ਨਵੀਂ ਦਿੱਲੀ, (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 2022-23 ਦਾ ਆਮ ਬਜਟ ਕੌਮੀ ਸਿੱਖਿਆ ਨੀਤੀ ਨੂੰ ਲਾਗੂ ਕਰਨ ’ਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਕੌਮੀ ਡਿਜੀਟਲ ਯੂਨੀਵਰਸਿਟੀ ਦੀ ਸਥਾਪਨਾ ਨਾਲ ਵਿਦਿਅਕ ਅਦਾਰਿਆਂ ’ਚ ਸੀਟਾਂ ਦੀ ਕਮੀ ਦੀ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ। ਕੇਂਦਰੀ ਬਜਟ ਦੇ ਹਾਂ-ਪੱਖੀ ਅਸਰ ਬਾਰੇ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬਜਟ ਸਿੱਖਿਆ ਖੇਤਰ ਦੇ ਪੰਜ ਪੱਖਾਂ ਵਧੀਆ ਸਿੱਖਿਆ ਦੇ ਆਲਮੀਕਰਨ, ਹੁਨਰ ਵਿਕਾਸ, ਸ਼ਹਿਰੀ ਯੋਜਨਾਬੰਦੀ ਅਤੇ ਡਿਜ਼ਾਈਨ, ਕੌਮਾਂਤਰੀਕਰਨ ਅਤੇ ਐਨੀਮੇਨਸ਼ਨ ਵਿਜ਼ੁਅਲ ਇਫੈਕਟਸ ਗੇਮਿੰਗ ਕੌਮਿਕ ’ਤੇ ਕੇਂਦਰਿਤ ਹੈ।
ਆਲਮੀ ਮਹਾਮਾਰੀ ਦੇ ਸਮੇਂ ’ਚ ਸਿੱਖਿਆ ਪ੍ਰਣਾਲੀ ਡਿਜੀਟਲੀ ਪ੍ਰਦਾਨ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ’ਚ ਡਿਜੀਟਲ ਪਾੜਾ ਤੇਜ਼ੀ ਨਾਲ ਘੱਟ ਹੋ ਰਿਹਾ ਹੈ। ਉਨ੍ਹਾਂ ਸਿੱਖਿਆ ਮੰਤਰਾਲੇ, ਯੂਜੀਸੀ ਅਤੇ ਏਆਈਸੀਟੀਈ ਤੇ ਡਿਜੀਟਲ ਯੂਨੀਵਰਿਸਟੀ ਨਾਲ ਜੁੜੀਆਂ ਸਾਰੀਆਂ ਧਿਰਾਂ ਨੂੰ ਸੱਦਾ ਦਿੱਤਾ ਕਿ ਉਹ ਪ੍ਰਾਜੈਕਟ ’ਤੇ ਤੇਜ਼ੀ ਨਾਲ ਕੰਮ ਕਰਨ। ‘ਈ-ਸਿਖਿਆ, ਵਨ ਕਲਾਸ, ਵਨ ਚੈਨਲ, ਡਿਜੀਟਲ ਲੈਬਸ ਅਤੇ ਡਿਜੀਟਲ ਯੂਨੀਵਰਸਿਟੀ ਜਿਹੇ ਬੁਨਿਆਦੀ ਢਾਂਚੇ ਨਾਲ ਨੌਜਵਾਨਾਂ ਨੂੰ ਬਹੁਤ ਲਾਭ ਹੋਵੇਗਾ।’ ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ਪ੍ਰਧਾਨ ਮੰਤਰੀ ਨੇ ਸਿੱਖਿਆ ਦੇ ਮਾਧਿਅਮ ਅਤੇ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਮਾਂ ਬੋਲੀ ਨਾਲ ਜੋੜਨ ਲਈ ਕਿਹਾ। ‘ਕਈ ਸੂਬਿਆਂ ’ਚ ਮੈਡੀਕਲ ਅਤੇ ਤਕਨੀਕੀ ਸਿੱਖਿਆ ਸਥਾਨਕ ਭਾਸ਼ਾਵਾਂ ’ਚ ਦਿੱਤੀ ਜਾ ਰਹੀ ਹੈ। ਸਥਾਨਕ ਭਾਰਤੀ ਭਾਸ਼ਾਵਾਂ ’ਚ ਡਿਜੀਟਲ ਰੂਪ ’ਚ ਵਧੀਆ ਸਮੱਗਰੀ ਤਿਆਰ ਕਰਨ ਦੀ ਰਫ਼ਤਾਰ ਹੋਣੀ ਚਾਹੀਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly