ਭਗਵੰਤ ਮਾਨ ਦੇ ਮੋਢਿਆਂ ’ਤੇ ‘ਆਪ’ ਦੇ ਚੋਣ ਪ੍ਰਚਾਰ ਦਾ ਭਾਰ

Bhagwant Mann

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਚੋਣ ਪ੍ਰਚਾਰ ਲਈ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਸਟਾਰ ਪ੍ਰਚਾਰਕਾਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਹਨ ਪਰ ਆਮ ਆਦਮੀ ਪਾਰਟੀ (ਆਪ) ਬਿਨਾਂ ਸਟਾਰ ਪ੍ਰਚਾਰਕਾਂ ਤੋਂ ਸੂਬੇ ’ਚ ਚੋਣ ਪ੍ਰਚਾਰ ਕਰ ਰਹੀ ਹੈ।ਪੰਜਾਬ ਦੀਆਂ ਚੋਣਾਂ ਲੜ ਰਹੀ ਸਿਆਸੀ ਪਾਰਟੀਆਂ ਕੋਲ ਸਥਾਨਕ ਸਟਾਰ ਪ੍ਰਚਾਰਕ ਹਨ ਪਰ ‘ਆਪ’ ਕੋਲ ਇੱਕੋ-ਇੱਕ ਸਥਾਨਕ ਸਟਾਰ ਪ੍ਰਚਾਰਕ ਭਗਵੰਤ ਮਾਨ ਹੀ ਹੈ।

ਇਸ ਤੋਂ ਇਲਾਵਾ ਪੰਜਾਬੀ ਬੋਲੀ ਬੋਲਣ ਵਾਲਾ ਕੋਈ ਵੱਡੇ ਚਿਹਰਾ ਨਹੀਂ ਹੈ। ਇਸ ਲਈ ਭਗਵੰਤ ਮਾਨ ਦੇ ਜ਼ਿੰਮੇ ਆਪਣੇ ਹਲਕੇ ਧੂਰੀ ਤੋਂ ਇਲਾਵਾ ਪੂਰੇ ਸੂਬੇ ਦੀ ਜ਼ਿੰਮੇਵਾਰੀ ਹੈ। ਮਾਨ ਕਦੇ ਮਾਲਵਾ ਅਤੇ ਕਦੇ ਦੁਆਬਾ ’ਚ ਪਹੁੰਚ ਰਹੇ ਹਨ। ਮਾਝੇ ਦੀ ਵਾਰੀ ਹਾਲੇ ਬਾਕੀ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਭਾਵੇਂ ਸਮੇਂ-ਸਮੇਂ ’ਤੇ ਪੰਜਾਬ ਪਹੁੰਚ ਕੇ ਚੋਣ ਪ੍ਰਚਾਰ ਕਰ ਰਹੇ ਹਨ ਪਰ ਚੋਣ ਪ੍ਰਚਾਰ ਦਾ ਸਾਰਾ ਬੋਝ ਭਗਵੰਤ ਮਾਨ ਦੇ ਮੋਢਿਆਂ ’ਤੇ ਦਿਖਾਈ ਦੇ ਰਿਹਾ ਹੈ। ਇਸੇ ਦੇ ਚੱਲਦਿਆਂ ਭਗਵੰਤ ਮਾਨ ਰੋਜ਼ਾਨਾ ਤਿੰਨ ਤੋਂ ਚਾਰ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਆਪਣੇ ਹਲਕੇ ਧੂਰੀ ਤੋਂ ਸ਼ੁਰੂ ਕੀਤੀ ਸੀ।

ਉਸ ਤੋਂ ਬਾਅਦ ਉਹ ਤਿੰਨ ਦਿਨਾਂ ਵਿੱਚ 11 ਵਿਧਾਨ ਸਭਾ ਹਲਕਿਆਂ ਵਿੱਚ ਪਹੁੰਚ ਚੁੱਕੇ ਹਨ। ਇਨ੍ਹਾਂ ’ਚੋਂ ਅੱਠ ਹਲਕੇ ਮਾਲਵਾ ਖੇਤਰ ਨਾਲ ਸਬੰਧਤ ਹਨ ਅਤੇ ਤਿੰਨ ਦੁਆਬਾ ਖੇਤਰ ਦੇ ਹਨ। ਆਉਣ ਵਾਲੇ ਦਿਨਾਂ ਵਿੱਚ ਭਗਵੰਤ ਮਾਨ ਸੂਬੇ ਦੇ ਹੋਰ ਹਲਕਿਆਂ ਵਿਚ ਪਹੁੰਚ ਕਰਨਗੇ। ਪਰ 12-13 ਦਿਨਾਂ ਵਿੱਚ 100 ਤੋਂ ਵੱਧ ਵਿਧਾਨ ਸਭਾ ਹਲਕਿਆਂ ’ਚ ਪਹੁੰਚ ਕਰਨਾ ਆਸਾਨ ਨਹੀਂ। ਸੂਬੇ ’ਚ ਆਮ ਆਦਮੀ ਪਾਰਟੀ ਦੀ ਹਵਾ ਹੋਣ ਕਰਕੇ ਪੁਰਾਣੇ ਵਿਧਾਇਕਾਂ ਲਈ ਜਿੱਤਣਾ ‘ਮੁੱਛ ਦਾ ਸਵਾਲ’ ਬਣ ਚੁੱਕਿਆ ਹੈ। ਇਸੇ ਕਰਕੇ ਪਾਰਟੀ ਦੇ ਮੌਜੂਦਾ ਸਾਰੇ ਹੀ ਵਿਧਾਇਕ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਹੀ ਚੋਣ ਪ੍ਰਚਾਰ ’ਚ ਲੱਗੇ ਹੋਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਾਦੇ ਬਾਦਲ ਲਈ ਚੋਣ ਪ੍ਰਚਾਰ ’ਤੇ ਤੁਰਿਆ ਅਨੰਤਵੀਰ
Next articleਮਜੀਠੀਆ ਨੇ ਸਿੱਧੂ ਦੇ ਖੇਮੇ ’ਚ ਸੰਨ੍ਹ ਲਾਈ