ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਨਮੋਸ਼ੀਜਨਕ ਹਾਰ ਮਗਰੋਂ ਸਾਬਕਾ ਕਾਂਗਰਸ ਵਿਚ ਕਲੇਸ਼ ਵਧ ਗਿਆ ਹੈ। ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਦਲ-ਬਦਲੂਆਂ ਅਤੇ ਮੌਕਾਪ੍ਰਸਤਾਂ ਨੂੰ ਕਮਾਨ ਸੌਂਪਣ ਕਰਕੇ ਚੋਣਾਂ ’ਚ ਕਾਂਗਰਸ ਦੀ ਹਾਰ ਹੋਈ ਹੈ| ਉਨ੍ਹਾਂ ਕਿਹਾ ਕਿ ਪਾਰਟੀ ਉਦੋਂ ਹੀ ਨਿਘਾਰ ਵਿਚ ਆ ਗਈ ਸੀ ਜਦੋਂ ਤਜਰਬੇਕਾਰ ਕਾਂਗਰਸੀ ਆਗੂ ਸੁਨੀਲ ਜਾਖੜ ਦੀ ਥਾਂ ਚਾਰ ਸਾਲ ਪਹਿਲਾਂ ਪਾਰਟੀ ’ਚ ਸ਼ਾਮਲ ਹੋਣ ਵਾਲੇ ਨਵਜੋਤ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ। ਉਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ ਗਿਆ। ਸਾਬਕਾ ਮੰਤਰੀ ਨੇ ਕਿਹਾ ਕਿ ਵਿਧਾਇਕਾਂ ਦੀ ਪੂਰੀ ਹਮਾਇਤ ਦੇ ਬਾਵਜੂਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਉਹ ਹਿੰਦੂ ਸਨ।
ਸ੍ਰੀ ਸਿੱਧੂ ਨੇ ਚਰਨਜੀਤ ਚੰਨੀ ਖ਼ਿਲਾਫ਼ ਵੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਸਹੀ ਤਰੀਕੇ ਨਾਲ ਪਾਰਟੀ ਦੀ ਅਗਵਾਈ ਨਹੀਂ ਕੀਤੀ ਜਿਸ ਕਾਰਨ ਪਾਰਟੀ ਅੰਦਰ ਗੁੱਟਬੰਦੀ ਵਧੀ। ਇਸ ਤੋਂ ਬਾਅਦ ਪਾਰਟੀ ਦੇ ਸੀਨੀਅਰ ਅਤੇ ਪੁਰਾਣੇ ਆਗੂਆਂ ਨੂੰ ਟਿਕਟਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜੋ ਹਾਰ ਦਾ ਮੁੱਖ ਕਾਰਨ ਬਣਿਆ। ਉਨ੍ਹਾਂ ਕਿਹਾ ਕਿ ਚੰਨੀ ਤੇ ਸਿੱਧੂ ਵੱਲੋਂ ਚੋਣ ਪ੍ਰਚਾਰ ਦੌਰਾਨ ਵਰਤੀ ਗਈ ਸ਼ਬਦਾਵਲੀ ਨੇ ਵੀ ਲੋਕਾਂ ਨੂੰ ਵਿਰੁੱਧ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly