(ਸਮਾਜ ਵੀਕਲੀ)
ਕੁੜੀਏ ਨੀ ਕੁੜੀਏ
ਨੀ ਮੋਹ ਮਮਤਾ ਦੀਏ ਪੁੜੀਏ
ਸਹੁਰੇ ਘਰ ਵੱਲ ਚਲੀਏ ਨੀ
ਨਾਜਾਂ ਦੇ ਨਾਲ ਪਲੀਏ ਨੀ
ਬਾਬਲ ਤੇਰਾ ਤੇਰੀ ਖਾਤਰ ਡਰਦਾ ਰਹਿੰਦਾ ਨੀ
ਘਰ ਦੀਆਂ ਕੰਧਾਂ ਉੱਚੀਓ-ਉੱਚੀ ਕਰਦਾ ਰਹਿੰਦਾ ਨੀ
ਤੈਨੂੰ ਦੇਂਦਾ ਖੁੱਲ੍ਹਾਂ ਕਿੱਡਾ ਜੇਰਾ ਕਰਕੇ ਨੀ
ਘਰ ਨਾ ਮੁੜੀਂ ਤੂੰ ਮੇਰੀ ਬੱਚੀਏ ਹਨੇਰਾ ਕਰਕੇ ਨੀ
ਵੀਰਾ ਤੇਰਾ ਅਣਖਾਂ ਦੇ ਨਾਲ ਯਾਰਾਂ ਵਿੱਚ ਬਹਿੰਦਾ ਏ
ਭੈਣ ਮੇਰੀ ਹੈ ਕਾਲਜ ਪੜ੍ਹਦੀ,ਆਕੜ ਨਾਲ ਕਹਿੰਦਾ ਏ
ਇਸ਼ਕੇ ਖਾਤਰ ਤੂੰ ਮਾਵਾਂ ਦੇ ਪੁੱਤ ਮਰਵਾਈਂ ਨਾ
ਚੰਨ ਜਿਹੀ ਤੂੰ ਸੋਹਣੀ,ਨੀ ਚੰਨ ਕੋਈ ਚੜ੍ਹਾਈਂ ਨਾ
ਇਸ਼ਕ ਮੁਸ਼ਕ ਦੇ ਮਸਲੇ ਕਮਲੀਏ ਰੋਲਣ ਪੱਗਾਂ ਨੂੰ
ਸਹੁਰੇ ਘਰ ਜਾ ਬਾਲੀਂ ਤੂੰ ਰੱਖ ਸਾਂਭ ਕੇ ਅੱਗਾਂ ਨੂੰ
ਭੈਣ ਤੇਰੀ ਤੈਥੋਂ ਛੋਟੀ ਜੋ
ਤੇਰੀਆਂ ਪੈੜਾਂ ਤੇ ਤੁਰਦੀ ਨੀ
ਮਾਂ ਦੇ ਸਾਹ ਸੁੱਕੇ ਰਹਿੰਦੇ
ਤੇਰੇ ਕਦਮਾਂ ਤੇ ਝੁਰਦੀ ਨੀ
ਇੱਜ਼ਤ ਕਮਾਈਂ,ਇੱਜ਼ਤਾਂ ਦੇ ਨਾਲ ਸਹੁਰੇ ਜਾਈਂ ਨੀ
ਬਾਬੁਲ ਤੇਰਾ ਪੱਗਾਂ ਵਾਲਾ ਲੀਕ ਨਾ ਲਾਈਂ ਨੀ
ਜੀਹਦੇ ਹੈਂ ਤੂੰ ਲੜ ਲੱਗੀ ਸਾਰੇ ਹੱਕ ਦੇ ਉਹਨੂੰ ਨੀ
ਸਿਰ ਦਾ ਤਾਜ ਬਣਾ ਕੇ ਚੰਨ ਵਾਂਗੂੰ ਰੱਖ ਲੈ ਉਹਨੂੰ ਨੀ
ਸਹੁਰੇ ਘਰ ਤੂੰ ਜਾ ਕੇ
ਵੰਡੀਆਂ ਪਾਈਂ ਨਾ
ਮਾਂ ਦਾ ਪੁੱਤ ਮਾਂ ਛੱਡ ਦੇ
ਐਸਾ ਵਕਤ ਲਿਆਈਂ ਨਾ
ਮਾਂ ਦਾ ਪੁੱਤ ਕੋਈ ਤੇਰੇ ਕਰਕੇ
ਮਾਂ ਤੋਂ ਦੂਰ ਨਾ ਹੋਵੇ ਨੀ
ਔਰਤ ਦਾ ਨਾਂ ਵੰਡਾਂ ਲਈ
ਮਸ਼ਹੂਰ ਨਾ ਹੋਵੇ ਨੀ
ਭਾਈਆਂ ਨਾਲੋਂ ਭਾਈਆਂ ਨੂੰ
ਕਦੇ ਵਿਛੋੜੇ ਨਾ ਪਾਵੀਂ
ਇੱਕੋ ਘਰ ਦੇ ਵਿਹੜੇ ਵਿੱਚ
ਇੱਟਾਂ ਰੋੜੇ ਨਾ ਪਾਵੀਂ
ਔਰਤ ਨਾਲ ਹੈ ਮਰਦ ਤੇ
ਮਰਦ ਔਰਤ ਨਾਲ ਫੱਬਦੇ ਨੀ
ਮੁਹੱਬਤਾਂ ਭਰੇ ਘਰਾਂ ਵਿੱਚ
ਵਾਸੇ ਹੁੰਦੇ ਰੱਬ ਦੇ ਨੀ
ਮੁਹੱਬਤਾਂ ਭਰੇ ਘਰਾਂ ਵਿੱਚ
ਵਾਸੇ ਹੁੰਦੇ ਰੱਬ ਦੇ ਨੀ
ਮੀਨਾ ਮਹਿਰੋਕ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly