(ਸਮਾਜ ਵੀਕਲੀ)
ਆਗੀ ਚੋਣਾਂ ਵਾਲੀ ਰੁੱਤ, ਬਣ ਬੈਠਿਓ ਨਾਂ ਬੁੱਤ,
ਤੋੜ ਬੁੱਲਾਂ ਵਾਲੀ ਚੁੱਪ ਨੂੰ ਸਵਾਲ ਪੁੱਛਿਓ
ਕਿੰਨੇ ਸਹੇ ਝੂਠੇ ਲਾਰੇ, ਕਦੇ ਸੋਚੇ ਜਾਂ ਵਿਚਾਰੇ,
ਇਹ ਜਿੱਤੇ ਤੁਸੀਂ ਹਾਰੇ ਜੋ ਮਲਾਲ ਪੁੱਛਿਓ
ਕੱਟ ਰਹੇ ਗਿਣ-ਗਿਣ, ਕਿਹੋ ਜਿਹੇ ਅੱਛੇ ਦਿਨ,
ਹੁੰਦੇ ਰਹੇ ਪਲ ਛਿਣ ਜੋ ਹਲਾਲ ਪੁੱਛਿਓ
ਕਦੇ ਹਿੰਮਤਾਂ ਨਾਂ ਹਾਰੇ, ਤਾਂ ਵੀ ਚੋਂਦੇ ਸਾਡੇ ਢਾਰੇ,
ਕਿੰਞ ਛੱਤੇ ਨੇ ਚੁਬਾਰੇ ਸਾਲੋ-ਸਾਲ ਪੁੱਛਿਓ
ਥੋਡੀ ਹੋਊ ਰਖਵਾਲੀ, ਭਰਦਾਂਗੇ ਝੋਲੀ ਖਾਲੀ,
ਜੋ ਕਹਿੰਦੇ ਨੇ ਅਕਾਲੀ ਗੱਲ ਤੋਲ ਨਾਪਿਓ
ਜੀਦ੍ਹੀ ਮੱਤ ਗਈ ਮਾਰੀ, ਕਪਤਾਨ ਸੀ ਖਿਡਾਰੀ,
ਮੰਗੇ ਕਾਂਗਰਸ ਵਾਰੀ ਚਿੱਠਾ ਖੋਲ ਵਾਚਿਓ
ਸਾਡੇ ਤੁਸੀਂ ਮਾਈ ਬਾਪ, ਛੱਡਦਾਂਗੇ ਐਸੀ ਛਾਪ
ਆਖੇ ਰੌਲਾ ਪਾ ਜੋ ਆਪ ਵਾਲੇ ਬੋਲ ਭਾਂਪਿਓ
ਬਣਾਈ ਬੀਜੇਪੀ ਨੇ ਨੀਤੀ, ਲਾਕੇ ਰੁੱਸਿਆਂ ਨਾ’ ਪ੍ਰੀਤੀ,
ਕਿਹੜੀ ਦੇਕੇ ਜੋ ਤਬੀਤੀ ਕੀਤੇ ਕੋਲ ਜਾਂਚਿਓ
ਗੁੜ ਨਾਲ਼ੋਂ ਮਿੱਠਾ, ਜੋ ਪੰਜਾਬ ਸੀਗਾ ਡਿੱਠਾ,
ਕੀਤਾ ਕੌੜਾ ਵੇਚ ਚਿੱਟਾ ਤੱਕੜੀ ਨੇ ਤੋਲਕੇ
ਰੁਜ਼ਗਾਰ ਜਦੋਂ ਮੰਗੇ, ਮਿਲੇ ਪੁਲਸ ਦੇ ਡੰਡੇ,
ਵਰਤੇ ਨੇ ਹੱਥਕੰਡੇ ਪੂਰਾ ਪੰਜਾ ਖੋਲ੍ਹਕੇ
ਸਵਾਰੂ ਜਾਂ ਵਿਗਾੜੂ, ਦੇਖੋ ਦਿੱਲੀ ਦਾ ਜੁਗਾੜੂ,
ਤੁਸੀਂ ਚੱਕਣਾ ਜੇ ਝਾੜੂ ਨਬਜ਼ਾਂ ਟਟੋਲਕੇ
ਅਜੇ ਸੱਜਰੀ ਹੀ ਗੱਲ, ਪਏ ਸੀਨਿਆਂ ਚ’ ਸੱਲ
ਕਾਹਤੋਂ ਫੜਨਾਂ ਕਮਲ ਚਿੱਕੜ ਫ਼ਰੋਲਕੇ
ਕੌਣ ਪੁੱਛੂ ਹਾਲ ਚਾਲ, ਕਿਹੜਾ ਖੜੂ ਸਾਡੇ ਨਾਲ,
ਆਉਣ ਵਾਲੇ ਪੰਜ ਸਾਲ ਦੇ ਹਾਲਾਤ ਸੋਚ ਲਿਓ
ਪਛਾਣ ਲੈਣਾ ਚੰਗਾ ਮੰਦਾ, ਪਾ ਨਾਂ ਲੈਣਾ ਗਲ ਫੰਦਾ,
ਦੇਣਾ ਪਰਖ ਕੇ ਬੰਦਾ ਕੀਦ੍ਹਾ ਸਾਥ ਸੋਚ ਲਿਓ
ਤੁਸੀਂ ਵਿਕਗੇ ਜੇ ਅੱਜ, ਰੋਟੀ ਮਿਲਣੀ ਨਾਂ ਰੱਜ,
ਰੋਣਾ ਪੈਣਾ ਕਿਸੇ ਪੱਜ ਦਿਨ ਰਾਤ ਸੋਚ ਲਿਓ
ਹੁਣ ਖਿੱਚਕੇ ਲਕੀਰ, ਮੰਨ ਲੈਣਾ ਜੀ ਅਖੀਰ,
ਜੋ ਵੀ ਕਹੇਗੀ ਜ਼ਮੀਰ ਉਹੀ ਬਾਤ ਸੋਚ ਲਿਓ
“ਬਾਠ ਬਲਵੀਰ”
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly