ਲੰਡਨ (ਸਮਾਜ ਵੀਕਲੀ): ਰੂਸ ਤੇ ਯੂਕਰੇਨ ਵਿਚਾਲੇ ਬਣਿਆ ਟਕਰਾਅ ਸਿਖ਼ਰਾਂ ਛੂਹ ਗਿਆ ਹੈ। ਯੂਕਰੇਨ ਦੇ ਦੋ ਵੱਖਵਾਦੀ ਵਿਚਾਰਧਾਰਾਵਾਂ ਵਾਲੇ ਇਲਾਕਿਆਂ ਨੂੰ ਵੱਖ ਦੇਸ਼ ਵਜੋਂ ਮਾਨਤਾ ਦੇਣ ਤੋਂ ਬਾਅਦ ਰੂਸ ਨੇ ਉੱਥੇ ਫ਼ੌਜ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤਰ੍ਹਾਂ ਕਰ ਕੇ ਰੂਸ ਨੇ ਯੂਕਰੇਨ ਦੇ ਇਨ੍ਹਾਂ ਬਾਗ਼ੀ ਖੇਤਰਾਂ ਉਤੇ ਆਪਣਾ ਕਬਜ਼ਾ ਸੁਰੱਖਿਅਤ ਕਰਨ ਦੀ ਨੀਂਹ ਰੱਖ ਦਿੱਤੀ ਹੈ। ਇਹ ਖੇਤਰ ਡੋਨੇਤਸਕ ਤੇ ਲੁਹਾਂਸਕ ਹਨ। ਅਮਰੀਕਾ ਨੇ ਰੂਸ ਦੀ ਕਾਰਵਾਈ ਨੂੰ ਹਮਲਾ ਕਰਾਰ ਦਿੱਤਾ ਹੈ। ਰੂਸ ਨੇ ਇਸ ਤੋਂ ਪਹਿਲਾਂ ਫ਼ੌਜ ਦੀ ਤਾਇਨਾਤੀ ਬਾਰੇ ਤੇਜ਼ੀ ਨਾਲ ਦੋ ਬਿੱਲ ਪਾਸ ਕੀਤੇ। ਅਮਰੀਕਾ ਤੇ ਸਾਥੀ ਮੁਲਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਰੂਸ ਨੇ ਪੂਰੀ ਤਰ੍ਹਾਂ ਯੂਕਰੇਨ ਵਿਚ ਘੁਸਪੈਠ ਕੀਤੀ ਤਾਂ ਕਰੜੀਆਂ ਪਾਬੰਦੀਆਂ ਲਾ ਦਿੱਤੀਆਂ ਜਾਣਗੀਆਂ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਰੂਸ ਦੀ ਕਾਰਵਾਈ ਨੂੰ ਯੂਕਰੇਨ ਦੀ ਖ਼ੁਦਮੁਖਤਿਆਰੀ ਤੇ ਖੇਤਰੀ ਅਖੰਡਤਾ ਉਤੇ ਸਪੱਸ਼ਟ ਹਮਲਾ ਕਰਾਰ ਦਿੱਤਾ ਹੈ। ਪਾਸ ਕੀਤੇ ਗਏ ਬਿੱਲਾਂ ਨੂੰ ਕਰੈਮਲਿਨ ਦੇ ਕਹਿਣ ਉਤੇ ਸੰਸਦ ਵੱਲੋਂ ਤੁਰੰਤ ਪਾਸ ਕੀਤਾ ਗਿਆ ਕਿਉਂਕਿ ਇਹ ਜ਼ਿਆਦਾਤਰ ਰਾਸ਼ਟਰਪਤੀ ਦੇ ਕਹਿਣ ਉਤੇ ਹੀ ਚੱਲਦੀ ਹੈ। ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸੋਮਵਾਰ ਪੂਰਬੀ ਯੂਕਰੇਨ ਦੇ ਖੇਤਰਾਂ ਨੂੰ ਆਜ਼ਾਦ ਮੁਲਕਾਂ ਵਜੋਂ ਮਾਨਤਾ ਦੇ ਦਿੱਤੀ ਸੀ। ਅਮਰੀਕਾ ਤੇ ਇਸ ਦੇ ਸਾਥੀ ਮੁਲਕਾਂ ਨੂੰ ਡਰ ਹੈ ਕਿ ਨਵੇਂ ਪਾਸ ਕੀਤੇ ਗਏ ਕਾਨੂੰਨਾਂ ਦਾ ਹਵਾਲਾ ਦੇ ਕੇ ਰੂਸ ਹੁਣ ਯੂਕਰੇਨ ਵਿਚ ਹੋਰ ਅੰਦਰ ਤੱਕ ਜਾ ਸਕਦਾ ਹੈ। ਸੋਮਵਾਰ ਦੇਰ ਰਾਤ ਜਿਵੇਂ ਹੀ ਪੂਤਿਨ ਨੇ ਯੂਕਰੇਨੀ ਇਲਾਕਿਆਂ ਨੂੰ ਵੱਖ ਮੁਲਕਾਂ ਵਜੋਂ ਮਾਨਤਾ ਦਿੱਤੀ, ਹਥਿਆਰਬੰਦ ਵਾਹਨਾਂ ਦੇ ਕਾਫ਼ਲੇ ਵੱਖਵਾਦੀਆਂ ਦੇ ਇਨ੍ਹਾਂ ਖੇਤਰਾਂ ਵਿਚ ਦੌੜਦੇ ਨਜ਼ਰ ਆਏ।
ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਕੀ ਇਹ ਰੂਸੀ ਸਨ। ਪੂਤਿਨ ਨੇ ਵਰਤਮਾਨ ਸੰਕਟ ਲਈ ਅਮਰੀਕਾ ਤੇ ਇਸ ਦੇ ਸਾਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸੇ ਦੌਰਾਨ ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਕਿਹਾ ਹੈ ਕਿ ਮਿੰਸਕ ਸ਼ਾਂਤੀ ਸਮਝੌਤੇ ਦੀ ਹੁਣ ਕੋਈ ਹੋਂਦ ਨਹੀਂ ਹੈ ਤੇ ਭਰਪਾਈ ਲਈ ਕੁਝ ਬਾਕੀ ਨਹੀਂ ਰਿਹਾ। ਉਨ੍ਹਾਂ ਇਸ ਲਈ ਕੀਵ ਨੂੰ ਜ਼ਿੰਮੇਵਾਰ ਠਹਿਰਾਇਆ। ਪੂਤਿਨ ਨੇ ਕਰੀਮੀਆ ਨੂੰ ਵੀ ਰੂਸ ਦੇ ਹਿੱਸੇ ਵਜੋਂ ਮਾਨਤਾ ਦੇਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਯੂਕਰੇਨ ਦੀ ਨਾਟੋ ਵਿਚ ਸ਼ਾਮਲ ਹੋਣ ਦੀ ਇੱਛਾ ਰੂਸ ਦੀ ਹੋਂਦ ਲਈ ਖ਼ਤਰਾ ਹੈ। ਰੂਸ ਪੱਛਮ ਤੋਂ ਗਾਰੰਟੀ ਮੰਗ ਰਿਹਾ ਹੈ ਕਿ ਯੂਕਰੇਨ ਤੇ ਹੋਰ ਸਾਬਕਾ ਸੋਵੀਅਤ ਮੁਲਕਾਂ ਨੂੰ ਨਾਟੋ ਵਿਚ ਸ਼ਾਮਲ ਹੋਣ ਤੋਂ ਰੋਕਿਆ ਜਾਵੇ। ਰੂਸੀ ਅਧਿਕਾਰੀਆਂ ਨੇ ਵੀ ਪੂਰਬੀ ਖੇਤਰਾਂ ਵਿਚ ਫ਼ੌਜ ਭੇਜਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਡੋਨੇਤਸਕ ਵਿਚ ਵੱਖਵਾਦੀ ਕੌਂਸਲ ਦੇ ਮੈਂਬਰ ਨੇ ਦੱਸਿਆ ਕਿ ਉਹ ਪਹਿਲਾਂ ਹੀ ਅੰਦਰ ਵੜ ਚੁੱਕੇ ਹਨ, ਹੁਣ ਖੇਤਰ ਦੇ ਉੱਤਰ ਤੇ ਪੂਰਬ ਵਿਚ ਤਾਇਨਾਤੀ ਹੋ ਰਹੀ ਹੈ।
ਦੱਸਣਯੋਗ ਹੈ ਕਿ ਯੂਕਰੇਨ ਦੇ ਇਨ੍ਹਾਂ ਵੱਖਵਾਦੀ ਖੇਤਰਾਂ ਵਿਚ 8 ਸਾਲਾਂ ਤੋਂ ਗੜਬੜੀ ਬਣੀ ਹੋਈ ਹੈ ਤੇ ਹੁਣ ਤੱਕ 14000 ਲੋਕ ਮਾਰੇ ਜਾ ਚੁੱਕੇ ਹਨ। ਪੂਤਿਨ ਵੱਲੋਂ ਪੂਰਬੀ ਯੂਕਰੇਨ ਦੇ ਇਲਾਕਿਆਂ ਨੂੰ ਵੱਖ ਰਾਜ ਵਜੋਂ ਮਾਨਤਾ ਦੇਣ ਦੀ ਪੂਰੀ ਦੁਨੀਆ ਵਿਚ ਆਲੋਚਨਾ ਹੋ ਰਹੀ ਹੈ। ਯੂਕਰੇਨ ਤੇ ਇਸ ਦੇ ਪੱਛਮੀ ਸਾਥੀ ਲੰਮੇ ਸਮੇਂ ਤੋਂ ਦੋਸ਼ ਲਾ ਰਹੇ ਸਨ ਕਿ ਮਾਸਕੋ ਵੱਖਵਾਦੀਆਂ ਨੂੰ ਹਥਿਆਰ ਤੇ ਫ਼ੌਜੀ ਮਦਦ ਦਿੰਦਾ ਹੈ। ਪੂਤਿਨ ਦੇ ਹਾਲੀਆ ਕਦਮ ਮਗਰੋਂ ਰੂਸ ਨੂੰ ਹੁਣ ਉੱਥੇ ਸੈਨਾ ਤਾਇਨਾਤ ਕਰਨ ਦੀ ਆਜ਼ਾਦੀ ਮਿਲ ਗਈ ਹੈ। ਅੱਜ ਬਿੱਲਾਂ ਦੇ ਖਰੜਿਆਂ ਨੂੰ ਤੇਜ਼ੀ ਨਾਲ ਸੰਸਦ ਵਿਚ ਪਾਸ ਕਰਨ ਦੀ ਕਾਰਵਾਈ ਵਿੱਢੀ ਗਈ ਸੀ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਦੇਰ ਰਾਤ ਦਿੱਤੇ ਭਾਸ਼ਣ ਵਿਚ ਕਿਹਾ, ‘ਅਸੀਂ ਕਿਸੇ ਵਿਅਕਤੀ ਜਾਂ ਚੀਜ਼ ਤੋਂ ਡਰਨ ਵਾਲੇ ਨਹੀਂ ਹਾਂ। ਅਸੀਂ ਕਿਸੇ ਦਾ ਕੁਝ ਨਹੀਂ ਦੇਣਾ ਤੇ ਕਿਸੇ ਨੂੰ ਲੈਣ ਵੀ ਨਹੀਂ ਦਿਆਂਗੇ।’ ਯੂਕਰੇਨੀ ਵਿਦੇਸ਼ ਮੰਤਰੀ ਨੇ ਅੱਜ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਵਾਸ਼ਿੰਗਟਨ ਵਿਚ ਮੁਲਾਕਾਤ ਕੀਤੀ ਹੈ।
ਯੂਕਰੇਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਮਾਸਕੋ ਦਾ ਕਦਮ ‘ਨਵੀਂ ਬਰਲਿਨ ਕੰਧ’ ਬਣਾਉਣ ਵਰਗਾ ਹੈ। ਉਨ੍ਹਾਂ ਪੱਛਮੀ ਮੁਲਕਾਂ ਨੂੰ ਬੇਨਤੀ ਕੀਤੀ ਕਿ ਤੁਰੰਤ ਰੂਸ ਉਤੇ ਪਾਬੰਦੀਆਂ ਲਾਉਣ। ਵਾਈਟ ਹਾਊਸ ਨੇ ਰੂਸ ਦੀ ਕਾਰਵਾਈ ਮਗਰੋਂ ਤੁਰੰਤ ਕਦਮ ਚੁੱਕਦਿਆਂ ਐਗਜ਼ੈਕਟਿਵ ਹੁਕਮ ਪਾਸ ਕਰ ਦਿੱਤਾ ਹੈ। ਅਮਰੀਕਾ ਨੇ ਵੱਖਵਾਦੀ ਖੇਤਰਾਂ ਵਿਚ ਆਪਣਾ ਨਿਵੇਸ਼ ਤੇ ਵਪਾਰ ਰੋਕ ਦਿੱਤਾ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਰੂਸ ਪੂਰੀ ਤਰ੍ਹਾਂ ਯੂਕਰੇਨ ਵਿਚ ਵੜਨ ’ਤੇ ਤੁਲਿਆ ਹੋਇਆ ਹੈ ਤੇ ਕੌਮਾਂਤਰੀ ਕਾਨੂੰਨਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਯੂਰੋਪੀਅਨ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸਫ ਬੋਰੈੱਲ ਨੇ ਕਿਹਾ ਕਿ ਰੂਸੀ ਫ਼ੌਜ ਡੋਨਬਾਸ ਵਿਚ ਵੜ ਗਈ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਚੀਨ ਸਾਰੀਆਂ ਧਿਰਾਂ ਨਾਲ ਰਾਬਤਾ ਕਰ ਰਿਹਾ ਹੈ। ਰੂਸ ਨਾਲ ਨੇੜਲੇ ਰਿਸ਼ਤੇ ਹੋਣ ਦੇ ਬਾਵਜੂਦ ਚੀਨ ਨੇ ਪੱਕੇ ਤੌਰ ’ਤੇ ਰੂਸ ਦਾ ਸਮਰਥਨ ਕਰਨ ਬਾਰੇ ਕੁਝ ਨਹੀਂ ਕਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly