ਨ੍ਹੇਰ ਪੈ ਜਾਂਦਾ

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

 ਆ ਗਈ ਧੀਏ! ਬਹੁਤ ਚੰਗਾ ਹੋਇਆ। ਮੈਂ ਤਾਂ ਕਹਿੰਦੀ ਹਾਂ ਪੁੱਤਰ ਤੂੰ ਛੇਤੀ ਹੀ ਆ ਜਾਇਆ ਕਰ। ਬੇਸ਼ੱਕ ਜਾਇਆ ਹੀ ਨਾ ਕਰ ਕਿਤੇ। ਚਰਨ ਕੌਰ ਨੇ ਨੂੰਹ ਦੇ ਵਿਹੜੇ ਵੜਦਿਆਂ ਹੀ ਕਿਹਾ। ਨੂੰਹ ਜੋ ਸੱਸ ਦੇ ਪੈਰੀਂ ਹੱਥ ਲਗਾਉਣ ਲਈ ਝੁੱਕੀ ਸੀ, ਨੂੰ ਬਹੁਤ ਗੁੱਸਾ ਚੜ੍ਹਿਆ ਤੇ ਉਹ ਬਿਨਾਂ ਪੈਰੀਂ ਹੱਥ ਲਗਾਇਆ ਹੀ ਭਰੀ-ਪੀਤੀ ਅੰਦਰ ਜਾ ਵੜੀ। ਅੰਦਰ ਬੈਗ ਸੁੱਟ ਕੇ ਬਿਨਾਂ ਘਰਵਾਲ਼ੇ ਨੂੰ ਬੁਲਾਇਆ ਹੀ ਚੁੱਪਚਾਪ ਬੈਠ ਗਈ।
ਕੀ ਹੋਇਆ ਸੋਨੀਆ? ਮੈਨੂੰ ਬੁਲਾਇਆ ਵੀ ਨਹੀਂ ਆ ਕੇ। ਐਡੀ ਕਿਹੜੀ ਨਾਰਾਜ਼ਗੀ ਹੋ ਗਈ ਆਉਂਦਿਆਂ ਹੀ? ਪਤੀ ਸੁਹੇਲ ਨੇ ਹੈਰਾਨੀ ਨਾਲ ਪੁੱਛਿਆ। ਮੈਨੂੰ ਕੀ ਪੁੱਛਦੇ ਹੋ? ਆਪਣੀ ਮਾਂ ਨੂੰ ਪੁੱਛੋ ਜਾ ਕੇ। ਸੋਨੀਆ ਨੇ ਤਲਖ਼ੀ ਨਾਲ਼ ਜਵਾਬ ਦਿੱਤਾ ਅਤੇ ਮੂੰਹ ਫੇਰ ਲਿਆ।
ਮਾਂ ਨੂੰ? ਪਰ ਮਾਂ ਨੇ ਕੀ ਕਹਿ ਦਿੱਤਾ? ਮਾਂ ਤਾਂ ਬੱਚਿਆਂ ਵਾਂਗਰ ਓਦਰੀ ਹੋਈ ਸੀ ਤੈਨੂੰ। ਅਖੇ ਛੇਤੀ ਜਾ ਕੇ ਲੈ ਆ ਬਹੂ ਨੂੰ। ਤੇ ਨਾਲ਼ੇ ਅੱਜ ਤੂੰ ਬੋਲ ਕਿਵੇਂ ਰਹੀ ਹੈਂ? ਪਹਿਲਾਂ ਤਾਂ ਕਦੇ ਇੰਝ ਗੱਲ ਨਹੀਂ ਕੀਤੀ ਬੇਬੇ ਬਾਰੇ।ਸੁਹੇਲ ਦੀ ਹੈਰਾਨੀ ਬਹੁਤ ਵੱਧ ਗਈ ਸੀ।
ਆਹੋ! ਇੰਝ ਹੀ ਬੋਲਣਾ ਮੈਂ ਤਾਂ। ਮੈਂ ਕੋਈ ਕੈਦੀ ਤਾਂ ਨਹੀਂ ਤੁਹਾਡੀ! ਚਾਰ ਦਿਨ ਮਰਜ਼ੀ ਨਾਲ ਪੇਕੀਂ ਵੀ ਨਹੀਂ ਰਹਿ ਸਕਦੀ ਹੁਣ ਮੈਂ? ਇੱਥੇ ਹੀ ਬੰਦ ਹੋ ਕੇ ਰਹਿ ਜਾਵਾਂ ਬੱਸ। ਸੋਨੀਆ ਹੋਰ ਭੜਕ ਕੇ ਬੋਲੀ।
ਸੋਨੀਆ ਦੀ ਉੱਚੀ ਅਵਾਜ਼ ਸੁਣ ਕੇ ਚਰਨ ਕੌਰ ਵੀ ਅੰਦਰ ਆ ਗਈ ਤੇ ਕਹਿਣ ਲੱਗੀ, ਨਾ ਧੀਏ! ਇਹ ਗੱਲ ਨਹੀਂ। ਤੂੰ ਮੇਰੀ ਪੂਰੀ ਗੱਲ ਸੁਣੇ ਬਿਨਾਂ ਹੀ ਅੰਦਰ ਆ ਗਈ ਸੀ। ਮੈਂ ਤਾਂ ਇਹ ਕਹਿ ਰਹੀ ਸੀ ਕਿ ਜਦ ਤੂੰ ਪੇਕੇ ਚਲੀ ਜਾਂਦੀ ਹੈਂ ਤਾਂ ਏਸ ਘਰ ਵਿੱਚ ਨ੍ਹੇਰ(ਹਨੇਰ) ਪੈ ਜਾਂਦਾ ਹੈ। ਤੂੰ ਤਾਂ ਸਾਡੇ ਘਰ ਦੀ ਰੌਣਕ ਹੈਂ। ਤੇਰੀ ਮਾਂ ਦੇ ਘਰ ਤਾਂ ਦੋ ਨੂੰਹਾਂ ਹੈਗੀਆਂ ਪੁੱਤ, ਪਰ ਮੇਰੇ ਕੋਲ਼ ਤਾਂ ਇੱਕੋ-ਇੱਕ ਹੈਂ ਤੂੰ, ਮੇਰੀ ਲਾਡੋ। ਏਸੇ ਲਈ ਕਹਿ ਹੋ ਗਿਆ ਪੁੱਤ ਕਿ ਛੇਤੀ ਆ ਜਾਇਆ ਕਰ। ਸਾਡਾ ਤੇਰੇ ਬਿਨਾਂ ਦਿਲ ਹੀ ਨਹੀਂ ਲੱਗਦਾ। ਫ਼ੇਰ ਵੀ ਜੇ ਤੈਨੂੰ ਮੇਰੀ ਗੱਲ ਦਾ ਬੁਰਾ ਲਗਿਆ ਤਾਂ ਮਾਫ਼ ਕਰੀਂ। ਚਰਨ ਕੌਰ ਨੇ ਦੋਵੇਂ ਹੱਥ ਜੋੜਦਿਆਂ ਕਿਹਾ।
ਨਹੀਂ, ਨਹੀਂ, ਬੇਬੇ ਜੀ, ਮਾਫ਼ ਤਾਂ ਤੁਸੀਂ ਮੈਨੂੰ ਕਰ ਦਿਓ। ਤੁਹਾਡੀ ਅੱਧੀ-ਅਧੂਰੀ ਗੱਲ ਸੁਣ ਮੈਂ ਪਤਾ ਨਹੀਂ ਕੀ ਦਾ ਕੀ ਸੋਚ ਬੈਠੀ। ਤੇ ਨਾਲ਼ੇ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਪੇਕੀਂ ਰਹਿੰਦੀਆਂ ਕੁੱਝ ਸਹੇਲੀਆਂ ਦੀਆਂ ਗੱਲਾਂ ਨੂੰ ਕੁੱਝ ਜ਼ਿਆਦਾ ਹੀ ਦਿਲ ਤੇ ਲਾ ਬੈਠੀ ਸ਼ਾਇਦ। ਤੇ ਓਸੇ ਅਸਰ ਵਿੱਚ ਤੁਹਾਡੀ ਗੱਲ ਦਾ ਮੱਤਲਬ ਗਲਤ ਕੱਢ ਲਿਆ ਮੈਂ। ਮੈਨੂੰ ਮਾਫ਼ ਕਰ ਦਿਓ। ਚਰਨ ਕੌਰ ਦੀ ਗੱਲ ਸੁਣ ਕੇ ਸੋਨੀਆ ਸ਼ਰਮਿੰਦੀ ਜਿਹੀ ਹੋ ਕੇ ਬੋਲੀ ਤੇ ਉੱਠ ਕੇ ਪੈਰੀਂ ਹੱਥ ਲਗਾਉਣ ਲੱਗੀ।
ਕੋਈ ਗੱਲ ਨਹੀਂ ਧੀਏ, ਮੈਂ ਵੀ ਤੱਤ-ਪੜ੍ਹਤੇ ਜਿਹੇ ਹੀ ਬੋਲ ਗਈ ਸਾਂ ਤੈਨੂੰ ਬਾਹਰੋਂ ਆਉਂਦੀ ਨੂੰ। ਕਹਿੰਦਿਆਂ ਹੋਇਆਂ ਚਰਨ ਕੌਰ ਨੇ ਸੋਨੀਆ ਨੂੰ ਗਲ਼ੇ ਲਗਾ ਲਿਆ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ।

ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNaga Peace pact must be win-win deal, will respect rule of law: NNPG Chief Kitovi
Next articleਕੋਰੋਨਾ