(ਸਮਾਜ ਵੀਕਲੀ)-ਕਿਸੇ ਵੀ ਵਿਅਕਤੀ ਦਾ ਬਚਪਨ ਬਹੁਤ ਸਾਦੇ ਢੰਗ ਨਾਲ ਬੀਤਿਆ ਹੋਵੇ ਤਾਂ ਉਹ ਉਸ ਦੇ ਸਮਾਜਿਕ ਵਰਤਾਰੇ ਜਾਂ ਘਰੇਲੂ ਰਹਿਣੀ ਬਹਿਣੀ ਦਾ ਹਿੱਸਾ ਹੁੰਦਾ ਹੈ। ਸਾਡੇ ਪੇਂਡੂ ਸਮਾਜ ਵਿੱਚ ਸਾਦਗੀ ਦੀ ਝਲਕ ਆਮ ਹੀ ਵੇਖਣ ਨੂੰ ਮਿਲਦੀ ਹੈ।ਅੱਜ ਤੋਂ ਚਾਰ ਕੁ ਦਹਾਕੇ ਪਹਿਲਾਂ ਤਾਂ ਪੇਂਡੂ ਜਾਂ ਸ਼ਹਿਰੀ ਰਹਿਣੀ ਬਹਿਣੀ ਦਾ ਅੱਜ ਦੀ ਜੀਵਨਸ਼ੈਲੀ ਨਾਲੋਂ ਜ਼ਮੀਨ ਅਸਮਾਨ ਦਾ ਫ਼ਰਕ ਸੀ। ਉਦੋਂ ਦੇ ਮੁਕਾਬਲੇ ਅੱਜ ਦੇ ਲੋਕ ਵਿਖਾਵੇ ਅਤੇ ਫੂੰ-ਫਾਂ ਵਿੱਚ ਜ਼ਿਆਦਾ ਵਿਸ਼ਵਾਸ਼ ਰੱਖਦੇ ਹਨ।ਹਰ ਆਮ ਤੇ ਖਾਸ ਵਿਅਕਤੀ ਓਪਰੀ ਅਤੇ ਵਿਖਾਵੇ ਦੀ ਟੌਹਰ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਅੱਜ ਕੱਲ੍ਹ ਬਹੁਤਾ ਕਰਕੇ ਲੋਕਾਂ ਦੇ ਪਹਿਰਾਵੇ ਤੋਂ ਪੜ੍ਹੇ ਲਿਖੇ ਅਤੇ ਅਨਪੜ੍ਹ ਵਿੱਚ ਜਾਂ ਅਮੀਰੀ ਤੇ ਗ਼ਰੀਬੀ ਦੇ ਫ਼ਰਕ ਦਾ ਉਦੋਂ ਤੱਕ ਪਤਾ ਲਗਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਜਦ ਤੱਕ ਉਸ ਨੂੰ ਕਰੀਬ ਤੋਂ ਨਾ ਜਾਣਦੇ ਹੋਈਏ। ਦੂਜੇ ਪਾਸੇ ਗ਼ਰੀਬੀ ਸਾਡੇ ਸਮਾਜ ਦਾ ਇੱਕ ਐਸਾ ਕੋਹੜ ਹੈ ਜਿਹੜਾ ਵਿਅਕਤੀ ਪਿੰਡੇ ਤੇ ਹੰਢਾਉਂਦਾ ਹੈ ਉਹੀ ਜਾਣਦਾ ਹੈ,ਉਸ ਉਸ ਨੂੰ ਕਿੰਨੀਆਂ ਤੰਗੀਆਂ- ਤੁਰਸ਼ੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ।ਅਸਲ ਵਿੱਚ ਜਿਸ ਵਿਅਕਤੀ ਨੂੰ ਗ਼ਰੀਬੀ ਦੇ ਦੌਰ ਵਿੱਚੋਂ ਲੰਘਣਾ ਪੈਂਦਾ ਹੈ ਉਸ ਨੂੰ ਇੱਕ ਵਕ਼ਤ ਦੀ ਰੋਟੀ ਮਿਲ਼ ਜਾਵੇ ਤਾਂ ਅਗਲੇ ਡੰਗ ਲਈ ਪੇਟ ਭਰਨ ਦੀ ਚਿੰਤਾ ਹੁੰਦੀ ਹੈ।ਉਸ ਲਈ ਬਹੁਤ ਸਾਰੇ ਪੱਖਾਂ ਵਿੱਚ ਗੁਣ ਜਾਂ ਲਿਆਕਤ ਹੋਣ ਦੇ ਬਾਵਜੂਦ ਅੱਗੇ ਵਧਣ ਲਈ ਪੈਸੇ ਦੀ ਮਾਰ ਰੁਕਾਵਟ ਬਣ ਜਾਂਦੀ ਹੈ।
ਇਸੇ ਤਰ੍ਹਾਂ ਅੱਜ ਕੱਲ੍ਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਉਹਨਾਂ ਦੀ ਰਹਿਣੀ- ਬਹਿਣੀ ਅਤੇ ਬੋਲ ਬਾਣੀ ਦੇ ਲਹਿਜ਼ੇ ਵਿਚਲੀ ਸਾਦਗੀ ਕਰਕੇ ਕਾਫ਼ੀ ਚਰਚਾ ਵਿੱਚ ਹਨ।ਆਮ ਜਨਤਾ ਦਾ ਚਹੇਤਾ ਬਣਨ ਦਾ ਕਾਰਨ ਵੀ ਸ਼ਾਇਦ ਇਹੀ ਹੈ।ਸਾਦਗੀ ਦੇ ਪਿਛੋਕੜ ਵਿੱਚੋਂ ਤਾਂ ਪਹਿਲੀਆਂ ਸਰਕਾਰਾਂ ਵਿੱਚ ਵੀ ਬਹੁਤ ਸਾਰੇ ਨੇਤਾ ਆਏ ਹੋਣਗੇ,ਪਰ ਇੱਕ ਵਾਰ ਦਾ ਸੈਸ਼ਨ ਪੂਰਾ ਕਰਦੇ ਕਰਦੇ ਉਹ ਅਮੀਰ ਬਣ ਕੇ ਆਮ ਲੋਕਾਂ ਤੋਂ ਸਮਾਜਿਕ ਦੂਰੀ ਬਣਾ ਲੈਂਦੇ ਸਨ। ਭਗਵੰਤ ਮਾਨ ਸਾਹਿਬ ਦੇ ਹਰਮਨ ਪਿਆਰਾ ਹੋਣ ਦਾ ਅਸਲੀ ਕਾਰਨ ਉਹਨਾਂ ਦਾ ਆਪਣੀ ਮਾਤਾ ਜੀ ਦੇ ਸਾਦੇ ਅਤੇ ਭੋਲ਼ੇ ਜਿਹੇ ਸੁਭਾਅ ਨੂੰ ਜਨਤਾ ਵਿੱਚ ਵਿਚਰਨ ਦੇਣਾ ਅਤੇ ਉਹਨਾਂ ਨਾਲ ਮਿਲ਼ਦੇ ਹੋਏ ਆਪਣੇ ਨੇਤਾ ਪਣ ਭੁੱਲ ਕੇ ਸਧਾਰਨ ਪੁੱਤਰ ਵਾਂਗ ਵਿਚਰਨਾ ਹੀ ਹੈ।ਜੋ ਸਾਦਗੀ ਉਹਨਾਂ ਵਿੱਚ ਪੈਦਾਇਸ਼ੀ ਸੀ ਉਹ ਹੁਣ ਤੱਕ ਉਵੇਂ ਹੀ ਕਾਇਮ ਰੱਖੀ। ਉਹਨਾਂ ਨਾਲ਼ ਦੇ ਕਿੰਨੇ ਕਲਾਕਾਰ ਜਾਂ ਨੇਤਾ ਆਪਣੀਆਂ ਜੜ੍ਹਾਂ ਨਾਲ਼ੋਂ ਟੁੱਟ ਕੇ ਕਿਤੇ ਐਸ਼ੋ ਇਸ਼ਰਤ ਦੀ ਜ਼ਿੰਦਗੀ ਬਤੀਤ ਕਰਨ ਲੱਗ ਪਏ ਹਨ।
ਸੋਸ਼ਲ ਮੀਡੀਆ ਤੇ ਕਈ ਵਾਰ ਉਹਨਾਂ ਦੀਆਂ ਪੁਰਾਣੀਆਂ ਯਾਦਗਾਰੀ ਪੋਸਟਾਂ ਦੇਖ ਕੇ ਪੇਂਡੂ ਸਮਾਜ ਦੀ ਰਹਿਣੀ ਬਹਿਣੀ ਤੋਂ ਅਣਜਾਣ ਲੋਕ ਉਹਨਾਂ ਨੂੰ ਬਹੁਤ ਗਰੀਬੀ ਵਿੱਚੋਂ ਉੱਠਿਆ ਨੇਤਾ ਹੀ ਆਖੀ ਜਾਂਦੇ ਹਨ ਜਦ ਕਿ ਲੋਕਾਂ ਦੀ ਉਹਨਾਂ ਬਾਰੇ ‘ਬਹੁਤ ਗਰੀਬ’ ਵਾਲੀ ਇਹ ਧਾਰਨਾ ਸਰਾਸਰ ਗ਼ਲਤ ਹੈ। ਉਹ ਇੱਕ ਮੱਧਵਰਗੀ ਪੇਂਡੂ ਸਮਾਜ ਨਾਲ ਸੰਬੰਧ ਰੱਖਦੇ ਸਨ। ਉਹਨਾਂ ਦੇ ਪਿਤਾ ਜੀ ਮਾਸਟਰ ਸਨ ਅਤੇ ਜ਼ਿਮੀਂਦਾਰ ਵਰਗ ਨਾਲ ਸਬੰਧਤ ਸਨ। ਉਹ ਕਿਸੇ ਪੱਖੋਂ ਵੀ ਗਰੀਬ ਵਿਅਕਤੀ ਨਹੀਂ ਸਨ। ਉਹਨਾਂ ਬਾਰੇ ਇਹ ਧਾਰਨਾ ਰੱਖਣ ਵਾਲੇ ਲੋਕ ਉਹਨਾਂ ਦੀ ਸਾਦਗੀ ਨੂੰ ਹੀ ਗਰੀਬੀ ਆਖੀ ਜਾਂਦੇ ਹਨ। ਸਾਡੇ ਦੇਸ਼ ਦੇ ਹਰ ਆਮ ਅਤੇ ਖਾਸ ਵਸ਼ਿੰਦੇ ਨੂੰ ਉਹਨਾਂ ਦੀ ਸਾਧਾਰਨ ਜੀਵਨ ਸ਼ੈਲੀ ਤੋਂ ਸਿੱਖਿਆ ਲੈਣ ਦੀ ਲੋੜ ਹੈ ਕਿਉਂਕਿ ਐਨੇ ਲੰਬੇ ਸਮੇਂ ਤੋਂ ਕਲਾਕਾਰੀ ਅਤੇ ਨੇਤਾਗਿਰੀ ਵਾਲੇ ਵੀ.ਆਈ.ਪੀ. ਕਲਚਰ ਨਾਲ ਜੁੜੇ ਰਹਿਣ ਤੋਂ ਬਾਅਦ ਵੀ ਉਹ ਆਪਣੀਆਂ ਸਾਦਗੀ ਵਾਲੀਆਂ ਜੜਾਂ ਨਾਲ ਜੁੜੇ ਹੋਏ ਹਨ।ਉਹ ਚਾਹੁੰਦੇ ਤਾਂ ਉਹ ਵੀ ਆਪਣੇ ਪਿੰਡੋਂ ਦੂਰ ਕਿਤੇ ਵੱਡੀ ਕੋਠੀ ਪਾ ਕੇ ਆਪਣਾ ਰਹਿਣੀ ਬਹਿਣੀ ਦਾ ਪੱਧਰ ਅਸਮਾਨੀ ਚੁੱਕ ਆਮ ਜਨਤਾ ਤੋਂ ਦੂਰ ਹੋ ਜਾਂਦੇ। ਫਿਰ ਉਹਨਾਂ ਵਿੱਚ ਅਤੇ ਨਿਕਾਰੇ ਹੋਏ ਲੀਡਰਾਂ ਵਿੱਚ ਕੋਈ ਫ਼ਰਕ ਨਾ ਰਹਿ ਜਾਂਦਾ।ਆਮ ਲੋਕਾਂ ਵਿੱਚ ਵਿਚਰਨ ਵਾਲ਼ੀ ਸਾਦਗੀ ਅਤੇ ਗ਼ਰੀਬੀ ਵਿੱਚ ਕੋਹਾਂ ਦੀ ਵਿੱਥ ਹੈ।ਇਹ ਗੱਲ ਵੱਖਰੀ ਹੈ ਕਿ ਆਮ ਜਨਤਾ ਵਿੱਚ ਵਿਚਰਨ ਵਾਲ਼ਾ ਨੇਤਾ ਗ਼ਰੀਬ ਲੋਕਾਂ ਅਤੇ ਉਹਨਾਂ ਦੇ ਹਾਲਾਤ ਭਲੀਭਾਂਤ ਸਮਝਣ ਦੇ ਯੋਗ ਹੁੰਦਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly