ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਲਿਆਂਦੀ ਜਾਵੇਗੀ ਵਿਆਪਕ ਯੋਜਨਾ: ਭਗਵੰਤ ਮਾਨ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੁਲੀਸ ਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪਹਿਲੀ ਮੀਟਿੰਗ ਕਰਦਿਆਂ ਸਾਰੇ ਅਧਿਕਾਰੀਆਂ ਨੂੰ ਲੋਕਾਂ ਦੇ ਸੇਵਕ ਵਜੋਂ ਕੰਮ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਜਮਹੂਰੀਅਤ ਵਿੱਚ ਇਹੀ ਲੋਕ ਅਸਲ ਸ਼ਾਸਕ ਹੁੰਦੇ ਹਨ ਅਤੇ ਸਿਆਸਤਦਾਨਾਂ ਨੂੰ ਸੱਤਾ ਵਿੱਚ ਰਹਿਣ ਜਾਂ ਬਾਹਰ ਦਾ ਰਸਤਾ ਦਿਖਾਉਣ ਦੀ ਤਾਕਤ ਵੀ ਇਨ੍ਹਾਂ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ।

ਸ੍ਰੀ ਮਾਨ ਨੇ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਸੂਬੇ ਦੇ ਸਾਰੇ ਅਧਿਕਾਰੀਆਂ ਨੂੰ ਟੀਮ ਦੀ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, “ਸਾਡਾ ਮੁੱਖ ਸਰੋਕਾਰ ਪੰਜਾਬ ਨੂੰ ਲੰਡਨ, ਕੈਲੀਫੋਰਨੀਆ ਜਾਂ ਪੈਰਿਸ ਬਣਾਉਣਾ ਨਹੀਂ ਸਗੋਂ ਅਸਲ ਪੰਜਾਬ ਬਣਾਉਣਾ ਹੈ ਤਾਂ ਜੋ ਵਿਦੇਸ਼ਾਂ ਵੱਲ ਜਾਣ ਵਾਲੇ ਪੰਜਾਬੀ ਨੌਜਵਾਨਾਂ ਨੂੰ ਰੋਕਿਆ ਜਾ ਸਕੇ।’’ ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੇ ਰੋਜ਼ੀ-ਰੋਟੀ   ਕਮਾਉਣ ਤੇ ਬਿਹਤਰ ਭਵਿੱਖ ਦੀਆਂ ਸੰਭਾਵਨਾਵਾਂ ਦੀ ਤਾਲਾਸ਼ ਵਿੱਚ ਬੱਚਿਆ ਨੂੰ ਵਿਦੇਸ਼ ਭੇਜਣ ਲਈ ਗਰੀਬ ਤੇ ਬੇਸਹਾਰਾ ਮਾਪਿਆਂ ਨੂੰ ਆਪਣੀਆਂ ਜਾਇਦਾਦਾਂ ਵੇਚਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਦੀਆਂ ਸੰਭਾਵਨਾਵਾਂ ਪੈਦਾ ਕਰਨ ਲਈ ਛੇਤੀ ਹੀ ਵਿਆਪਕ ਯੋਜਨਾ ਲਿਆਵੇਗੀ।

ਮੁੱਖ ਮੰਤਰੀ ਨੇ ਸਮੁੱਚੀ ਪ੍ਰਸ਼ਾਸਕੀ ਮਸ਼ੀਨਰੀ ਨੂੰ ਪਿਛਲੀਆਂ ਸਰਕਾਰਾਂ ਦੇ ਉਲਟ ਆਪਣੀ ਡਿਊਟੀ ਬਿਨਾਂ ਕਿਸੇ ਸਿਆਸੀ ਦਬਾਅ ਤੇ ਡਰ-ਭੈਅ ਤੋਂ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਉਹ ਪਿਛਲੀਆਂ ਸਰਕਾਰਾਂ ਵਾਂਗ ਆਪਣੇ ਕੋਲ ਲਾਲ ਡਾਇਰੀ ਨਹੀਂ ਰੱਖਦੇ ਸਗੋਂ ਉਨ੍ਹਾਂ ਕੋਲ ਤਾਂ ਹਰੀ ਡਾਇਰੀ ਹੁੰਦੀ ਹੈ।

ਅਫ਼ਸਰਾਂ ਨੂੰ ਬੈਸਟ ਪਰਫਾਰਮੈਂਸ ਐਵਾਰਡ ਦੇਣ ਦਾ ਐਲਾਨ

ਭਗਵੰਤ ਮਾਨ ਨੇ ਕਿਹਾ ਕਿ ਇਸ ਸਰਕਾਰ ’ਚ ਭ੍ਰਿਸ਼ਟ ਅਫਸਰਾਂ ਲਈ ਕੋਈ ਥਾਂ ਨਹੀਂ ਹੈ ਅਤੇ ਜੇਕਰ ਕਿਸੇ ਦੀ ਸ਼ਿਕਾਇਤ ਮਿਲਦੀ ਹੈ ਤਾਂ ਇਹੋ ਜਿਹੇ ਅਫਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸਿਵਲ ਤੇ ਪੁਲੀਸ ਅਧਿਕਾਰੀਆਂ ਨੂੰ ਤਿਮਾਹੀ ਆਧਾਰ ’ਤੇ ‘ਬੈਸਟ ਪਰਫਾਰਮੈਂਸ ਐਵਾਰਡ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਡੀਜੀਪੀ ਨੂੰ ਸਾਰੇ ਪੁਲੀਸ ਮੁਲਾਜ਼ਮਾਂ ਦੇ ਜਨਮ ਦਿਨ ’ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਸੰਦੇਸ਼ ਭੇਜਣ ਦੇ ਵੀ ਨਿਰਦੇਸ਼ ਦਿੱਤੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article25 ਕਰੋੜ ’ਚ ਪੈਗਾਸਸ ਖਰੀਦਣ ਦੀ ਪੇਸ਼ਕਸ਼ ਹੋਈ ਸੀ: ਮਮਤਾ ਬੈਨਰਜੀ
Next articleਸੁਨੀਲ ਜਾਖੜ ਵੱਲੋਂ ਅੰਬਿਕਾ ਸੋਨੀ ’ਤੇ ਤਿੱਖੇ ਹਮਲੇ