ ਛੱਤ ਉੱਤੇ ਪੰਛੀ ਵੱਖ-ਵੱਖ ਸੀ।
ਟਿਕੀ ਦੂਰ ਤੋਂ ਕਬੂਤਰਾਂ ਦੀ ਅੱਖ ਸੀ।
ਕਿੱਤੀ ਜਿੰਦਗੀ ਚ ਇਹੋ ਏ ਕਮਾਈ ਔਲਖਾ।
ਕੁਝ ਤੋਤਿਆਂ ਉਡਾਰੀ ਆਕੇ ਲਾਈ ਔਲਖਾ।
ਰਹੇ ਚੁੰਝਾਂ ਨਾਲ਼ ਚੋਗ ਨੂੰ ਟਟੋਲ ਸੀ।
ਗੋਲੇ ਗੁਟਰ ਗੂੰ ਅੱਗੋਂ ਰਹੇ ਬੋਲ ਸੀ।
ਚਿੜੀ ਚਿੜਾ ਦੁੱਖ ਰਹੇ ਜਿਉਂ ਫ਼ਰੋਲ ਸੀ।
ਜਾਂਦੇ ਟੱਬ ਵਿੱਚ ਨਿੱਤ ਹੀ ਨਹਾਕੇ ਧੰਨਿਆਂ।
ਮਨ ਖੁਸ਼ ਪੰਛੀਆਂ ਨੂੰ ਚੋਗ ਪਾਕੇ ਧੰਨਿਆਂ।
ਕਾਲ਼ੇ ਕਾਵਾਂ ਜਦੋਂ ਕਾਂ ਕਾਂ ਘਰ ਲਾਈ ਸੀ।
ਬਿੱਲੀ ਲਾਈ ਬੈਠੀ ਕੰਧ ਕੋਲ਼ ਛਾਈ ਸੀ।
ਓਸੇ ਵੇਲ਼ੇ ਫੇਰ ਓਥੋਂ ਮੈਂ ਭਜਾਈ ਸੀ।
ਹੱਸੇ ਵੇਹੜੇ ਚ ਬੈਠੀ ਮੇਰੀ ਮਾਈ ਔਲਖਾ।
ਕੁਝ ਤੋਤਿਆਂ ਉਡਾਰੀ ਆਕੇ ਲਾਈ ਔਲਖਾ।
ਭਰੇ ਰੰਗਦਾਰ ਪੰਛੀਆਂ ਚ ਰੰਗ ਨੇ।
ਏਸ ਕੁਦਰਤ ਦੇ ਵੀ ਵੱਖ ਢੰਗ ਨੇ।
ਬੱਸ ਵੇਖਕੇ ਨਜ਼ਾਰੇ ਸਭ ਦੰਗ ਨੇ।
ਓਨੇ ਰੱਖੀਆਂ ਨੇ ਬਣਤਾਂ ਬਣਾਕੇ ਧੰਨਿਆਂ।
ਮਨ ਖੁਸ਼ ਪੰਛੀਆਂ ਨੂੰ ਚੋਗ ਪਾਕੇ ਧੰਨਿਆਂ।
ਕੀ ਪੰਛੀਆਂ ਦੇ ਕਹਿਣੇ ਨੇ ਕਮਾਲ ਵੇ।
ਬੁਣੀ ਆਲ੍ਹਣੇ ਨੂੰ ਜਾਣ ਧਾਲੀਵਾਲ ਵੇ।
ਇਹ ਫ਼ਸਲਾਂ ਦੀ ਕਰਨ ਸੰਭਾਲ ਵੇ।
ਕੀਟ ਕੀੜਿਆਂ ਦੀ ਕਰਦੇ ਸਫਾਈ ਔਲਖਾ।
ਕੁੱਝ ਤੋਤਿਆਂ ਉਡਾਰੀ ਆਕੇ ਲਾਈ ਔਲਖਾ।
ਧੰਨਾ ਧਾਲੀਵਾਲ:-9878235714
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly