ਡੇਰਾ ਰਾਧਾ ਸੁਆਮੀ ਬਿਆਸ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ

ਰਈਆ (ਸਮਾਜ ਵੀਕਲੀ):  ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਬਲਜੀਤ ਸਿੰਘ ਜਲਾਲਉਸਮਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਵਿਚ ਡੇਰਾ ਰਾਧਾ ਸੁਆਮੀ ਬਿਆਸ ਨੇ ਖੁੱਲ੍ਹ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਤੋਖ ਸਿੰਘ ਭਲਾਈਪੁਰ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਡੇਰਾ ਰਾਧਾ ਸੁਆਮੀ ਬਿਆਸ ਦੇ ਪ੍ਰਭਾਵ ਅਧੀਨ ਵੱਡੀ ਗਿਣਤੀ ਵਿਚ ਸ਼ਰਧਾਲੂ ਹਨ ਅਤੇ ਡੇਰਾ ਕਦੇ ਵੀ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਨਹੀਂ ਕਰਦਾ ਪਰ ਇਸ ਵਾਰ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਵਿਚ ਡੇਰਾ ਰਾਧਾ ਸੁਆਮੀ ਬਿਆਸ ਦੇ ਉੱਚ ਅਹੁਦੇ ’ਤੇ ਬੈਠੇ ਸਕੱਤਰ ਨਿਰਮਲ ਪਟਵਾਲੀਆ ਵਲੋਂ ਇਸ ਹਲਕੇ ਦੇ ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਭਲਾਈਪੁਰ ਦੀ ਲੁਕਵੀਂ ਹਮਾਇਤ ਨਹੀਂ ਸਗੋਂ ਖੁੱਲ੍ਹੇਆਮ ਪਿੰਡਾਂ ਵਿਚ ਜਾ ਕੇ ਪ੍ਰਚਾਰ ਕੀਤਾ ਗਿਆ ਅਤੇ ਡੇਰਾ ਪ੍ਰੇਮੀਆਂ ਦੇ ਘਰ ਘਰ ਜਾ ਕੇ ਕਾਂਗਰਸ ਉਮੀਦਵਾਰ ਨੂੰ ਵੋਟਾਂ ਪਾਉਣ ਲਈ ਪ੍ਰੇਰਿਆ ਗਿਆ। ਉਨ੍ਹਾਂ ਰੋਡ ਸ਼ੋਅ ਵਿਚ ਖੁੱਲ੍ਹੇਆਮ ਗੱਡੀ ਉੱਪਰ ਚੜ੍ਹ ਕੇ ਪ੍ਰਚਾਰ ਵੀ ਕੀਤਾ। ਵੋਟਾਂ ਵਾਲੇ ਦਿਨ ਡੇਰੇ ਦੇ ਪ੍ਰਬੰਧਕ ਖ਼ੁਦ ਕਾਂਗਰਸੀ ਪੋਲਿੰਗ ਬੂਥਾਂ ’ਤੇ ਬੈਠ ਕੇ ਵੋਟਰਾਂ ਨੂੰ ਪ੍ਰੇਰਦੇ ਰਹੇ। ਡੇਰੇ ਅੰਦਰ ਬਣੇ ਬੂਥ ’ਤੇ ਕਬਜ਼ਾ ਕਰਕੇ ਵੱਡੀ ਪੱਧਰ ’ਤੇ ਵੋਟਾਂ ਕਾਂਗਰਸੀ ਉਮੀਦਵਾਰ ਨੂੰ ਪਵਾਈਆਂ ਗਈਆਂ ਜਿਸ ਸਬੰਧੀ ਜਾਂਚ ਵੀ ਚੱਲ ਰਹੀ ਹੈ।

ਡੇਰਾ ਸਕੱਤਰ ਨਿਰਮਲ ਪਟਵਾਲੀਆ ਨੇ ਕਿਹਾ ਕਿ ਕੁਝ ਲੋਕਾਂ ਵਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਤੋਂ ਜਦੋਂ ਉਨ੍ਹਾਂ ਦੀਆਂ ਪੋਲਿੰਗ ਬੂਥਾਂ ’ਤੇ ਬੈਠਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਫੋਨ ਬੰਦ ਕਰ ਦਿੱਤਾ।

ਡੀਐੱਸਪੀ ਦੀ ਥਾਂ ਨਿਰਪੱਖ ਵਿਅਕਤੀ ਤੋਂ ਜਾਂਚ ਕਰਵਾਉਣ ਦੀ ਮੰਗ

ਵਿਧਾਨ ਸਭਾ ਹਲਕਾ ਬਾਬਾ ਬਕਾਲਾ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਬਲਜੀਤ ਸਿੰਘ ਜਲਾਲਉਸਮਾ ਨੇ ਭਾਰਤੀ ਚੋਣ ਕਮਿਸ਼ਨ ਤੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਡੇਰਾ ਰਾਧਾ ਸੁਆਮੀ ਦੀ ਹਦੂਦ ਅੰਦਰ ਬਣੇ ਬੂਥਾਂ 32, 33, 34, 35, 36 ’ਤੇ ਕਥਿਤ ਫਰਜ਼ੀ ਵੋਟਾਂ ਦਾ ਭੁਗਤਾਨ ਹੋਇਆ ਹੈ ਤੇ ਇਨ੍ਹਾਂ ਬੂਥਾਂ ਦੀ ਦੁਬਾਰਾ ਪੋਲਿੰਗ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬਾਹਰ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਬੂਥ ਨੰਬਰ 32, 33, 34, 35, 36, ਡੇਰਾ ਬਾਬਾ ਜੈਮਲ ਸਿੰਘ ਪੁਰਾਣੀ ਅਬਾਦੀ, ਬਲ ਸਰਾਏ ਖ਼ੁਰਦ, ਵੜੈਚ ਵਿਚ ਜਾਂਚ ਲਈ ਕਿਸੇ ਵੀ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚੋਣ ਅਧਿਕਾਰੀਆਂ ਨੇ ਸ਼ਿਕਾਇਤ ਮਿਲਣ ਮਗਰੋਂ ਡੀਐੱਸਪੀ ਬਾਬਾ ਬਕਾਲਾ ਨੂੰ ਜਾਂਚ ਕਰਨ ਲਈ ਕਿਹਾ ਹੈ ਪਰ ਉਹ ਸਬੰਧਤ ਸਥਾਨ ਦਾ ਪੈਰੋਕਾਰ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿਜਾਬ ਵਿਵਾਦ: ਬੰਗਲੂਰੂ ਕਾਲਜ ਵੱਲੋਂ ਸਿੱਖ ਵਿਦਿਆਰਥਣ ਨੂੰ ਦਸਤਾਰ ਉਤਾਰਨ ਦੀ ਹਦਾਇਤ
Next articleਦਸਤਾਰਧਾਰੀ ਲੜਕੀ ਨੂੰ ਕਾਲਜ ਵੱਲੋਂ ਰੋਕੇ ਜਾਣ ਤੋਂ ਸਿੱਖ ਜਥੇਬੰਦੀਆਂ ਖ਼ਫ਼ਾ