ਜੇਲ੍ਹ ਪ੍ਰਸ਼ਾਸਨ ਨੇ ਰੋਕੀਆਂ ਮਜੀਠੀਆ ਦੀਆਂ ਵਾਧੂ ਮੁਲਾਕਾਤਾਂ

ਪਟਿਆਲਾ (ਸਮਾਜ ਵੀਕਲੀ):  ਦਸ ਦਿਨਾਂ ਤੋਂ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤਾਂ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿਚ ਛਾਪੀ ਗਈ ਖ਼ਬਰ ਦਾ ਪੰਜਾਬ ਸਰਕਾਰ ਨੇ ਨੋਟਿਸ ਲੈ ਲਿਆ ਹੈ, ਜਿਸ ਤਹਿਤ ਹੁਣ ਮਜੀਠੀਆ ਦੀ ਮੁਲਾਕਾਤ ਵੀ ਜੇਲ੍ਹ ਵਿਚਲੇ ਹੋਰ ਬੰਦੀਆਂ (ਹਵਾਲਾਤੀਆਂ) ਵਾਂਗ ਹਫਤੇ ’ਚ ਦੋ ਵਾਰ ਹੀ ਕਰਵਾਏ ਜਾਣ ਦੀ ਤਾਕੀਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜੇਲ੍ਹ ਨਿਯਮਾਂ ਮੁਤਾਬਕ ਕੈਦੀ (ਸਜ਼ਾ ਯਾਫਤਾ) ਦੀ ਇੱਕ ਹਫਤੇ ’ਚ ਸਿਰਫ਼ ਇੱਕ ਦਿਨ, ਜਦਕਿ ਹਵਾਲਾਤੀ (ਜਿਸ ਦਾ ਕੇਸ ਅਜੇ ਸੁਣਵਾਈ ਅਧੀਨ ਹੋਵੇ) ਲਈ ਹਫ਼ਤੇ ’ਚ ਦੋ ਵਾਰ ਮੁਲਾਕਾਤ ਕਰਵਾਏ ਜਾਣ ਦੀ ਵਿਵਸਥਾ ਹੈ ਪਰ ਮਜੀਠੀਆ ਦੇ ਮਾਮਲੇ ’ਚ ਇਨ੍ਹਾਂ ਨਿਯਮਾਂ ਦੇ ਉਲਟ ਤਕਰੀਬਨ ਰੋਜ਼ਾਨਾ ਹੀ ਮੁਲਾਕਾਤਾਂ ਕਰਵਾਈਆਂ ਜਾ ਰਹੀਆਂ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ 24 ਫਰਵਰੀ ਰਾਤ ਨੂੰ ਪਟਿਆਲਾ ਜੇਲ੍ਹ ਲਿਆਂਦੇ ਗਏ ਮਜੀਠੀਆ ਨਾਲ ਅਗਲੇ ਹੀ ਦਿਨ 25 ਫਰਵਰੀ ਨੂੰ ਸਾਬਕਾ ਮੰਤਰੀ ਸੁਰਜੀਤ ਰੱਖੜਾ ਸਮੇਤ ਕੁਝ ਹੋਰਨਾਂ ਨੇ ਮੁਲਾਕਾਤ ਕੀਤੀ। 26 ਤੇ 27 ਨੂੰ ਸ਼ਨਿਚਰਵਾਰ ਅਤੇ ਐਤਵਾਰ ਹੋਣ ਕਰਕੇ ਮੁਲਾਕਾਤ ਦੀ ਵਿਵਸਥਾ ਨਾ ਹੋ ਸਕਣ ਕਾਰਨ ਕਿਸੇ ਦੀ ਵੀ ਮੁਲਾਕਾਤ ਨਾ ਹੋਈ। ਫਿਰ 28 ਫਰਵਰੀ ਤੋਂ ਦੋ ਮਾਰਚ ਤੱਕ ਲਗਾਤਾਰ ਤਿੰਨ ਦਿਨ ਬੀਬੀ ਜਗੀਰ ਕੌਰ, ਸੁਖਬੀਰ ਬਾਦਲ, ਹਰਸਿਮਰਤ ਕੌਰ ਸਮੇਤ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰ ਅਕਾਲੀ ਆਗੂਆਂ ਵੱਲੋਂ ਵੱਖ-ਵੱਖ ਦਿਨ ਮੁਲਾਕਾਤਾਂ ਕੀਤੀਆਂ ਗਈਆਂ।

ਇਸੇ ਮਾਮਲੇ ਸਬੰਧੀ ‘ਪੰੰਜਾਬੀ ਟ੍ਰਿਬਿਊਨ’ ਵੱਲੋਂ 3 ਮਾਰਚ ਦੇ ਅੰਕ ਵਿਚ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਸੂਤਰਾਂ ਤੋਂ ਪਤਾ ਲੱੱਗਾ ਹੈ ਕਿ ਇਸ ਖ਼ਬਰ ਰਾਹੀਂ ਮਾਮਲਾ ਸਾਹਮਣੇ ਆਉਣ ’ਤੇ ਸਰਕਾਰ ਨੇ ਜੇਲ੍ਹ ਅਧਿਕਾਰੀਆਂ ਨੂੰ ਨਿਰਧਾਰਤ ਨਿਯਮਾਂ ਤਹਿਤ ਹੀ ਮੁਲਾਕਾਤਾਂ ਕਰਵਾਉਣ ਦੀ ਤਾਕੀਦ ਕੀਤੀ ਹੈ। ਜੇਲ੍ਹ ਦੇ ਕੁਝ ਉੱਚ ਅਧਿਕਾਰੀਆਂ ਨੇ ਵੀ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਆਖਿਆ ਗਿਆ ਹੈ ਕਿ ਬਹੁਤ ਜ਼ਰੂਰੀ ਹੋਣ ’ਤੇ ਹੀ ਹਫਤੇ ’ਚ ਦੋ ਤੋਂ ਵੱਧ ਮੁਲਾਕਾਤਾਂ ਕਰਵਾਈਆਂ ਜਾਣ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੋ ਮਾਰਚ ਤੋਂ ਬਾਅਦ ਬਿਕਰਮ ਮਜੀਠੀਆ ਦੀ ਕੋਈ ਮੁਲਾਕਾਤ ਨਹੀਂ ਹੋਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੋਲੈਂਡ ’ਚ ਤਿੰਨ ਦਿਨ ਤੋਂ ਜਹਾਜ਼ ਉਡੀਕ ਰਹੇ ਨੇ 300 ਵਿਦਿਆਰਥੀ
Next articleਸੱਚ ਕੌੜਾ ਹੈ