ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਚੋਣਾਂ ਵਿੱਚ ਪਈਆਂ ਵੋਟਾਂ ਦੇ ਸਿਆਸੀ ਗਣਿਤ ਨੂੰ ਲੈ ਕੇ ਆਪਣੇ ਵਜ਼ੀਰਾਂ ਅਤੇ ਸੀਨੀਅਰ ਆਗੂਆਂ ਨਾਲ ਗੈਰਰਸਮੀ ਸਲਾਹ ਮਸ਼ਵਰਾ ਕੀਤਾ ਹੈ। ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਗਿਣਤੀ-ਮਿਣਤੀ ਕੀਤੀ ਗਈ ਅਤੇ ਵੱਖੋ-ਵੱਖ ਹਲਕਿਆਂ ਵਿਚ ਪਈਆਂ ਵੋਟਾਂ ਦੀ ਦਰ ਨੂੰ ਲੈ ਕੇ ਵੱਖਰੇ ਨਜ਼ਰੀਏ ਤੋਂ ਕਾਂਗਰਸ ਦੀ ਸਥਿਤੀ ਨੂੰ ਵਾਚਿਆ ਗਿਆ। ਇਸੇ ਦੌਰਾਨ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਈਆਂ ਵੋਟਾਂ ਨੂੰ ਲੈ ਕੇ ਸਲਾਹ ਮਸ਼ਵਰਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ 10 ਮਾਰਚ ਨੂੰ ਚਰਨਜੀਤ ਚੰਨੀ ਦੀ ਅਗਵਾਈ ਵਿਚ ਸਰਕਾਰ ਬਣਾਏਗੀ। ਮੀਟਿੰਗ ਵਿਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਪਰਗਟ ਸਿੰਘ ਤੇ ਸੁਖਬਿੰਦਰ ਸਿੰਘ ਸਰਕਾਰੀਆ ਤੋਂ ਇਲਾਵਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਸ਼ਾਮਲ ਸਨ। ਇਸੇ ਦੌਰਾਨ ਕਾਂਗਰਸ ਹੁਣ ਅਦਾਕਾਰ ਦੀਪ ਸਿੱਧੂ ਦੀ ਮੌਤ ਮਗਰੋਂ ਬਣੀ ਹਮਦਰਦੀ ਲਹਿਰ ਨੂੰ ਕਾਂਗਰਸ ਦੇ ਪੱਖ ਵਿਚ ਦੱਸ ਰਹੀ ਹੈ। ਪਾਰਟੀ ਆਗੂ ਆਖਦੇ ਹਨ ਕਿ ਇਸ ਹਮਦਰਦੀ ਲਹਿਰ ਨੇ ‘ਆਪ’ ਦੇ ਵੋਟ ਬੈਂਕ ਨੂੰ ਖੋਰਾ ਲਾਇਆ ਹੈ।
ਇਸ ਦੌਰਾਨ ਕਾਂਗਰਸ ਪਾਰਟੀ ਦੀ ਅੰਦਰੂਨੀ ਫੁੱਟ ਮੁੜ ਉੱਭਰਨ ਦੇ ਆਸਾਰ ਬਣ ਗਏ ਹਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਡੀਜੀਪੀ ਨੂੰ ਨਸ਼ਿਆਂ ਦੇ ਮੁੱਦੇ ’ਤੇ ਚਿੱਠੀ ਲਿਖ ਕੇ ਅੰਮ੍ਰਿਤਸਰ ਵਿਚ ਨਸ਼ਿਆਂ ਦੇ ਪਸਾਰੇ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਗਰ ਇਹ ਨਾ ਰੁਕੇ ਤਾਂ ਉਹ ਧਰਨਾ ਦੇਣਗੇ। ਅਜੇ ਲੰਘੇ ਕੱਲ੍ਹ ਹੀ ਔਜਲਾ ਨੇ ਨਵਜੋਤ ਸਿੱਧੂ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਦੀ ਬੋਲਬਾਣੀ ’ਤੇ ਸਵਾਲ ਉਠਾਏ ਸਨ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦਾ ਭਰਾ ਪਹਿਲਾਂ ਹੀ ਚੋਣਾਂ ਮੌਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਚੁੱਕਾ ਹੈ ਅਤੇ ਹੁਣ ਚੋਣ ਨਤੀਜਿਆਂ ਮਗਰੋਂ ਡਿੰਪਾ ਵੀ ਨਵਾਂ ਸਿਆਸੀ ਰੰਗ ਦਿਖਾ ਸਕਦੇ ਹਨ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਸੁਰਿੰਦਰ ਡੱਲਾ ਨੇ ਵੀ ਅੱਜ ਕਿਹਾ ਕਿ ਰਾਜ ਦੇ ਮੰਤਰੀ ਤੇ ਸੰਸਦ ਮੈਂਬਰ ਨਵਜੋਤ ਸਿੱਧੂ ਨੂੰ ਹਰਾਉਣ ਵਿਚ ਲੱਗੇ ਹੋਏ ਸਨ। ਉਨ੍ਹਾਂ ਕਾਂਗਰਸ ਪਾਰਟੀ ਵਿਚ ਵਧ ਰਹੀ ਅਨੁਸ਼ਾਸਨਹੀਣਤਾ ’ਤੇ ਵੀ ਸੁਆਲ ਚੁੱਕੇ ਹਨ।
ਜਾਖੜ ਵੱਲੋਂ ਪ੍ਰਿਯੰਕਾ ਦੀ ਸੋਚ ’ਤੇ ਪਹਿਰਾ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਸੋਚ ‘ਲੜਕੀ ਹੂੰ, ਲੜ ਸ਼ਕਤੀ ਹੂੰ’ ਨੂੰ ਅਮਲੀ ਰੂਪ ਦਿੱਤਾ ਹੈ। ਜਾਖੜ ਨੇ ਅੱਜ ਟਵੀਟ ਕਰਕੇ ਦੱਸਿਆ ਹੈ ਕਿ ਹਲਕਾ ਅਬੋਹਰ ਵਿਚ ਐਤਕੀਂ ਪੋਲਿੰਗ ਏਜੰਟੀ ਵੀ ਮਹਿਲਾਵਾਂ ਦੇ ਹਵਾਲੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਰੀਬ 4 ਲੱਖ ਪੋਲਿੰਗ ਏਜੰਟ ਲੱਗੇ ਸਨ, ਪ੍ਰੰਤੂ ਉਨ੍ਹਾਂ ਨੇ ਮਹਿਲਾਵਾਂ ਨੂੰ ਪੋਲਿੰਗ ਏਜੰਟ ਬਣਾ ਕੇ ਪਹਿਲ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly