ਵਾਸ਼ਿੰਗਟਨ (ਸਮਾਜ ਵੀਕਲੀ): ਰੂਸ ਵੱਲੋਂ ਯੂਕਰੇਨ ’ਤੇ ਸੈਨਿਕ ਕਾਰਵਾਈ ਕੀਤੇ ਜਾਣ ਵਧਦੇ ਖਦਸ਼ਿਆਂ ਦੌਰਾਨ ਪੈਂਟਾਗਨ (ਅਮਰੀਕਾ) ਨੇ 8,500 ਸੈਨਿਕਾਂ ਨੂੰ ‘ਨਾਟੋ’ ਬਲ ਦੇ ਹਿੱਸੇ ਵਜੋਂ ਯੂਰੋਪ ਵਿੱਚ ਤਾਇਨਾਤ ਹੋਣ ਵਾਸਤੇ ਤਿਆਰ ਰਹਿਣ ਲਈ ਹੁਕਮ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਰੋਪ ਦੇ ਮੁੱਖ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਆਪਣੇ ਸਹਿਯੋਗੀ ਦੇਸ਼ਾਂ ਨਾਲ ਇੱਕਜੁਟਤਾ ਦਿਖਾਈ।
ਸੋਮਵਾਰ ਨੂੰ ਅਮਰੀਕੀ ਸੈਨਿਕਾਂ ਯੂਰੋਪ ਵਿੱਚ ਤਾਇਨਾਤ ਕਰਨ ਲਈ ਤਿਆਰ ਰਹਿਣ ਦੇ ਹੁਕਮ ਜਾਰੀ ਕੀਤੇ ਜਾਣ ਦੌਰਾਨ ਦੂਜੇ ਪਾਸੇ ਅਜਿਹੀ ਉਮੀਦ ਘੱਟ ਹੀ ਦਿਖਾਈ ਦੇ ਰਹੀ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਆਪਣੇ ਉਸ ਸਖ਼ਤ ਰੁਖ ਤੋਂ ਪਿੱਛੇ ਹਣਗੇ, ਜਿਸ ਨੂੰ ਬਾਇਡਨ ਨੇ ਗੁਆਂਢੀ ਮੁਲਕ ’ਤੇ ਹਮਲੇ ਦੇ ਖ਼ਤਰਾ ਵਾਲਾ ਰੁਖ ਦੱਸਿਆ ਹੈ।
ਇਸੇ ਦੌਰਾਨ ਯੂਕਰੇਨ ਦੇ ਭਵਿੱਖ ਦੇ ਨਾਲ ਨਾਟੋ ਗੱਠਜੋੜ ਬਲ ਦੀ ਭਰੋਸੇਯੋਗਤਾ ਵੀ ਦਾਅ ’ਤੇ ਹੈ, ਜਿਹੜੀ ਅਮਰੀਕੀ ਰਣਨੀਤੀ ਦੇ ਕੇਂਦਰ ਵਿੱਚ ਹੈ। ਪੂਤਿਨ ਇਸ ਨੂੰ ਠੰਢੀ ਜੰਗ (ਕੋਲਡ ਵਾਰ) ਦੀ ਯਾਦ ਵਜੋਂ ਅਤੇ ਰੂਸੀ ਸੁਰੱਖਿਆ ਲਈ ਖ਼ਤਰੇ ਵਜੋਂ ਦੇਖ ਰਹੇ ਹਨ, ਜਦਕਿ ਬਾਇਡਨ ਦਾ ਮੰਨਣਾ ਹੈ ਕਿ ਇਹ ਸੰਕਟ ਪੂਤਿਨ ਵਿਰੁੱਧ ਇੱਕਜੁਟ ਹੋ ਕੇ ਕੋਸ਼ਿਸ਼ ਕਰਨ ਲਈ ਉਨ੍ਹਾਂ ਦੀ ਸਮਰੱਥਾ ਦੀ ਵੱਡੀ ਪਰਖ ਹੈ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜਾਨ ਕਿਰਬੀ ਨੇ ਕਿਹਾ ਕਿ ਸੰਭਾਵਿਤ ਤਾਇਨਾਤੀ ਲਈ 8,500 ਸੈਨਿਕਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਯੂਕਰੇਨ ਵਿੱਚ ਨਹੀ ਬਲਕਿ ਰੂਸ ਦੀ ਕਿਸੇ ਵੀ ਹਮਲਾਵਰ ਸਰਗਰਮੀ ਦੀ ਰੋਕਥਾਮ ਲਈ ਇੱਕਜੁਟਤਾ ਪ੍ਰਗਟਾਉਣ ਵਾਲੇ ਨਾਟੋ ਬਲ ਦੇ ਹਿੱਸੇ ਵਜੋਂ ਪੂਰਬੀ ਯੂਰੋਪ ਵਿੱਚ ਭੇਜਿਆ ਜਾ ਸਕਦਾ ਹੈ। ਦੂਜੇ ਪਾਸੇ ਰੂਸ ਨੇ ਹਮਲੇ ਦੀ ਯੋਜਨਾ ਤੋਂ ਇਨਕਾਰ ਕੀਤਾ ਹੈ। ਰੂਸ ਨੇ ਕਿਹਾ ਕਿ ਪੱਛਮੀ ਦੇਸ਼ਾਂ ਵੱਲੋਂ ਲਾਏ ਦੋਸ਼ ‘ਨਾਟੋ’ ਦੀਆਂ ਖ਼ੁਦ ਦੀਆਂ ਯੋਜਨਬੱਧ ਉਕਸਾਵੇ ਵਾਲੀਆਂ ਕਾਰਵਾਈਆਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਹਨ।
ਬਾਇਡਨ ਨੇ ਰੂਸੀ ਸੈਨਿਕ ਸਰਗਰਮੀਆਂ ਬਾਰੇ ਯੂਰੋਪ ਦੇ ਕਈ ਨੇਤਾਵਾਂ ਨਾਲ ਵੀਡੀਓ ਕਾਲ ਰਾਹੀਂ 80 ਮਿੰਟ ਗੱਲਬਾਤ ਕੀਤੀ। ਉਨ੍ਹਾਂ ਵ੍ਹਾਈਟ ਹਾਊਸ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਮੇਰੀ ਬਹੁਤ, ਬਹੁਤ ਵਧੀਆ ਮੀਟਿੰਗ ਹੋਈ। ਸਾਰੇ ਯੂਰੋਪੀ ਨੇਤਾਵਾਂ ਵਿੱਚ ਪੂਰੀ ਤਰ੍ਹਾਂ ਸਰਬਸੰਮਤੀ ਹੈ।’’ ਵ੍ਹਾਈਟ ਹਾਊਸ ਨੇ ਦੱਸਿਆ ਕਿ ਯੂਰੋਪੀ ਨੇਤਾਵਾਂ ਨੇ ਸੰਕਟ ਦੇ ਕੂਟਨੀਤਕ ਹੱਲ ਲਈ ਆਪਣੀ ਇੱਛਾ ਪ੍ਰਗਟਾਈ ਹੈ ਅਤੇ ਨਾਲ ਹੀ ਰੂਸ ਦੀਆਂ ਹੋਰ ਸਰਗਰਮੀਆਂ ’ਤੇ ਰੋਕਥਾਮ ਦੀਆਂ ਕੋਸ਼ਿਸ਼ਾਂ ’ਤੇ ਵੀ ਚਰਚਾ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly