(ਸਮਾਜ ਵੀਕਲੀ)- ਕੀ ਹੋ ਰਿਹਾ ਮੇਰੇ ਦੇਸ਼ ਨੂੰ।ਬੱਚੇ ਪਟੀਸ਼ਨ ਪਾਉਂਦੇ ਨੇ ਸੁਪਰੀਮ ਕੋਰਟ ਵਿਚ ਕਿ ਪੇਪਰ ਨਹੀਂ ਹੋਣੇ ਚਾਹੀਦੇ ਆਫਲਾਈਨ।ਪੜ੍ਹਾਈ ਆਨਲਾਈਨ ਹੋਈ ਹੈ ਤਾਂ ਪੇਪਰ ਵੀ ਆਨਲਾਈਨ ਹੋਣੇ ਚਾਹੀਦੇ।ਜੇਕਰ ਵਿਦਿਆਰਥੀ ਪੁੰਗਰਦੀ ਪੀੜ੍ਹੀ ਇਹ ਸੋਚਦੀ ਹੈ ਤਾਂ ਕੀ ਹਾਲ ਹੋਵੇਗਾ ਸਾਡੇ ਭਵਿੱਖ ਦਾ।ਇਨ੍ਹਾਂ ਨੇ ਕੰਮ ਤੋਂ ਟਲਣ ਦੀ ਆਦਤ ਹੁਣੇ ਹੀ ਪਾ ਲਈ।ਕਿਵੇਂ ਸੰਭਾਲਣਗੇ ਦੇਸ਼ ਦਾ ਭਾਰ।ਦੇਸ਼ ਕੇਵਲ ਸਰਕਾਰ ਨਹੀਂ ਚਲਾਉਂਦੀ।ਦੇਸ਼ ਜਨਤਾ ਚਲਾਉਂਦੀ ਹੈ।ਰੋਜ਼ ਦੇ ਕੰਮਾਂ ਕਾਰਾਂ ਨਾਲ ਦੇਸ਼ ਚੱਲਦਾ ਹੈ।ਹਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਦੇਸ਼ ਦੇ ਵਿਕਾਸ ਵਿੱਚ ਹਿੱਸਾ ਪਾਉਂਦਾ ਹੈ।ਇਹ ਮਨੁੱਖਤਾ ਦਾ ਵਿਕਾਸ ਹੈ।ਪਤਾ ਨਹੀਂ ਨਵੀਂ ਪੀੜ੍ਹੀ ਕਿੱਧਰ ਨੂੰ ਜਾ ਰਹੀ ਹੈ।ਕੋਈ ਕਿਸੇ ਨਾਲ ਬੋਲਦਾ ਨਹੀਂ।
ਬਾਹਰ ਨਿਕਲ ਕੇ ਦੇਖੋ ਹਰ ਕੋਈ ਆਪਣਾ ਮੋਬਾਇਲ ਕੰਨ ਨੂੰ ਲਈ ਖੜ੍ਹਾ ਹੈ।ਆਹਮੋ ਸਾਹਮਣੇ ਗੱਲ ਨਹੀਂ ਕਰਦੇ ਵ੍ਹੱਟਸਐਪ ਚੈਟ ਕਰਨਗੇ।ਫੇਸਬੁੱਕ ਤੇ ਪੰਜ ਹਜਾਰ ਦੋਸਤ ਸਾਥ ਕਿਸੇ ਇਕ ਦਾ ਵੀ ਨਹੀਂ।ਪੁਰਾਣੀ ਪੀੜ੍ਹੀ ਨੂੰ ਸੁਚੇਤ ਹੋਣ ਦੀ ਲੋੜ ਹੈ।ਜੇ ਅੱਜ ਇਨ੍ਹਾਂ ਬੱਚਿਆਂ ਨੂੰ ਸਹੀ ਰਾਹ ਨਾ ਪਾਇਆ ਉਨ੍ਹਾਂ ਅੱਗੇ ਬਹੁਤ ਮੁਸ਼ਕਿਲ ਹੋਵੇਗੀ।ਤੁਸੀਂ ਕਹੋਗੇ ਕਿ ਬੱਚੇ ਗੱਲ ਹੀ ਨਹੀਂ ਮੰਨਦੇ।ਪਰ ਆਪਾਂ ਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।ਇਸ ਸਮੱਸਿਆ ਦਾ ਸਭ ਤੋਂ ਵੱਡਾ ਹਾਲ ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਹੈ।ਸੁਣੀ ਸੁਣਾਈ ਗੱਲ ਨਾਲ ਉੱਭਰੀ ਹੋਈ ਗੱਲ ਸਹਿਣ ਤੇ ਜ਼ਿਆਦਾ ਅਸਰ ਕਰਦੀ ਹੈ।ਜਦੋਂ ਅਸੀਂ ਕੋਈ ਕਿਤਾਬ ਪੜ੍ਹਦੇ ਹਾਂ ਤਾਂ ਉਹ ਟੁੰਗ ਕੇ ਸਾਡੇ ਮਨ ਵਿਚ ਉਤਰ ਜਾਂਦੀ ਹੈ।ਅਵਚੇਤਨ ਮਨ ਦੇ ਵਿੱਚ ਉੱਤਰੀ ਹੋਈ ਗੱਲ ਜ਼ਿੰਦਗੀ ਦੀ ਦਸ਼ਾ ਤੇ ਦਿਸ਼ਾ ਬਦਲਦੀ ਹੈ।
ਸਾਡੇ ਸੈਮੀਨਾਰ ਰੰਗ ਅਤੇ ਬੇਬੀ ਨਾਰਾਂ ਦਾ ਕੋਈ ਅਸਰ ਨਹੀਂ ਜਦ ਤਕ ਅਸੀਂ ਬੱਚਿਆਂ ਨੂੰ ਸਾਹਿਤ ਨਾਲ ਨਹੀਂ ਜੋੜਦੇ।ਅਧਿਆਪਕ ਕਿਸੇ ਇੱਕ ਦਿਨ ਬੱਚਿਆਂ ਨੂੰ ਕੁਝ ਲਿਖਣ ਲਈ ਦੇਣ।ਕੋਈ ਅਜਿਹੀ ਘਟਨਾ ਜੋ ਬੱਚੇ ਨਾਲ ਵਾਪਰੀ ਹੋਵੇ।ਕੋਈ ਅਜਿਹੀ ਗੱਲ ਚ ਉਸ ਨੂੰ ਚੰਗੀ ਲੱਗਦੀ ਹੋਵੇ।ਬੱਚੇ ਦਾ ਸਿਰਜਣਾ ਵੱਲ ਨੂੰ ਆਉਣਾ ਸੌਖਾ ਨਹੀਂ ਹੁੰਦਾ।ਚੇਟਕ ਲਾਉਣੀ ਪੈਂਦੀ ਹੈ।ਆਪਣੇ ਬੱਚੇ ਵੱਲ ਧਿਆਨ ਦਿਉ ਉਸ ਦੀਆਂ ਗੱਲਾਂ ਸੁਣੋ।ਅਕਸਰ ਮਾਂ ਬਾਪ ਤੇ ਕੋ ਛੋਟੇ ਬੱਚੇ ਦੀ ਗੱਲ ਸੁਣਨ ਦਾ ਸਮਾਂ ਹੀ ਨਹੀਂ।ਜਦੋਂ ਬੱਚਾ ਕੋਈ ਗੱਲ ਕਰਦਾ ਹੈ ਤਾਂ ਅਸੀਂ ਜਾਂ ਤਾਂ ਉਸ ਨੂੰ ਚੁੱਪ ਕਰਾ ਦਿੰਦੇ ਹਾਂ ਜੇ ਟੀਵੀ ਲਾ ਦਿੰਦੇ ਹਾਂ।ਬਸ ਇਸੇ ਤਰੀਕੇ ਨਾਲ ਹੀ ਬੱਚੇ ਦੀ ਮਾਨਸਿਕਤਾ ਦੇ ਵਿਚ ਇਹ ਉਤਰ ਜਾਂਦਾ ਹੈ ਗਹਿਰੀ ਕਿਤੇ ਉਸ ਨੇ ਆਪਣਾ ਮਨ ਲਾਉਣ ਲਈ ਟੀਵੀ ਦੇਖਣਾ ਹੈ ਜਾਂ ਮੋਬਾਇਲ ਚਲਾਉਣਾ ਹੈ।ਬੱਚਿਆਂ ਦੀਆਂ ਬੇਤੁਕੀਆਂ ਗੱਲਾਂ ਵੀ ਸੁਣੋ।ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਹੁੰਗਾਰਾ ਭਰੋ।ਇਸ ਤਰ੍ਹਾਂ ਬੱਚੇ ਵਿੱਚ ਸਿਰਜਣਾਤਮਕਤਾ ਦਾ ਵਿਕਾਸ ਹੋਵੇਗਾ।ਬੱਚੇ ਅਕਸਰ ਕਹਾਣੀਆਂ ਬਣਾ ਬਣਾ ਕੇ ਸੁਣਾਉਂਦੇ ਹਨ।ਯਾਦ ਕਰੋ ਸਾਨੂੰ ਬਚਪਨ ਵਿੱਚ ਕਿੰਨੀਆਂ ਕਹਾਣੀਆਂ ਸੁਣਾਈਆਂ ਗਈਆਂ ਹਨ ਸਾਡੀਆਂ ਦਾਦੀਆਂ ਨਾਨੀਆਂ ਵੱਲੋਂ।ਹੁਣ ਬੱਚੇ ਨਾਲ ਕੋਈ ਗੱਲ ਹੀ ਨਹੀਂ ਕਰਦਾ।ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਬੱਚਾ ਜਦੋਂ ਵੀ ਬੋਲਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ।ਇਹ ਵਰਤਾਰਾ ਸਕੂਲਾਂ ਵਿਚ ਵੀ ਹੈ ਤੇ ਘਰਾਂ ਵਿੱਚ ਵੀ।ਸਕੂਲਾਂ ਵਿਚ ਤਾਂ ਜਿਵੇਂ ਚੁੱਪ ਕਰਾਉਣ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ।ਤੁਹਾਡੀ ਜਮਾਤ ਵਿੱਚ ਜੇਕਰ ਪੰਜਾਹ ਬੱਚੇ ਹਨ ਜਦੋਂ ਉਨ੍ਹਾਂ ਦਾ ਆਪਸ ਵਿੱਚ ਬੋਲਣਾ ਆਮ ਜਿਹੀ ਗੱਲ ਹੈ।ਪਿੰਨ ਡ੍ਰੋਪ ਸਾਈਲੈਂਸ ਸੰਭਵ ਹੀ ਨਹੀਂ।
ਪਰ ਅਧਿਆਪਕ ਬੱਚਿਆਂ ਨੂੰ ਸਿਰਫ ਚੁੱਪ ਹੀ ਕਰਵਾਉਂਦਾ ਰਹਿੰਦਾ ਹੈ।ਚੈਕਿੰਗ ਕਰਨ ਵਾਲੇ ਅਧਿਕਾਰੀ ਵੀ ਜਮਾਤ ਵਿੱਚ ਰੌਲਾ ਬਰਦਾਸ਼ਤ ਨਹੀਂ ਕਰਦੇ।ਇੱਥੇ ਹੀ ਅਸੀਂ ਬੱਚਿਆਂ ਦੀ ਸਿਰਜਣਾਤਮਕਤਾ ਤੇ ਸਮਾਜਿਕਤਾ ਖ਼ਤਮ ਕਰ ਰਹੇ ਹਾਂ।ਬੱਚਿਆਂ ਨੂੰ ਛੋਟੀਆਂ ਛੋਟੀਆਂ ਗੱਲਾਂ ਕਰਨ ਤੋਂ ਨਾ ਰੋਕੋ।ਜੇਕਰ ਨਵੀਂ ਪੀੜ੍ਹੀ ਨੂੰ ਕਿਸੇ ਦਿਸ਼ਾ ਵੱਲ ਲਿਜਾਣਾ ਚਾਹੁੰਦੇ ਹੋ ਤਾਂ ਸਿਰਜਣਾਤਮਕਤਾ ਦਾ ਵਿਕਾਸ ਕਰੋ।ਜਦੋਂ ਉਨ੍ਹਾਂ ਦੀ ਗੱਲ ਸੁਣੋਗੇ ਤਾਂ ਉਹ ਤੁਹਾਡੇ ਸੁਝਾਅ ਵੀ ਜ਼ਰੂਰ ਸੁਣਨਗੇ।ਕੋਸ਼ਿਸ਼ ਕਰੋ ਉਨ੍ਹਾਂ ਦੇ ਦੋਸਤ ਬਣ ਕੇ ਉਨ੍ਹਾਂ ਨਾਲ ਗੱਲਾਂ ਕਰੋ।ਬੱਚੇ ਤੇ ਲਾਇਆ ਪੈਸਾ ਨਹੀਂ ,ਉਸ ਨੂੰ ਦਿੱਤਾ ਸਮਾਂ ਉਸ ਦੀ ਸ਼ਖ਼ਸੀਅਤ ਦਾ ਵਿਕਾਸ ਕਰੇਗਾ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly