ਮੁੰਬਈ (ਸਮਾਜ ਵੀਕਲੀ): ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਨਵੀਂ ਸੇਵਾ ਸ਼ੁਰੂ ਕੀਤੀ, ਜੋ ਫੀਚਰ ਫੋਨ ਜਾਂ ਆਮ ਮੋਬਾਈਲ ਫੋਨ ਉਪਭੋਗਤਾਵਾਂ ਨੂੰ ਸੁਰੱਖਿਅਤ ਢੰਗ ਨਾਲ ਡਿਜੀਟਲ ਅਦਾਇਗੀ ਦੇ ਯੋਗ ਬਣਾਏਗੀ। ਇਸ ਸੇਵਾ ਤਹਿਤ ਜਿਨ੍ਹਾਂ ਲੋਕਾਂ ਕੋਲ ਇੰਟਰਨੈੱਟ ਕੁਨੈਕਸ਼ਨ ਨਹੀਂ ਹੈ, ਉਹ ਯੂਪੀਆਈ ‘123ਪੇਅ’ ਨਾਂ ਦੀ ਇਸ ਸੇਵਾ ਰਾਹੀਂ ਡਿਜੀਟਲ ਅਦਾਇਗੀ ਕਰ ਸਕਣਗੇ ਅਤੇ ਇਹ ਸੇਵਾ ਆਮ ਫ਼ੋਨਾਂ ’ਤੇ ਕੰਮ ਕਰੇਗੀ। ਸ੍ਰੀ ਦਾਸ ਨੇ ਕਿਹਾ ਕਿ ਹੁਣ ਤੱਕ ਯੂਪੀਆਈ (ਯੂਨੀਫਾਈਡ ਪੇਮੈਂਟਸ ਇੰਟਰਫੇਸ) ਦੀਆਂ ਸੇਵਾਵਾਂ ਮੁੱਖ ਤੌਰ ’ਤੇ ਸਮਾਰਟਫ਼ੋਨਾਂ ’ਤੇ ਹੀ ਉਪਲਬਧ ਹਨ, ਜਿਸ ਕਾਰਨ ਸਮਾਜ ਦੇ ਹੇਠਲੇ ਤਬਕੇ ਦੇ ਲੋਕ ਇਨ੍ਹਾਂ ਤੋਂ ਵਾਂਝੇ ਸਨ।
ਆਰਬੀਆਈ ਦੀ ਇਸ ਪਹਿਲਕਦਮੀ ਦਾ ਦੇਸ਼ ਦੇ 40 ਕਰੋੜ ਫੀਚਰ ਫੋਨ ਵਰਤੋਕਾਰਾਂ ਨੂੰ ਲਾਭ ਮਿਲੇਗਾ ਤੇ ਡਿਜੀਟਲ ਲੈਣ-ਦੇਣ 100 ਲੱਖ ਕਰੋੜ ਨੂੰ ਪੁੱਜਣ ਦਾ ਅਨੁਮਾਨ ਹੈ। ਆਰਬੀਆਈ ਨੇ ਕਿਹਾ ਕਿ ਫੀਚਰ ਫੋਨ ਵਰਤੋਕਾਰ ਚਾਰ ਤਕਨੀਕੀ ਬਦਲਾਂ ਦੇ ਆਧਾਰ ’ਤੇ ਡਿਜੀਟਲ ਲੈਣ-ਦੇਣ ਕਰ ਸਕਣਗੇ। ਇਨ੍ਹਾਂ ਵਿੱਚ ਆਈਵੀਆਰ ਨੰਬਰ ’ਤੇ ਕਾਲ, ਐਪ, ਮਿਸਡ ਕਾਲ ਆਧਾਰਿਤ ਰਸਾਈ ਤੇ ਧੁਨੀ ਅਧਾਰਿਤ ਅਦਾਇਗੀ ਸ਼ਾਮਲ ਹਨ। ਇਸ ਨਵੀਂ ਸੇਵਾ ਦੀ ਮਦਦ ਨਾਲ ਵਰਤੋਕਾਰ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਅਦਾਇਗੀ ਤੋਂ ਇਲਾਵਾ ਮੋਬਾਈਲ ਤੇ ਹੋਰ ਬਿਲਾਂ ਦਾ ਭੁਗਤਾਨ ਅਤੇ ਵਾਹਨਾਂ ਲਈ ਫਾਸਟ ਟੈਗ ਦਾ ਰੀਚਾਰਜ ਕਰ ਸਕਣਗੇ। ਇਹੀ ਨਹੀਂ ਬੈਂਕ ਖਾਤੇ ਵਿੱਚ ਬਕਾਇਆ ਰਕਮ ਚੈੱਕ ਕਰਨ ਦੀ ਸਹੂਲਤ ਵੀ ਮਿਲੇਗੀ। ਗਾਹਕ ਆਪਣੇ ਬੈਂਕ ਖਾਤਿਆਂ ਨੂੰ ਲਿੰਕ ਤੇ ਯੂਪੀਆਈ ਪਿੰਨ ਸੈੱਟ ਜਾਂ ਬਦਲ ਸਕਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly