ਸਲਾਮਤੀ ਕੌਂਸਲ ’ਚ ਰੂਸੀ ਕਾਰਵਾਈ ਦਾ ਵਿਰੋਧ, ਰੂਸ ਵੱਲੋਂ ਆਪਣਾ ਬਚਾਅ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ):  ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਤੋਂ ਕੋਈ ਹਮਾਇਤ ਨਹੀਂ ਮਿਲੀ ਹੈ। ਰੂਸ ਦੇ ਕਦਮ ਤੋਂ ਬਾਅਦ ਸਲਾਮਤੀ ਕੌਂਸਲ ਨੇ ਸੋਮਵਾਰ ਦੇਰ ਰਾਤ ਹੰਗਾਮੀ ਮੀਟਿੰਗ ਕੀਤੀ ਸੀ। ਜ਼ਿਆਦਾਤਰ ਮੁਲਕਾਂ ਨੇ ਕਿਹਾ ਕਿ ਰੂਸ ਨੇ ਯੂਕਰੇਨ ਦੀ ਖੇਤਰੀ ਅਖੰਡਤਾ ਦਾ ਉਲੰਘਣ ਕੀਤਾ ਹੈ। ਰੂਸ ਦੇ ਨੇੜਲੇ ਸਾਥੀ ਚੀਨ ਨੇ ਵੀ ਬੇਨਤੀ ਕੀਤੀ ਹੈ ਕਿ ਮਸਲੇ ਦਾ ਹੱਲ ਕੂਟਨੀਤੀ ਤੇ ਸ਼ਾਂਤੀਪੂਰਨ ਢੰਗ ਨਾਲ ਕੱਢਿਆ ਜਾਵੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਵੀ ਰੂਸ ਦੇ ਕਦਮ ਉਤੇ ਫ਼ਿਕਰ ਜ਼ਾਹਿਰ ਕੀਤਾ। ਜ਼ਿਕਰਯੋਗ ਹੈ ਕਿ ਸਲਾਮਤੀ ਕੌਂਸਲ ਦੀ ਪ੍ਰਧਾਨਗੀ ਇਸ ਵੇਲੇ ਰੂਸ ਕੋਲ ਹੀ ਹੈ।

ਅਮਰੀਕਾ ਦੀ ਰਾਜਦੂਤ ਨੇ ਇਸ ਮੌਕੇ ਕਿਹਾ ਕਿ ਪੂਤਿਨ ਇਹ ਪਰਖ਼ ਰਹੇ ਹਨ ਕਿ ਉਹ ‘ਕਿੰਨੀ ਦੂਰ ਤੱਕ ਜਾ ਸਕਦੇ ਹਨ’, ਤੇ ਸਾਰੇ ਮੁਲਕਾਂ ਨੂੰ ਯੂਕਰੇਨ ਦੀ ਆਜ਼ਾਦੀ ਤੇ ਖ਼ੁਦਮੁਖਤਿਆਰੀ ਲਈ ਖੜ੍ਹਨਾ ਚਾਹੀਦਾ ਹੈ। ਫਰਾਂਸੀਸੀ ਰਾਜਦੂਤ ਨੇ ਕਿਹਾ ਕਿ ਰੂਸ ਚੁਣੌਤੀ ਤੇ ਟਕਰਾਅ ਦਾ ਰਾਹ ਚੁਣ ਰਿਹਾ ਹੈ। ਕਈ ਮੁਲਕਾਂ ਨੇ ਕਿਹਾ ਕਿ ਰੂਸ ਨੂੰ ਆਪਣੀ ਕਹਿਣੀ ਤੇ ਕਰਨੀ ਉਤੇ ਖ਼ਰਾ ਉਤਰਨਾ ਚਾਹੀਦਾ ਹੈ ਤੇ ਸੰਵਾਦ ਦਾ ਰਾਹ ਚੁਣਨਾ ਚਾਹੀਦਾ ਹੈ। ਬਰਤਾਨੀਆ ਨੇ ਕੌਂਸਲ ਨੂੰ ਬੇਨਤੀ ਕੀਤੀ ਕਿ ਉਹ ਰੂਸ ਨੂੰ ਰੋਕੇ। ਉਹ ਟੈਂਕ ਲੈ ਕੇ ਡੋਨੇਤਸਕ ਤੇ ਲੁਹਾਂਸਕ ਵਿਚ ਵੜ ਰਹੇ ਹਨ। ਉਨ੍ਹਾਂ ਕਿਹਾ ਕਿ ਪੂਤਿਨ ਦੇ ਫ਼ੈਸਲੇ ਦੇ ਬਾਵਜੂਦ ਕੌਮਾਂਤਰੀ ਪੱਧਰ ਉਤੇ ਯੂਕਰੇਨ ਦੀਆਂ ਸਰਹੱਦਾਂ ਉਹੀ ਰਹਿਣਗੀਆਂ ਜੋ ਪਹਿਲਾਂ ਸਨ।

ਰੂਸ ਦੇ ਦੂਤ ਨੇ ਮੀਟਿੰਗ ਵਿਚ ਦੋਸ਼ ਲਾਇਆ ਕਿ ਅਮਰੀਕਾ ਤੇ ਇਸ ਦੇ ਸਾਥੀ ਯੂਕਰੇਨ ਨੂੰ ਉਕਸਾ ਰਹੇ ਹਨ ਤੇ ਉਹ ਡੋਨੇਤਸਕ ਤੇ ਲੁਹਾਂਸਕ ਸਣੇ ਕਈ ਰੂਸੀ ਖੇਤਰਾਂ ਵੱਲ ਗੋਲੀਬਾਰੀ ਕਰ ਰਿਹਾ ਹੈ। ਵੱਖਵਾਦੀ ਆਗੂਆਂ ਨੇ ਕਿਹਾ ਹੈ ਕਿ ਯੂਕਰੇਨੀ ਗੋਲੀਬਾਰੀ ਵਿਚ ਚਾਰ ਨਾਗਰਿਕ ਮਾਰੇ ਗਏ ਹਨ। ਰੂਸ ਨੇ ਮੀਟਿੰਗ ਵਿਚ ਦੁਹਰਾਇਆ ਕਿ ਉਹ ਮਸਲੇ ਦਾ ਹੱਲ ਕੂਟਨੀਤੀ ਰਾਹੀਂ ਚਾਹੁੰਦੇ ਹਨ ਪਰ ਵੱਖਵਾਦੀ ਖੇਤਰਾਂ ਵਿਚ ਹਿੰਸਾ ਪ੍ਰਵਾਨ ਨਹੀਂ ਹੈ। ਰੂਸ ਨੇ ਪੱਛਮੀ ਮੁਲਕਾਂ ਨੂੰ ਕਿਹਾ ਕਿ ਉਹ ਯੂਕਰੇਨ ਨੂੰ ਗੋਲੀਬਾਰੀ ਤੋਂ ਰੋਕਣ। ਉਨ੍ਹਾਂ ਪੂਰਬੀ ਯੂਕਰੇਨ (ਰੂਸ ਪੱਖੀ ਵੱਖਵਾਦੀ ਖੇਤਰਾਂ) ਵਿਚ ਫ਼ੌਜ ਭੇਜਣ ਦੇ ਫੈਸਲੇ ਨੂੰ ‘ਸ਼ਾਂਤੀ ਬਹਾਲੀ’ ਲਈ ਚੁੱਕਿਆ ਕਦਮ ਦੱਸਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਨੇ ਨਾਗਰਿਕਾਂ ਨੂੰ ਯੂਕਰੇਨ ’ਚੋਂ ਕੱਢਣ ਦੀ ਕਾਰਵਾਈ ਵਿੱਢੀ
Next articleਯੂਰੋਪੀਅਨ ਯੂਨੀਅਨ ਵੱਲੋਂ ਰੂਸ ’ਤੇ ਪਾਬੰਦੀਆਂ ਦੀ ਯੋਜਨਾ ਦਾ ਐਲਾਨ