ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਲੋਕ ਸਭਾ ਵਿੱਚ ਸੋਸ਼ਲ ਮੀਡੀਆ ਦੀ ਦੁਰਵਰਤੋਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਹ ਦੇਸ਼ ਦੀ ਜਮਹੂਰੀਅਤ ਤੇ ਸਮਾਜਿਕ ਸਦਭਾਵਨਾ ਲਈ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਭਾਰਤ ਵਿੱਚ ਚੋਣ ਸਿਆਸਤ ’ਤੇ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਦੇ ‘ਯੋਜਨਾਬੱਧ ਅਸਰ ਤੇ ਦਖ਼ਲ’ ਨੂੰ ਖਤਮ ਕਰਨਾ ਚਾਹੀਦਾ ਹੈ।
ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਸੋਨੀਆ ਗਾਂਧੀ ਨੇ ਕਿਹਾ ਕਿ ‘ਆਗੂਆਂ, ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਆਪਣੇ ਸਿਆਸੀ ਬਿਰਤਾਂਤ ਨੂੰ ਆਕਾਰ ਦੇਣ ਲਈ ਫੇਸਬੁੱਕ ਤੇ ਟਵਿੱਟਰ ਜਿਹੀਆਂ ਆਲਮੀ ਕੰਪਨੀਆਂ ਦੀ ਵਰਤੋਂ ਵਧ ਗਈ ਹੈ।’’ ਉਨ੍ਹਾਂ ਕਿਹਾ ਕਿ ਸਾਡੀ ਜਮਹੂਰੀਅਤ ਨੂੰ ਹੈਕ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਦਾ ਖ਼ਤਰਾ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਵਾਰ ਵਾਰ ਲੋਕਾਂ ਦੇ ਧਿਆਨ ਵਿੱਚ ਆਈ ਹੈ ਕਿ ਆਲਮੀ ਸੋਸ਼ਲ ਮੀਡੀਆ ਕੰਪਨੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਇਕੋ ਜਿਹਾ ਮੌਕਾ ਨਹੀਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ‘ਵਾਲ ਸਟਰੀਟ ਜਰਨਲ’ ਨੇ ਖ਼ਬਰ ਦਿੱਤੀ ਸੀ ਕਿ ਕਿਵੇਂ ਨਫ਼ਰਤੀ ਭਾਸ਼ਣਾਂ ਨਾਲ ਫੇਸਬੁੱਕ ਦੇ ਖੁ਼ਦ ਦੇ ਨੇਮਾਂ ਦੀ ਉਲੰਘਣਾ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਹੱਕ ਵਿੱਚ ਕੀਤੀ ਗਈ। ਸ੍ਰੀਮਤੀ ਗਾਂਧੀ ਨੇ ‘ਅਲ ਜਜ਼ੀਰਾ ਤੇ ਦਿ ਰਿਪੋਰਟਰਜ਼’ ਵਿੱਚ ਪ੍ਰਕਾਸ਼ਿਤ ਖ਼ਬਰ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਫੇਸਬੁੱਕ ਨੇ ਚੋਣ ਇਸ਼ਤਿਹਾਰਬਾਜ਼ੀ ਲਈ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਭਾਜਪਾ ਨੂੰ ਕਿਫ਼ਾਇਤੀ ਦਰਾਂ ਦੀ ਪੇਸ਼ਕਸ਼ ਕੀਤੀ ਸੀ। ਕਾਂਗਰਸ ਪ੍ਰਧਾਨ ਨੇ ਕਿਹਾ, ‘‘ਇਹ ਰਿਪੋਰਟਾਂ ਵੱਡੇ ਕਾਰਪੋਰੇਟ ਅਦਾਰਿਆਂ, ਸੱਤਾਧਾਰੀ ਨਿਜ਼ਾਮ ਤੇ ਫੇਸਬੁੱਕ ਜਿਹੇ ਆਲਮੀ ਸੋਸ਼ਲ ਮੀਡੀਆ ਅਦਾਰਿਆਂ ਵਿਚਾਲੇ ਵਧਦੇ ਗੱਠਜੋੜ ਨੂੰ ਦਰਸਾਉਂਦੀਆਂ ਹਨ।’’ ਉਨ੍ਹਾਂ ਕਿਹਾ ਕਿ ਨੌਜਵਾਨਾਂ ਤੇ ਬਜ਼ੁਰਗਾਂ ਦੇ ਦਿਮਾਗ ਵਿੱਚ ਕੂੜ ਪ੍ਰਚਾਰ ਤੇ ਖਾਸ ਇਸ਼ਤਿਹਾਰਾਂ ਜ਼ਰੀਏ ਨਫ਼ਰਤ ਭਰੀ ਜਾ ਰਹੀ ਹੈ। ਕੰਪਨੀਆਂ ਇਸ ਵਰਤਾਰੇ ਤੋਂ ਜਾਣੂ ਹਨ ਤੇ ਮੋਟਾ ਮੁਨਾਫ਼ਾ ਕਮਾ ਰਹੀਆਂ ਹਨ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly