(ਸਮਾਜ ਵੀਕਲੀ)
ਨਿੱਕੀਆਂ ਵੱਡੀਆਂ ਮੰਜਲਾਂ ਦੇ ਲਈ ਪੈਰ ਵੀ ਤੁਰਨੋਂ ਉੱਠਦਾ ਨਹੀਂ !
ਸੁਣ ਜਓ ਸੂਰਜ ਦੀਓ ਤਪਦੀ ਕਿਰਨੋਂ,ਸੰਤਾਪ ਅੰਦਰਲਾ ਮੁੱਕਦਾ ਨਹੀਂ !
ਮੇਰੇ ਅੰਦਰ ਮੇਰੇ ਮਾਲਕਾ,ਕਾਹਦੀ ਦਿਲਾਂ ਲਈ ਕੱਚੀ ਜਿਹੀ ਯਾਰੀ ਐ,
ਬਣਿਆਂ ਭਾਵੇਂ ਮੈਂ ਨਹੀਂ ਕਿਸੇ ਲਈ ਫਿਰ ਵੀ ਨਾ ਹੀਂ ਕਿਤੇ ਵਿਗਾੜੀ ਐ,
ਦੇਖ ਲਵਾਂ ਜੇ ਤੁਰਦਾ ਕੋਈ ਪਰਛਾਵਾਂ, ਤਾਂ ਉਹ ਵੀ ਤੁਰਨੋਂ ਰੁਕ ਬਹਿੰਦਾ,
ਪੁੱਛਾਂ ਕਿਤੇ ਸਵਾਲ ਜਾ ਸਰਾਸਰ,ਉਹ ਵੀ ਵੱਢੂ ਖਾਊਂ ਕਰਨ ਹੀ ਪੈਂਦਾ!
ਵੈਦ ਕੀ ਜਾਣੇ ਰੂਹ ਮੇਰੀ ਨੂੰ,ਅੰਦਰੋਂ ਕੀ ਕੁੱਝ ਕੀ ਕੁੱਝ ਦੁਖਦਾ ਨਹੀਂ ….
ਜੰਗਲ,ਬੇਲਿਆਂ ‘ਚ ਰੋਜਾਨਾ ਪੰਛੀ ਚਹਿਕਦੇ,ਰੌਣਕ ਢੇਰਾਂ ਢੇਰ ਰਹੇ,
ਪਰ ਮੇਰੀ ਅਣਖ ਦੇ ਮੂੰਹ -ਬੋਲੇ ਜ਼ਜਬੇ,ਮੇਰੇ ਲਈ ਬੁੱਲ੍ਹ ਕਾਹਤੋਂ ਟੇਰ ਰਹੇ,
ਰੁੱਖਾਂ ਦੀਆਂ ਮਿੱਠੀਆਂ ਸਰਨਾਹਟਾਂ,ਸਦਾ ਅਲੌਕਿਕ ਰੀਝਾਂ ਨੱਚਦੀਆਂ,
ਮੈਂ ਨਿਰਮੋਹਾ ‘ਕੱਲਾ ਵਿਚਰਾਂ,ਇਛਾਵਾਂ ਭਿੜ ਭਿੜ ਕੋਲੇ ਬਣ ਮੱਚਦੀਆਂ,
ਮੇਰੇ ਨਾਲੋਂ ਤਾਂ ਕੰਧਾਂ ਚੰਗੀਆਂ, ਜਿਹਨਾਂ ਦਾ ਸਾਹ ਕਦੇ ਘੁੱਟਦਾ ਨਹੀਂ…
ਦਰਿਆਵਾਂ ਲਈ ਪਰਵਾਸੀ ਆਉਂਦੇ,ਪੰਖੇਰੂ ਸਜ ਸਜ ਟਹਿਲਦੇ ਆ,
ਜਦ ਕਦੇ ਮੰਗਵੀਂ ਬਾਰਸ਼ ਆ ਜਏ,ਡੋਡੀਆਂ ਚੋਂ ਫੁੱਲ ਕਿਐ ਮਹਿਕਦੇ ਆ,
ਨੂਰੀ ਇਸ਼ਕ ਲਈ ਜੋ ਸ਼ਬਦ ਸਿੰਜੇ ਸੀ,ਮੇਰੇ ਨਾਲ ਬੇਹੋਸ਼ੀ ਕੱਟ ਰਹੇ ਨੇ,
ਇਸ਼ਕ,ਇਸ਼ਕ ਜਦੋਂ ਹੇਕਾਂ ਮਾਰੀਆਂ,ਉਹ ਸਾਰੇ ਰਲ਼ ਮੂੰਹ ਵੱਟ ਰਹੇ ਨੇ,
ਪੰਛੀ ਵੀ ਹੋਏ ਐਨੇ ਗੁਸੈਲ਼ੇ ਕਿ, ਖੁੱਲ੍ਹੀ ਹਥੇਲੀ ‘ਤੇ ਕੋਈ ਆ ਢੁਕਦਾ ਨਹੀਂ…
ਤੀਆਂ ਤਿੰਝਣ,ਪੀਘਾਂ,ਮੇਲੇ,ਬੱਸ ਮਿਰ ਲਈ ਭਟਕਦੀਆਂ ਮੂਕ ਤਸਵੀਰਾਂ ਨੇ,
ਮੈਨੂੰ ਖੁਦ ਨੂੰ ਪਹਿੰਨੇ ਕੀਮਤੀ ਕੱਪੜੇ,ਛੋਹਲੀਂ ਫਟ ਬਣ ਜਾਂਦੀਆਂ ਲੀਰਾਂ ਨੇ
ਜਿੰਦਗੀ ਬਣੀ ਨਾ ਮੌਲਿਕ ਕਤਰੇ,ਮਿਰਗ-ਤ੍ਰਿਸ਼ਨਾ ਬਣ ਬਣ ਬੌਹੜੀ ਸਦਾ,
ਮਨ ਵੇਗਾਂ ਦੇ ਖੰਭਾਂ ਨੂੰ ਕੀ ਦਿਲਾਸਾ,ਕਿ ਤਜਵੀਜ਼ ਵੀ ਉਂਜ ਨਾ ਔਹੜੀ ਸਦਾ ,
ਮੇਰੇ ਭਾਵਾਂ ਨੇ ਜੇ ਸੋਨਾਂ ਵੀ ਪਾਇਆ,ਉਹ ਲੋਹੇ ਦੇ ਮੁੱਲ ਤੋਂ ਵੀ ਕੁੱਝ ਦਾ ਨਹੀਂ …..!
ਸੁਖਦੇਵ ਸਿੱਧੂ
ਖਬਰਾਂ ਸ਼ੇਅਰ ਕਰੋ ਜੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly