ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਹਲਕੇ ਵਿਚ ਫਲੈਗ ਮਾਰਚ

ਸਥਾਨਕ ਦਾਣਾ ਮੰਡੀ ਵਿਖੇ ਫਲੈਗ ਮਾਰਚ ਮੌਕੇ ਸੁਰੱਖਿਆ ਦਸਤਿਆਂ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ. ਸ੍ਰੀ ਦਿਆਮਾ ਹਰੀਸ਼ ਓਮ ਪ੍ਰਕਾਸ਼ ਤੇ ਹੋਰ।

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਤੇ ਸਮਾਜ
ਵਿਰੋਧੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਦੇ ਹੁਕਮ

ਪੰਜਾਬ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ 140 ਜਵਾਨਾਂ ਨੇ ਲਿਆ ਭਾਗ

ਕਪੂਰਥਲਾ (ਕੌੜਾ)-ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਸ਼ਾਂਤੀਪੂਰਨ ਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜ੍ਹਨ ਦੇ ਮੰਤਵ ਨਾਲ ਅੱਜ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ. ਕਪੂਰਥਲਾ ਸ੍ਰੀ ਦਿਆਮਾ ਹਰੀਸ਼ ਓਮ ਪ੍ਰਕਾਸ਼ ਦੀ ਅਗਵਾਈ ਹੇਠ ਪੰਜਾਬ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਦਸਤਿਆਂ ਵਲੋਂ ਪੂਰੇ ਹਲਕੇ ਵਿਚ ਫਲੈਗ ਮਾਰਚ ਕੱਢਿਆ ਗਿਆ। ਫਲੈਗ ਮਾਰਚ ਵਿਚ ਸਟੈਟਿਕ ਸਰਵੀਲੈਂਸ ਟੀਮਾਂ, ਵੀਡੀਓ ਟੀਮਾਂ ਤੇ ਉੱਡਣ ਦਸਤੇ ਵੀ ਸ਼ਾਮਿਲ ਸਨ।

ਸਥਾਨਕ ਦਾਣਾ ਮੰਡੀ ਵਿਖੇ ਫਲੈਗ ਮਾਰਚ ਸ਼ੁਰੂ ਹੋਣ ਮੌਕੇ ਸੁਰੱਖਿਆ ਦਸਤਿਆਂ ਨੂੰ ਸੰਬੋਧਨ ਕਰਦੇ ਹੋਏ ਜਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਅਧਿਕਾਰੀ ਤੇ ਕਰਮਚਾਰੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਿਰਪੱਖ ਰਹਿਕੇ ਅਮਨ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਚੋਣ ਜਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਫਲੈਗ ਮਾਰਚ ਦਾ ਮੁੱਖ ਮਕਸਦ ਲੋਕਾਂ ਅੰਦਰ ਵਿਸ਼ਵਾਸ਼ ਨੂੰ ਹੋਰ ਪੱਕਾ ਕਰਨਾ ਹੈ ਤਾਂ ਜੋ ਉਹ ਬਿਨ੍ਹਾਂ ਕਿਸੇ ਡਰ ਜਾਂ ਲਾਲਚ ਤੋਂ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਸਕਣ।

ਐਸ.ਐਸ.ਪੀ. ਕਪੂਰਥਲਾ ਨੇ ਕਿਹਾ ਕਿ ਚੋਣਾਂ ਸਬੰਧੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਪੰਜਾਬ ਪੁਲਿਸ ਤੇ ਅਰਧ ਸੈਨਿਕ ਬਲਾਂ ਦੀ ਲੋੜੀਂਦੀ ਗਿਣਤੀ ਵਿਚ ਫੋਰਸ ਮੌਜੂਦ ਹੈ। ਉਨ੍ਹਾਂ ਚੋਣ ਅਮਲੇ ਨੂੰ ਕਿਹਾ ਕਿ ਉਹ ਬਿਨ੍ਹਾਂ ਕਿਸੇ ਦਬਾਅ ਤੇ ਪੱਖਪਾਤ ਤੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ।

ਫਲੈਗ ਮਾਰਚ ਸਥਾਨਕ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਡਡਵਿੰਡੀ ਫਾਟਕ, ਭੌਰ, ਸੈਚਾਂ, ਮੋਠਾਂਵਾਲ, ਲਾਟੀਆਂਵਾਲ, ਅਹਿਮਦਪੁਰ ਛੰਨਾਂ, ਨਸੀਰੇਵਾਲ, ਮਨਿਆਲਾ, ਅਮਰਜੀਤਪੁਰ, ਕਰਮਜੀਤਪੁਰ, ਗਿੱਲਾਂ, ਲੋਹੀਆਂ ਚੁੰਗੀ, ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਤਰਫਹਾਜ਼ੀ, ਕਬੀਰਪੁਰ, ਬੂਸੋਵਾਲ, ਲੋਧੀਵਾਲ, ਹਾਜੀਪੁਰ, ਮਹਿਜੀਦਪੁਰ, ਤਲਵੰਡੀ ਚੌਧਰੀਆਂ, ਬੂਲਪੁਰ, ਨਵਾਂ ਠੱਟਾ, ਮੁੰਡੀ ਮੋੜ, ਦੇਸਲ, ਸੁਰਖਪੁਰ, ਉੱਚਾ , ਭਵਾਨੀਪੁਰ ਰਾਹੀਂ ਗੁਜ਼ਰਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਦਿਤਿਆ ਉੱਪਲ, ਐਸ.ਪੀ. ਜਸਬੀਰ ਸਿੰਘ, ਐਸ.ਪੀ. ਜਗਜੀਤ ਸਿੰਘ ਸਰੋਆ, ਡੀ.ਐਸ.ਪੀ. ਸਰਵਣ ਸਿੰਘ , ਡੀ.ਐਸ.ਪੀ. ਰਾਜੇਸ਼ ਕੱਕੜ, ਤਹਿਸੀਲਦਾਰ ਸੁਲਤਾਨਪੁਰ ਲੋਧੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਨਤਮਸਤਕ
Next articleਇੱਕ ਸੁਪਨਾ