ਜਲੰਧਰ (ਸਮਾਜ ਵੀਕਲੀ): ਬਹੁਜਨ ਸਮਾਜ ਪਾਰਟੀ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਹੂੰਗੜਾ (57) ਦਾ ਅੱਜ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ ਕੰਵਰਜਗਜੀਵਨ ਨੇ ਦੱਸਿਆ ਕਿ ਅੱਜ ਉਹ ਆਪਣੇ ਪਿਤਾ ਨਾਲ ਜਲੰਧਰ ਆਏ ਹੋਏ ਸਨ ਤਾਂ ਜਦੋਂ ਉਹ ਇੱਥੋਂ ਦੇ ਸ਼ਾਸ਼ਤਰੀ ਚੌਂਕ ਨੇੜੇ ਆਏ ਤਾਂ ਉਨ੍ਹਾਂ ਨੂੰ ਛਾਤੀ ਵਿੱਚ ਦਰਦ ਮਹਿਸੂਸ ਹੋਈ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ ਅਜੇ ਡਾਕਟਰ ਆਕਸੀਜਨ ਲਗਾਉਣ ਹੀ ਲੱਗੇ ਸਨ ਕਿ ਉਨ੍ਹਾਂ ਨੇ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ। ਸ਼ਿੰਗਾਰਾ ਰਾਮ ਸਹੂੰਗੜਾ ਪਹਿਲੀ ਵਾਰ ਗੜ੍ਹਸ਼ੰਕਰ ਹਲਕੇ ਵਿੱਚੋਂ 1992 ਵਿੱਚ ਵਿਧਾਇਕ ਬਣੇ ਸਨ ਤੇ ਫਿਰ 1998 ਵਿੱਚ ਲਗਾਤਾਰ ਦੂਜੀ ਵਾਰ ਜਿੱਤੇ ਸਨ। ਉਹ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਲਗਾਤਾਰ ਦੂਜੀ ਵਾਰ ਵਿਧਾਇਕ ਬਣਨ ਵਾਲੇ ਪਹਿਲੇ ਆਗੂ ਸਨ।
ਅੱਤ ਦੀ ਗਰੀਬੀ ਵਿੱਚ ਉਠ ਕੇ ਵਿਧਾਇਕ ਬਣਨ ਵਾਲੇ ਸ਼ਿੰਗਾਰਾ ਰਾਮ ਸਹੂੰਗੜਾ ਉਸ ਵੇਲੇ ਬੇਅੰਤ ਸਿੰਘ ਦੀ ਸਰਕਾਰ ਵਿੱਚ ਵੀ ਦਲਿਤਾਂ ਦੇ ਹੱਕਾਂ ਲਈ ਲੜਦੇ ਰਹੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly